ਨਸੀਰੂਦੀਨ ਸ਼ਾਹ ਨੇ ਕਿਹਾ, ‘ਮੈਂ ਹਿੰਦੀ ਫਿਲਮਾਂ ਵੇਖਣੀਆਂ ਬੰਦ ਕਰ ਦਿਤੀਆਂ ਹਨ, ਹਿੰਦੀ ਸਿਨੇਮਾ ਦੇ ਬਿਹਤਰ ਹੋਣ ਦੀ ਉਮੀਦ ਤਾਂ ਹੀ ਹੈ ਜੇ...’

ਏਜੰਸੀ

ਮਨੋਰੰਜਨ, ਬਾਲੀਵੁੱਡ

‘ਗੰਭੀਰ ਫਿਲਮਾਂ ਬਣਾਉਣ ਵਾਲਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਅੱਜ ਦੀ ਹਕੀਕਤ ਨੂੰ ਦਰਸਾਉਣ’

Naseeruddin Shah

ਨਵੀਂ ਦਿੱਲੀ: ਉੱਘੇ ਅਦਾਕਾਰ ਨਸੀਰੂਦੀਨ ਸ਼ਾਹ ਨੇ ਹਿੰਦੀ ਸਿਨੇਮਾ ਬਾਰੇ ਅਪਣੀ ਨਿਰਾਸ਼ਾ ਜ਼ਾਹਰ ਕੀਤੀ ਅਤੇ ਕਿਹਾ ਕਿ ਇਸ ਦੇ ਬਿਹਤਰ ਹੋਣ ਦੀ ਉਮੀਦ ਤਾਂ ਹੀ ਹੈ ਜੇ ਫਿਲਮਾਂ ਪੈਸੇ ਕਮਾਉਣ ਦੇ ਇਰਾਦੇ ਤੋਂ ਬਗ਼ੈਰ ਬਣਾਈਆਂ ਜਾਣ।

ਸ਼ਾਹ ਨੇ ਸਨਿਚਰਵਾਰ ਨੂੰ ਇੱਥੇ ‘ਮੀਰ ਕੀ ਦਿੱਲੀ, ਸ਼ਾਹਜਹਾਨਾਬਾਦ: ਦਿ ਇਵੋਲਵਿੰਗ ਸਿਟੀ’ ’ਚ ਕਿਹਾ ਕਿ ਹਿੰਦੀ ਫਿਲਮ ਨਿਰਮਾਤਾ ਪਿਛਲੇ 100 ਸਾਲਾਂ ਤੋਂ ਇਕ ਹੀ ਤਰ੍ਹਾਂ ਦੀਆਂ ਫਿਲਮਾਂ ਬਣਾ ਰਹੇ ਹਨ। ਉਨ੍ਹਾਂ ਕਿਹਾ, ‘‘ਇਹ ਸੱਚਮੁੱਚ ਮੈਨੂੰ ਨਿਰਾਸ਼ ਕਰਦਾ ਹੈ ਕਿ ਅਸੀਂ ਇਹ ਕਹਿੰਦੇ ਹੋਏ ਮਾਣ ਮਹਿਸੂਸ ਕਰਦੇ ਹਾਂ ਕਿ ਹਿੰਦੀ ਸਿਨੇਮਾ 100 ਸਾਲ ਪੁਰਾਣਾ ਹੈ ਪਰ ਅਸੀਂ ਉਹੀ ਫਿਲਮਾਂ ਬਣਾ ਰਹੇ ਹਾਂ। ਮੈਂ ਹਿੰਦੀ ਫਿਲਮਾਂ ਵੇਖਣੀਆਂ ਬੰਦ ਕਰ ਦਿਤੀਆਂ ਹਨ, ਮੈਨੂੰ ਉਹ ਬਿਲਕੁਲ ਪਸੰਦ ਨਹੀਂ ਹਨ।’’

ਸ਼ਾਹ ਨੇ ਅੱਗੇ ਕਿਹਾ ਕਿ ਦੁਨੀਆਂ ਭਰ ਦੇ ਲੋਕ ਭਾਰਤੀ ਹਿੰਦੀ ਫਿਲਮਾਂ ਵੇਖਣ ਜਾਂਦੇ ਹਨ ਕਿਉਂਕਿ ਇਹ ਉਨ੍ਹਾਂ ਦੇ ਘਰ ਨਾਲ ਉਨ੍ਹਾਂ ਦਾ ਸੰਬੰਧ ਹੈ ਪਰ ਜਲਦੀ ਹੀ ਹਰ ਕੋਈ ਇਨ੍ਹਾਂ ਤੋਂ ਅੱਕ ਜਾਵੇਗਾ। ਉਨ੍ਹਾਂ ਕਿਹਾ, ‘‘ਹਿੰਦੁਸਤਾਨੀ ਭੋਜਨ ਹਰ ਜਗ੍ਹਾ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਸ ਦਾ ਤੱਤ-ਸਾਰ ਹੁੰਦਾ ਹੈ। ਹਿੰਦੀ ਫਿਲਮਾਂ ’ਚੋਂ ਕੀ ਤੱਤ-ਸਾਰ ਨਿਕਲਦਾ ਹੈ? ਹਾਂ, ਇਹ ਹਰ ਥਾਂ ਵੇਖੀਆਂ ਜਾ ਰਹੀਆਂ ਹਨ... ਲੋਕ ਕਹਿੰਦੇ ਹਨ, ‘ਕਿੰਨਾ ਵਧੀਆ, ਕਿੰਨਾ ਭਾਰਤੀ, ਕਿੰਨਾ ਰੰਗੀਨ’। ਜਲਦੀ ਹੀ ਉਹ ਇਨ੍ਹਾਂ ਤੋਂ ਬੋਰ ਹੋ ਜਾਣਗੇ ਕਿਉਂਕਿ ਇਸ ਵਿਚ ਕੋਈ ਤੱਤ-ਸਾਰ ਨਹੀਂ ਹੁੰਦਾ।’’

ਉਨ੍ਹਾਂ ਦਾ ਮੰਨਣਾ ਹੈ ਕਿ ਸਮਾਜ ਦੀ ਅਸਲੀਅਤ ਨੂੰ ਵਿਖਾਉਣਾ ‘ਗੰਭੀਰ ਫਿਲਮ ਨਿਰਮਾਤਾਵਾਂ’ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, ‘‘ਹਿੰਦੀ ਸਿਨੇਮਾ ਲਈ ਉਮੀਦ ਤਾਂ ਹੀ ਹੈ ਜੇਕਰ ਅਸੀਂ ਫ਼ਿਲਮਾਂ ਨੂੰ ਪੈਸਾ ਕਮਾਉਣ ਦੇ ਸਾਧਨ ਦੇ ਤੌਰ ’ਤੇ ਵੇਖਣਾ ਬੰਦ ਕਰੀਏ। ਪਰ ਮੈਨੂੰ ਲਗਦਾ ਹੈ ਕਿ ਹੁਣ ਬਹੁਤ ਦੇਰ ਹੋ ਗਈ ਹੈ। ਹੁਣ ਕੋਈ ਹੱਲ ਨਹੀਂ ਹੈ ਕਿਉਂਕਿ ਹਜ਼ਾਰਾਂ ਲੋਕਾਂ ਵਲੋਂ ਵੇਖੀਆਂ ਜਾ ਰਹੀਆਂ ਫਿਲਮਾਂ ਬਣਦੀਆਂ ਰਹਿਣਗੀਆਂ ਅਤੇ ਲੋਕ ਉਨ੍ਹਾਂ ਨੂੰ ਵੇਖਦੇ ਰਹਿਣਗੇ, ਰੱਬ ਜਾਣਦੈ ਕਦੋਂ ਤਕ।’’

ਸ਼ਾਹ ਨੇ ਕਿਹਾ, ‘‘ਇਸ ਲਈ ਜੋ ਲੋਕ ਗੰਭੀਰ ਫਿਲਮਾਂ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਅੱਜ ਦੀ ਹਕੀਕਤ ਨੂੰ ਦਰਸਾਉਣ, ਅਤੇ ਇਸ ਤਰ੍ਹਾਂ ਦਰਸਾਉਣ ਨਾ ਤਾਂ ਉਨ੍ਹਾਂ ਨੂੰ ਫਤਵਾ ਮਿਲੇ ਅਤੇ ਨਾ ਹੀ ਈ.ਡੀ. ਉਨ੍ਹਾਂ ਦੇ ਦਰਵਾਜ਼ੇ ’ਤੇ ਦਸਤਕ ਦੇਵੇ।’’ ਉਨ੍ਹਾਂ ਕਿਹਾ ਕਿ ਈਰਾਨੀ ਫਿਲਮ ਨਿਰਮਾਤਾਵਾਂ ਨੇ ਅਧਿਕਾਰੀਆਂ ਦੇ ਦਮਨ ਦੇ ਬਾਵਜੂਦ ਫਿਲਮਾਂ ਬਣਾਈਆਂ ਅਤੇ ਭਾਰਤੀ ਕਾਰਟੂਨਿਸਟ ਆਰ.ਕੇ. ਲਕਸ਼ਮਣ ਐਮਰਜੈਂਸੀ ਦੇ ਦਿਨਾਂ ਦੌਰਾਨ ਕਾਰਟੂਨ ਬਣਾਉਂਦੇ ਰਹੇ।