ਇੰਦਰਾਣੀ ਮੁਖਰਜੀ ਦੀ ਦਸਤਾਵੇਜ਼ੀ ਸੀਰੀਜ਼ ’ਤੇ ਰੋਕ ਲਗਾਉਣ ਲਈ ਅਦਾਲਤ ਪੁੱਜੀ ਸੀ.ਬੀ.ਆਈ.

ਏਜੰਸੀ

ਮਨੋਰੰਜਨ, ਬਾਲੀਵੁੱਡ

‘ਦਿ ਇੰਦਰਾਣੀ ਮੁਖਰਜੀ ਸਟੋਰੀ: ਦਿ ਬਰੀਡ ਟਰੂਥ’ ਦਾ ਪ੍ਰੀਮੀਅਰ 23 ਫ਼ਰਵਰੀ ਨੂੰ ਨੈੱਟਫਲਿਕਸ ’ਤੇ ਹੋਵੇਗਾ

Indrani Mukherjee

ਮੁੰਬਈ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸ਼ੀਨਾ ਬੋਰਾ ਕਤਲ ਕੇਸ ਦੀ ਮੁੱਖ ਦੋਸ਼ੀ ਇੰਦਰਾਣੀ ਮੁਖਰਜੀ ’ਤੇ ਬਣੀ ਦਸਤਾਵੇਜ਼ੀ ਸੀਰੀਜ਼ ’ਤੇ ਰੋਕ ਲਗਾਉਣ ਲਈ ਸਨਿਚਰਵਾਰ ਨੂੰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਦਾ ਦਰਵਾਜ਼ਾ ਖੜਕਾਇਆ। 

‘ਦਿ ਇੰਦਰਾਣੀ ਮੁਖਰਜੀ ਸਟੋਰੀ: ਦਿ ਬਰੀਡ ਟਰੂਥ’ ਸਿਰਲੇਖ ਵਾਲੀ ਇਹ ਦਸਤਾਵੇਜ਼ੀ ਸੀਰੀਜ਼ 25 ਸਾਲ ਦੀ ਬੋਰਾ ਦੇ ਲਾਪਤਾ ਹੋਣ ਦੀ ਕਹਾਣੀ ਦੱਸਦੀ ਹੈ ਅਤੇ ਇਸ ਦਾ ਪ੍ਰੀਮੀਅਰ 23 ਫ਼ਰਵਰੀ ਨੂੰ ਨੈੱਟਫਲਿਕਸ ’ਤੇ ਹੋਵੇਗਾ। ਸਰਕਾਰੀ ਵਕੀਲ ਸੀ.ਜੇ. ਨੰਦੋਡੀ ਰਾਹੀਂ ਦਾਇਰ ਅਰਜ਼ੀ ’ਚ ਸੀ.ਬੀ.ਆਈ. ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਨੈੱਟਫਲਿਕਸ ਨੂੰ ਦਸਤਾਵੇਜ਼ੀ ਫ਼ਿਲਮ ’ਚ ਮਾਮਲੇ ਨਾਲ ਜੁੜੇ ਮੁਲਜ਼ਮਾਂ ਅਤੇ ਵਿਅਕਤੀਆਂ ਨੂੰ ਵਿਖਾਉਣ ਤੋਂ ਰੋਕਣ ਲਈ ਹੁਕਮ ਜਾਰੀ ਕੀਤੇ ਜਾਣ ਅਤੇ ਮਾਮਲੇ ਦੀ ਸੁਣਵਾਈ ਪੂਰੀ ਹੋਣ ਤਕ ਇਸ ਦਾ ਪ੍ਰਸਾਰਣ ਨਾ ਕੀਤਾ ਜਾਵੇ।

ਵਿਸ਼ੇਸ਼ ਸੀ.ਬੀ.ਆਈ. ਜੱਜ ਐਸ.ਪੀ. ਨਾਇਕ-ਨਿੰਬਲਕਰ ਨੇ ਨੈੱਟਫਲਿਕਸ ਐਂਟਰਟੇਨਮੈਂਟ ਸਰਵਿਸਿਜ਼ ਇੰਡੀਆ ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 20 ਫ਼ਰਵਰੀ ਨੂੰ ਤੈਅ ਕੀਤੀ ਹੈ। ਇੰਦਰਾਣੀ ’ਤੇ ਅਪ੍ਰੈਲ 2012 ’ਚ ਅਪਣੀ 24 ਸਾਲਾ ਧੀ ਸ਼ੀਨਾ ਬੋਰਾ, ਉਸ ਸਮੇਂ ਦੇ ਡਰਾਈਵਰ ਸ਼ਿਆਮਵਰ ਰਾਏ ਅਤੇ ਸਾਬਕਾ ਪਤੀ ਸੰਜੀਵ ਖੰਨਾ ਦਾ ਕਤਲ ਕਰਨ ਦਾ ਦੋਸ਼ ਹੈ।

ਸ਼ੀਨਾ ਬੋਰਾ ਇੰਦਰਾਣੀ ਦੇ ਸਾਬਕਾ ਪਤੀ ਤੋਂ ਪੈਦਾ ਸੰਤਾਨ ਸੀ। ਬੋਰਾ ਦੀ ਸੜੀ ਹੋਈ ਲਾਸ਼ ਰਾਏਗੜ੍ਹ ਜ਼ਿਲ੍ਹੇ ਦੇ ਜੰਗਲ ’ਚ ਮਿਲੀ ਸੀ। ਇਹ ਮਾਮਲਾ 2015 ’ਚ ਸਾਹਮਣੇ ਆਇਆ ਸੀ ਜਦੋਂ ਸ਼ਿਆਮਵਰ ਰਾਏ ਨੇ ਇਕ ਹੋਰ ਕੇਸ ’ਚ ਗ੍ਰਿਫਤਾਰੀ ਦੌਰਾਨ ਪੁੱਛ-ਪੜਤਾਲ ਦੌਰਾਨ ਬੋਰਾ ਦੇ ਕਤਲ ਬਾਰੇ ਪ੍ਰਗਟਾਵਾ ਕੀਤਾ ਸੀ।