ਚੰਡੀਗੜ੍ਹ ਵਿਚ 21 ਦਸੰਬਰ ਨੂੰ ਹੋਣ ਵਾਲੇ ਏਪੀ ਢਿੱਲੋਂ ਦੇ ਸ਼ੋਅ ਲਈ ਬਦਲੀ ਜਾ ਸਕਦੀ ਹੈ ਜਗ੍ਹਾ, ਪੜ੍ਹੋ ਪੂਰੀ ਖ਼ਬਰ
ਸ਼ੋਅ ਨੂੰ ਸੈਕਟਰ 34 ਤੋਂ ਸੈਕਟਰ-25 ਵਿਚ ਸ਼ਿਫਟ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਚੰਡੀਗੜ੍ਹ ਵਿਚ ਸ਼ਨੀਵਾਰ ਨੂੰ ਦਿਲਜੀਤ ਦੁਸਾਂਝ ਦੇ ਸ਼ੋਅ ਤੋਂ ਬਾਅਦ 21 ਦਸੰਬਰ ਨੂੰ ਸੈਕਟਰ-34 'ਚ ਰੈਪਰ ਅਤੇ ਗਾਇਕ ਏਪੀ ਢਿੱਲੋਂ ਦਾ ਲਾਈਵ ਕੰਸਰਟ ਹੋਣ ਜਾ ਰਿਹਾ ਹੈ। ਪਿਛਲੇ ਦੋ ਸ਼ੋਅਜ਼ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਹੁਣ ਚੰਡੀਗੜ੍ਹ ਪ੍ਰਸ਼ਾਸਨ ਇਸ ਲਾਈਵ ਕੰਸਰਟ ਦੀ ਥਾਂ ਬਦਲਣ ਦੀ ਤਿਆਰੀ ਕਰ ਰਿਹਾ ਹੈ। ਸ਼ੋਅ ਨੂੰ ਸੈਕਟਰ 34 ਤੋਂ ਸੈਕਟਰ-25 ਵਿਚ ਸ਼ਿਫਟ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਡੀਸੀ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਉਹ ਸੋਮਵਾਰ ਨੂੰ ਇਸ ਸਬੰਧੀ ਲਾਈਵ ਕੰਸਰਟ ਦੇ ਪ੍ਰਬੰਧਕਾਂ ਨਾਲ ਗੱਲ ਕਰਨਗੇ।
ਡੀਸੀ ਨੇ ਦੱਸਿਆ ਕਿ ਦਿਲਜੀਤ ਦੇ ਸ਼ੋਅ ਦੌਰਾਨ ਉਚੇਚੇ ਪ੍ਰਬੰਧ ਕੀਤੇ ਗਏ ਸਨ। ਲੋਕਾਂ ਨੂੰ ਜ਼ਿਆਦਾ ਟ੍ਰੈਫਿਕ ਜਾਮ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਗਈ। ਹਾਲਾਂਕਿ ਸੈਕਟਰ-34 'ਚ ਹੋਣ ਵਾਲੇ ਸ਼ੋਅ ਕਾਰਨ ਕੁਝ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ 21 ਦਸੰਬਰ ਨੂੰ ਲਾਈਵ ਕੰਸਰਟ ਸੈਕਟਰ-34 ਦੀ ਬਜਾਏ ਸੈਕਟਰ-25 'ਚ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਲਈ ਸੋਮਵਾਰ ਨੂੰ ਲਾਈਵ ਕੰਸਰਟ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਜਾਵੇਗੀ।
ਡੀਸੀ ਨੇ ਦੱਸਿਆ ਕਿ ਪੰਜਾਬ-ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਤਿੰਨ ਕਮੇਟੀਆਂ ਬਣਾਈਆਂ ਸਨ, ਜਿਨ੍ਹਾਂ ਨੇ ਦਿਲਜੀਤ ਦਾ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਇਲਾਕੇ ਵਿੱਚ ਆਵਾਜ਼ ਦਾ ਪੱਧਰ ਰਿਕਾਰਡ ਕੀਤਾ ਹੈ। ਸ਼ੋਅ ਦੌਰਾਨ ਵੱਖ-ਵੱਖ ਟੀਮਾਂ ਨੇ ਰੀਡਿੰਗ ਲਈ ਕਿ ਸਟੇਜ 'ਤੇ ਸ਼ੋਰ ਦਾ ਪੱਧਰ ਕੀ ਸੀ ਅਤੇ ਸਥਾਨ ਦੀ ਸਰਹੱਦ 'ਤੇ ਆਵਾਜ਼ ਦਾ ਪੱਧਰ ਕੀ ਸੀ ਇਸ ਦੀ ਰੀਡਿੰਗ ਸਈ। ਉਹ ਸੋਮਵਾਰ ਜਾਂ ਮੰਗਲਵਾਰ ਨੂੰ ਆਪਣੀ ਰਿਪੋਰਟ ਦੇਣਗੇ। ਇਸ ਤੋਂ ਬਾਅਦ ਜਾਂਚ ਕਰਨਗੇ। ਜੇਕਰ ਸ਼ੋਰ ਮਨਜ਼ੂਰਸ਼ੁਦਾ ਹੱਦ ਤੋਂ ਵੱਧ ਗਿਆ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਹ ਰਿਪੋਰਟ 18 ਦਸੰਬਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਦੌਰਾਨ ਵੀ ਪੇਸ਼ ਕੀਤੀ ਜਾਵੇਗੀ।