ਉੱਘੇ ਸੰਗੀਤਕਾਰ ਏ.ਆਰ. ਰਹਿਮਾਨ ਧਰਮ ਅਦੇ ਕੰਮ ਬਾਰੇ ਟਿਪਣੀ ਮਗਰੋਂ ਬਾਲੀਵੁੱਡ ’ਚ ਭਖਿਆ ਵਿਵਾਦ
ਰਹਿਮਾਨ ਦੇ ਇਸ ਬਿਆਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ-ਗਾਇਕ ਏ.ਆਰ. ਰਹਿਮਾਨ ਅਪਣੇ ਵਿਵਾਦਪੂਰਨ ਬਿਆਨ ਨੂੰ ਲੈ ਕੇ ਸੁਰਖੀਆਂ ’ਚ ਹਨ। ਹਾਲ ਹੀ ’ਚ ਉਨ੍ਹਾਂ ਨੇ ਇਕ ਇੰਟਰਵਿਊ ਦਿਤਾ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਹਲਚਲ ਮਚ ਗਈ ਸੀ।
ਬੀ.ਬੀ.ਸੀ. ਨੂੰ ਦਿਤੇ ਇੰਟਰਵਿਊ ਦੌਰਾਨ ਏ.ਆਰ. ਰਹਿਮਾਨ ਨੇ ਕਿਹਾ ਕਿ ਹੁਣ ਸੰਗੀਤ ਉਦਯੋਗ ਵਿਚ ਸਿਰਫ਼ ਮੁਹਾਰਤ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਚਲਦਾ ਹੈ। ਉਨ੍ਹਾਂ ਅਨੁਸਾਰ, ‘‘ਉਦਯੋਗ ਦੀ ਕਮਾਨ ਉਨ੍ਹਾਂ ਲੋਕਾਂ ਦੇ ਹੱਥ ਵਿਚ ਹੈ ਜੋ ਨਾ ਤਾਂ ਖੁਦ ਰਚਨਾਤਮਕ ਹਨ ਅਤੇ ਨਾ ਹੀ ਦੂਜਿਆਂ ਦੀ ਰਚਨਾਤਮਕਤਾ ਨੂੰ ਸਮਝਦੇ ਹਨ। ਇਸ ਤੋਂ ਇਲਾਵਾ ਧਰਮ ਵੀ ਇਕ ਵੱਡਾ ਕਾਰਨ ਹੈ।’’ ਉਨ੍ਹਾਂ ਕਿਹਾ ਕਿ ਲੋਕ ਸਾਹਮਣੇ ਕੁੱਝ ਨਹੀਂ ਕਹਿੰਦੇ, ਪਰ ਪਿੱਠ ਦੇ ਪਿੱਛੇ ਘੁਸਰ-ਮੁਸਰ ਕਰਦੇ ਹਨ। ਰਹਿਮਾਨ ਨੇ ਅੱਗੇ ਕਿਹਾ ਕਿ ਉਹ ਹੌਲੀ-ਹੌਲੀ ਫਿਲਮ ਅਤੇ ਸੰਗੀਤ ਦੀ ਦੁਨੀਆਂ ਵਿਚ ਫਿਰਕਾਪ੍ਰਸਤੀ ਦਾ ਅਸਰ ਵਧਦਾ ਵੇਖ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਕੰਮ ਉਤੇ ਵੀ ਅਸਰ ਪੈ ਰਿਹਾ ਹੈ। ਫਿਲਮ ‘ਛਵਾ’ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਫਿਲਮ ਲੋਕਾਂ ਨੂੰ ‘ਵੰਡਣ’ ਵਾਲੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੇ ਸਮਾਜ ਦੀ ਵੰਡ ਦਾ ਫਾਇਦਾ ਉਠਾਇਆ, ਹਾਲਾਂਕਿ ਫਿਲਮ ਦਾ ਉਦੇਸ਼ ਬਹਾਦਰੀ ਵਿਖਾਉਣਾ ਸੀ।
ਰਹਿਮਾਨ ਦੇ ਇਸ ਬਿਆਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਜਾਵੇਦ ਅਖਤਰ ਨੇ ਸਪੱਸ਼ਟ ਤੌਰ ਉਤੇ ਕਿਹਾ ਕਿ ਉਹ ਫ਼ਿਲਮ ਉਦਯੋਗ ਵਿਚ ਫਿਰਕਾਪ੍ਰਸਤੀ ਜਾਂ ਵਿਤਕਰੇ ਦੀ ਕਿਸੇ ਵੀ ਗੱਲ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਨੇ ਅੱਗੇ ਕਿਹਾ, ‘‘ਬਹੁਤ ਸਾਰੇ ਲੋਕ ਸੋਚ ਸਕਦੇ ਹਨ ਕਿ ਰਹਿਮਾਨ ਕੌਮਾਂਤਰੀ ਸ਼ੋਅ ਅਤੇ ਵੱਡੇ ਪ੍ਰਾਜੈਕਟਾਂ ਵਿਚ ਇੰਨੇ ਰੁੱਝੇ ਹੋਏ ਹਨ ਕਿ ਉਹ ਜ਼ਿਆਦਾ ਉਪਲਬਧ ਨਹੀਂ ਹਨ। ਇਨ੍ਹਾਂ ਸ਼ੋਅ ਵਿਚ ਕਾਫੀ ਸਮਾਂ ਅਤੇ ਮਿਹਨਤ ਲਗਦੀ ਹੈ, ਇਸ ਲਈ ਉਹ ਭਾਰਤੀ ਫਿਲਮਾਂ ਲਈ ਘੱਟ ਸਮਾਂ ਦੇਣ ਦੇ ਯੋਗ ਹੁੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਹਿਮਾਨ ਦਾ ਕੱਦ ਇੰਨਾ ਵੱਡਾ ਹੈ ਕਿ ਛੋਟੇ ਨਿਰਮਾਤਾ ਵੀ ਉਸ ਨਾਲ ਸੰਪਰਕ ਕਰਨ ਤੋਂ ਝਿਜਕਦੇ ਹਨ।’’ ਜਾਵੇਦ ਨੇ ਦੁਹਰਾਇਆ ਕਿ ਇਸ ਵਿਚ ਕੋਈ ਫਿਰਕਾਪ੍ਰਸਤੀ ਨਹੀਂ ਹੈ, ਇਹ ਸਿਰਫ ਰੁਝੇਵਿਆਂ ਕਾਰਨ ਹੁੰਦਾ ਹੈ।
ਦੂਜੇ ਪਾਸੇ ਕੰਗਨਾ ਰਣੌਤ ਨੇ ਇੰਸਟਾਗ੍ਰਾਮ ਸਟੋਰੀ ਉਤੇ ਏ.ਆਰ. ਰਹਿਮਾਨ ਦੇ ਇੰਟਰਵਿਊ ਦੀ ਵੀਡੀਉ ਸਾਂਝੀ ਕੀਤੀ ਅਤੇ ਉਨ੍ਹਾਂ ਦੀ ਕਾਫੀ ਆਲੋਚਨਾ ਕੀਤੀ ਅਤੇ ਕਿਹਾ, ‘‘ਮੈਨੂੰ ਕਹਿਣਾ ਪਏਗਾ ਕਿ ਤੁਹਾਡੇ ਤੋਂ ਜ਼ਿਆਦਾ ਨਫ਼ਰਤ ਕਰਨ ਵਾਲੇ, ਭੇਦਭਾਵ ਕਰਨ ਵਾਲੇ ਵਿਅਕਤੀ ਨੂੰ ਮੈਂ ਕਦੇ ਨਹੀਂ ਵੇਖਿਆ।’’
ਇਸ ਮਾਮਲੇ ਉਤੇ ਗਾਇਕ ਸ਼ਾਨ ਨੇ ਕਿਹਾ, ‘‘ਕੰਮ ਨਾ ਮਿਲਣ ਦੀ ਗੱਲ ਕਰਦਿਆਂ ਮੈਂ ਇੱਥੇ ਤੁਹਾਡੇ ਸਾਹਮਣੇ ਖੜਾ ਹਾਂ। ਮੈਂ ਸਾਲਾਂ ਤੋਂ ਬਹੁਤ ਕੁੱਝ ਗਾਇਆ ਹੈ, ਫਿਰ ਵੀ ਕਈ ਵਾਰ ਮੈਨੂੰ ਕੰਮ ਨਹੀਂ ਮਿਲਦਾ। ਪਰ ਮੈਂ ਇਸ ਨੂੰ ਨਿੱਜੀ ਤੌਰ ਉਤੇ ਨਹੀਂ ਲੈਂਦਾ। ਹਰ ਕਿਸੇ ਦੀ ਅਪਣੀ ਸੋਚ ਅਤੇ ਅਪਣੀ ਚੋਣ ਹੁੰਦੀ ਹੈ।’’
ਫਿਲਮੀ ਸਿਤਾਰਿਆਂ ਤੋਂ ਇਲਾਵਾ ਸਿਆਸੀ ਨੇਤਾਵਾਂ ਨੇ ਵੀ ਰਹਿਮਾਨ ਦੇ ਬਿਆਨ ਉਤੇ ਅਪਣੀ ਪ੍ਰਤੀਕਿਰਿਆ ਸਾਂਝੀ ਕੀਤੀ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਰਹਿਮਾਨ ਦੇ ਸਮਰਥਨ ਵਿਚ ਬਿਆਨ ਦਿਤਾ। ਉਸ ਨੇ ਕਿਹਾ ਕਿ ਉਹ ਏ.ਆਰ. ਰਹਿਮਾਨ ਦੇ ਵੱਡੇ ਪ੍ਰਸ਼ੰਸਕ ਰਹੇ ਹਨ। ਉਨ੍ਹਾਂ ਕਿਹਾ ਕਿ ਏ.ਆਰ. ਰਹਿਮਾਨ ਦੇਸ਼ ਅਤੇ ਦੁਨੀਆਂ ਦੇ ਇਕ ਵੱਡੇ ਕਲਾਕਾਰ ਹਨ ਅਤੇ ਕਲਾ, ਸੰਗੀਤ ਅਤੇ ਸਭਿਆਚਾਰ ਨੂੰ ਧਰਮ ਜਾਂ ਵਿਤਕਰੇ ਦੇ ਨਜ਼ਰੀਏ ਤੋਂ ਨਹੀਂ ਵੇਖਿਆ ਜਾਣਾ ਚਾਹੀਦਾ।
ਇਸ ਦੇ ਨਾਲ ਹੀ ਬਿਹਾਰ ਸਰਕਾਰ ਦੇ ਮੰਤਰੀ ਦਿਲੀਪ ਜੈਸਵਾਲ ਨੇ ਰਹਿਮਾਨ ਦੇ ਬਿਆਨ ਨੂੰ ਖਾਰਜ ਕਰਦਿਆਂ ਕਿਹਾ, ‘‘ਹਿੰਦੂ-ਮੁਸਲਿਮ ਗੱਲਬਾਤ ਕੁੱਝ ਲੋਕਾਂ ਦੇ ਮਨਾਂ ’ਚ ਬੇਲੋੜੀ ਘੁੰਮਦੀ ਰਹਿੰਦੀ ਹੈ। ਦੇਸ਼ ਵਿਚ ਅਜਿਹੀ ਕੋਈ ਸਥਿਤੀ ਨਹੀਂ ਹੈ, ਸਬਕਾ ਸਾਥ, ਸਬਕਾ ਵਿਕਾਸ ਦੀ ਨੀਤੀ ਉਤੇ ਕੰਮ ਹੋ ਰਿਹਾ ਹੈ। ਅਜਿਹੇ ਕਈ ਬਿਆਨ ਹਨ।’’