ਵੱਡੇ ਪਰਦੇ 'ਤੇ ਫ਼ਿਲਮਾਈ ਜਾਵੇਗੀ 65 ਮਜ਼ਦੂਰਾਂ ਦੀ ਜਾਨ ਬਚਾਉਣ ਵਾਲੇ ਇੰਜੀ. ਜਸਵੰਤ ਸਿੰਘ ਗਿੱਲ ਦੀ ਅਸਲ ਕਹਾਣੀ
33 ਵਰ੍ਹੇ ਪਹਿਲਾਂ ਅੱਜ ਦੇ ਦਿਨ ਹੋਇਆ ਸੀ ਇਹ ਆਪ੍ਰੇਸ਼ਨ
ਮੁੰਬਈ: ਇੱਕ ਕੋਲੇ ਦੀ ਖਾਣ ਵਿੱਚ ਫਸੇ 65 ਮਜ਼ਦੂਰਾਂ ਦੀ ਜਾਨ ਬਚਾਉਣ ਵਾਲੇ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਅਸਲ ਜ਼ਿੰਦਗੀ ਦੀ ਕਹਾਣੀ ਵੱਡੇ ਪਰਦੇ 'ਤੇ ਫ਼ਿਲਮਾਈ ਜਾਵੇਗੀ। ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਜਲਦ ਹੀ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਭੂਮਿਕਾ ਵਿਚ ਨਜ਼ਰ ਆਉਣਗੇ।
ਇਹ ਫਿਲਮ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਅਸਲ ਜ਼ਿੰਦਗੀ 'ਤੇ ਆਧਾਰਿਤ ਹੋਵੇਗੀ, ਜਿਨ੍ਹਾਂ ਨੇ 1989 'ਚ ਰਾਣੀਗੰਜ ਕੋਲਫੀਲਡ 'ਚ ਇਕ ਖਾਣ 'ਚ ਫਸੇ 64 ਮਜ਼ਦੂਰਾਂ ਦੀ ਜਾਨ ਬਚਾਈ ਸੀ। ਦੱਸ ਦੇਈਏ ਕਿ ਇਹ ਬਚਾਅ ਆਪ੍ਰੇਸ਼ਨ ਅੱਜ ਦੇ ਦਿਨ ਹੀ 33 ਵਰ੍ਹੇ ਪਹਿਲਾਂ ਹੋਇਆ ਸੀ। ਇਸ ਬਾਰੇ ਕੇਂਦਰੀ ਕੋਲ ਮੰਤਰੀ ਪ੍ਰਲਾਹਦ ਜੋਸ਼ੀ ਨੇ ਟਵੀਟ ਕਰਦਿਆਂ ਅੱਜ ਉਨ੍ਹਾਂ ਨੂੰ ਯਾਦ ਕੀਤਾ। ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਜ਼ਿੰਦਗੀ 'ਤੇ ਅਧਾਰਤ ਇਸ ਫ਼ਿਲਮ ਵਿਚ ਅਕਸ਼ੈ ਜਸਵੰਤ ਸਿੰਘ ਗਿੱਲ ਦੇ ਕਿਰਦਾਰ ਵਿਚ ਨਜ਼ਰ ਆਉਣਗੇ।
ਇਹ ਭਾਰਤੀ ਫਿਲਮ ਕੰਪਨੀ ਪੂਜਾ ਐਂਟਰਟੇਨਮੈਂਟ ਦੁਆਰਾ ਨਿਰਮਿਤ ਹੈ ਅਤੇ ਟੀਨੂੰ ਸੁਰੇਸ਼ ਦੇਸਾਈ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ, ਜਿਸ ਨੇ ਪਹਿਲਾਂ ਰੁਸਤਮ (2016) ਬਣਾਈ ਸੀ। ਹਾਲਾਂਕਿ ਪੂਜਾ ਐਂਟਰਟੇਨਮੈਂਟ ਨੇ ਇਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਪਰ ਅਕਸ਼ੈ ਕੁਮਾਰ ਦੇ ਪ੍ਰਸ਼ੰਸਕਾਂ ਨੇ ਉਹਨਾਂ ਦੇ ਲੁੱਕ ਨੂੰ ਕਲਿੱਕ ਕੀਤਾ। ਪ੍ਰੋਡਕਸ਼ਨ ਕੰਪਨੀ ਨੇ ਸ਼ੂਟ ਲਈ 100 ਏਕੜ ਤੋਂ ਵੱਧ ਜ਼ਮੀਨ ਲਈ ਹੈ। ਫਿਲਮ ਦੀ ਸ਼ੂਟਿੰਗ ਅਗਸਤ ਦੇ ਅੰਤ ਤੱਕ ਯੂਕੇ ਵਿਚ ਪੂਰੀ ਹੋਣ ਦੀ ਉਮੀਦ ਹੈ।
ਫਿਲਮ 'ਚ ਅਕਸ਼ੈ ਕੁਮਾਰ ਦੇ ਨਾਲ ਅਦਾਕਾਰਾ ਪਰਿਣੀਤੀ ਚੋਪੜਾ ਆਵੇਗੀ। ਪਰਿਣੀਤੀ ਜਸਵੰਤ ਗਿੱਲ ਦੀ ਪਤਨੀ ਦੇ ਕਿਰਦਾਰ 'ਚ ਨਜ਼ਰ ਆਵੇਗੀ, ਜਿਸ ਦਾ ਰੋਲ ਛੋਟਾ ਹੋਵੇਗਾ। ਇਸ ਫਿਲਮ 'ਚ ਅਕਸ਼ੇ ਕੁਮਾਰ ਅਤੇ ਪਰਿਣੀਤੀ ਚੋਪੜਾ ਦੀ ਜੋੜੀ ਦੂਜੀ ਵਾਰ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਦੋਵੇਂ ਫਿਲਮ 'ਕੇਸਰੀ' 'ਚ ਇਕੱਠੇ ਨਜ਼ਰ ਆਏ ਸਨ।