'ਮੇਰੀ ਯੂਨੀਵਰਸਿਟੀ ਫ਼ੀਸ 2 ਮਹੀਨਿਆਂ ਤੋਂ ਨਹੀਂ ਦਿਤੀ ਗਈ', ਕਰਿਸ਼ਮਾ ਕਪੂਰ ਦੀ ਬੇਟੀ ਨੇ ਦਿੱਲੀ ਹਾਈ ਕੋਰਟ 'ਚ ਕੀਤਾ ਦਾਅਵਾ
ਮਰਹੂਮ ਪਿਤਾ ਸੰਜੇ ਕਪੂਰ ਦੀ ਕਥਿਤ ਜਾਇਦਾਦ ਦੀ ਵਸੀਅਤ ਨੂੰ ਦਿਤੀ ਗਈ ਸੀ ਚੁਨੌਤੀ
ਨਵੀਂ ਦਿੱਲੀ : ਅਦਾਕਾਰਾ ਕਰਿਸ਼ਮਾ ਕਪੂਰ ਦੇ ਬੱਚਿਆਂ ਨੇ ਦਿੱਲੀ ਹਾਈ ਕੋਰਟ ’ਚ ਦਾਅਵਾ ਕੀਤਾ ਕਿ ਉਨ੍ਹਾਂ ਵਿਚੋਂ ਇਕ ਅਮਰੀਕੀ ਯੂਨੀਵਰਸਿਟੀ ’ਚ ਪੜ੍ਹ ਰਹੀ ਹੈ, ਜਿਸ ਦੀ ਫੀਸ ਦੋ ਮਹੀਨਿਆਂ ਤੋਂ ਅਦਾ ਨਹੀਂ ਕੀਤੀ ਗਈ। ਇਹ ਦਾਅਵਾ ਜਸਟਿਸ ਜੋਤੀ ਸਿੰਘ ਦੇ ਸਾਹਮਣੇ ਕੀਤਾ ਗਿਆ, ਜਿਨ੍ਹਾਂ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਇਹ ਸੁਣਵਾਈ ‘ਨਾਟਕੀ’ ਬਣੇ ਅਤੇ ਮਰਹੂਮ ਸੰਜੇ ਕਪੂਰ ਦੀ ਪਤਨੀ ਪਿ੍ਰਆ ਕਪੂਰ ਦੇ ਵਕੀਲ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਇਸ ਤਰ੍ਹਾਂ ਦੇ ਮੁੱਦਿਆਂ ਦਾ ਧਿਆਨ ਰੱਖਿਆ ਜਾਵੇ ਅਤੇ ਦੁਬਾਰਾ ਅਦਾਲਤ ਵਿਚ ਨਾ ਲਿਆਂਦਾ ਜਾਵੇ।
ਅਦਾਲਤ ਨੇ ਕਰਿਸ਼ਮਾ ਕਪੂਰ ਦੇ ਬੱਚਿਆਂ ਸਮਾਇਰਾ ਕਪੂਰ ਅਤੇ ਉਸ ਦੇ ਭਰਾ ਦੀ ਪਟੀਸ਼ਨ ਉਤੇ ਸੁਣਵਾਈ ਕੀਤੀ, ਜਿਸ ਵਿਚ ਉਨ੍ਹਾਂ ਦੇ ਮਰਹੂਮ ਪਿਤਾ ਸੰਜੇ ਕਪੂਰ ਦੀ ਕਥਿਤ ਜਾਇਦਾਦ ਦੀ ਵਸੀਅਤ ਨੂੰ ਚੁਨੌਤੀ ਦਿਤੀ ਗਈ ਸੀ, ਜਿਸ ਦੀ ਕਥਿਤ ਕੀਮਤ 30,000 ਕਰੋੜ ਰੁਪਏ ਹੈ। ਸੁਣਵਾਈ ਦੌਰਾਨ ਅਦਾਕਾਰਾ ਦੇ ਬੱਚਿਆਂ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਵਕੀਲ ਮਹੇਸ਼ ਜੇਠਮਲਾਨੀ ਨੇ ਕਿਹਾ ਕਿ ਸਮਾਇਰਾ ਅਮਰੀਕਾ ਦੀ ਇਕ ਯੂਨੀਵਰਸਿਟੀ ਵਿਚ ਪੜ੍ਹ ਰਹੀ ਹੈ ਅਤੇ ਉਸ ਦੀ ਫੀਸ ਦੋ ਮਹੀਨਿਆਂ ਤੋਂ ਅਦਾ ਨਹੀਂ ਕੀਤੀ ਗਈ ਹੈ ਅਤੇ ਤਲਾਕ ਹੋਣ ਮਗਰੋਂ ਸੰਜੇ ਕਪੂਰ ਨੇ ਬੱਚਿਆਂ ਦੀ ਪੜ੍ਹਾਈ ਅਤੇ ਖਰਚਿਆਂ ਦਾ ਭੁਗਤਾਨ ਕਰਨਾ ਸੀ।
ਉਨ੍ਹਾਂ ਕਿਹਾ, ‘‘ਬੱਚਿਆਂ ਦੀ ਜਾਇਦਾਦ ਬਚਾਓ ਪੱਖ ਨੰਬਰ 1 (ਪਿ੍ਰਆ ਕਪੂਰ) ਕੋਲ ਹੈ। ਇਸ ਲਈ, ਇਹ ਉਸ ਉਤੇ ਨਿਰਭਰ ਕਰਦਾ ਹੈ. ਅਮਰੀਕਾ ’ਚ ਪੜ੍ਹਨ ਵਾਲੀ ਬੇਟੀ ਦੀ ਦੋ ਮਹੀਨੇ ਦੀ ਫੀਸ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ।’’ ਹਾਲਾਂਕਿ ਪਿ੍ਰਆ ਕਪੂਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਰਾਜੀਵ ਨਈਅਰ ਨੇ ਇਸ ਦਾਅਵੇ ਨੂੰ ਮਨਘੜਤ ਅਤੇ ਬੇਬੁਨਿਆਦ ਕਰਾਰ ਦਿਤਾ ਅਤੇ ਕਿਹਾ ਕਿ ਉਨ੍ਹਾਂ ਨੇ ਲਗਾਤਾਰ ਬੱਚਿਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਹੈ ਅਤੇ ਫੀਸਾਂ ਪਹਿਲਾਂ ਹੀ ਅਦਾ ਕਰ ਦਿਤੀਆਂ ਜਾ ਚੁਕੀਆਂ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਮੁੱਦੇ ਨੂੰ ਅਦਾਲਤ ਵਿਚ ਉਠਾਉਣ ਦਾ ਉਦੇਸ਼ ਇਸ ਨੂੰ ਮੀਡੀਆ ਵਿਚ ਰੀਪੋਰਟ ਕਰਵਾਉਣਾ ਸੀ। ਅਦਾਲਤ ਕਰਿਸ਼ਮਾ ਕਪੂਰ ਦੇ ਬੱਚਿਆਂ ਵਲੋਂ ਦਾਇਰ ਅੰਤਰਿਮ ਹੁਕਮ ਅਰਜ਼ੀ ਉਤੇ ਦਲੀਲਾਂ ਸੁਣ ਰਹੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਪਿ੍ਰਆ ਕਪੂਰ ਨੂੰ ਸੰਜੇ ਕਪੂਰ ਦੀਆਂ ਜਾਇਦਾਦਾਂ ਵੱਖ ਕਰਨ ਤੋਂ ਰੋਕਿਆ ਜਾਵੇ। ਅਦਾਲਤ ਨੇ ਅੰਤਰਿਮ ਅਰਜ਼ੀ ਉਤੇ ਬਹਿਸ ਜਾਰੀ ਰੱਖਣ ਲਈ ਮਾਮਲੇ ਨੂੰ ਅਗਲੇ ਹਫ਼ਤੇ ਲਈ ਸੂਚੀਬੱਧ ਕੀਤਾ। ਬੱਚਿਆਂ ਨੇ ਕਥਿਤ ਵਸੀਅਤ ਦੀ ਪ੍ਰਮਾਣਿਕਤਾ ਉਤੇ ਸਵਾਲ ਚੁਕੇ ਸਨ। (ਪੀਟੀਆਈ)