ਯੌਨ ਸੋਸ਼ਣ ਮਾਮਲੇ 'ਚ ਬਾਲੀਵੁਡ ਅਦਾਕਾਰ ਜਿਤੇਂਦਰ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਯੌਨ ਸੋਸ਼ਣ ਮਾਮਲੇ 'ਚ ਬਾਲੀਵੁਡ ਅਦਾਕਾਰ ਜਿਤੇਂਦਰ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ

jitender

ਮੁੰਬਈ : ਯੌਨ ਸੋਸ਼ਣ ਦੇ ਮਾਮਲੇ ਵਿਚ ਫਸੇ ਮੰਨੇ-ਪ੍ਰਮੰਨੇ ਬਾਲੀਵੁਡ ਅਦਾਕਾਰ ਜਿਤੇਂਦਰ ਨੂੰ ਹਿਮਾਚਲ ਹਾਈ ਕੋਰਟ ਨੇ ਵੱਡੀ ਰਾਹਤ ਦੇ ਦਿਤੀ ਹੈ। ਅਦਾਲਤ ਨੇ ਯੌਨ ਸੋਸ਼ਣ ਦੇ ਮਾਮਲੇ ਵਿਚ ਅਗਲੀ ਕਾਰਵਾਈ ਅਤੇ ਜਾਂਚ 'ਤੇ ਰੋਕ ਲਗਾ ਦਿਤੀ ਹੈ। ਪਿਛਲੇ ਦਿਨੀਂ ਅਦਾਕਾਰ ਦੀ ਕਜ਼ਨ ਨੇ ਜਿਤੇਂਦਰ ਵਿਰੁਧ ਜ਼ਬਰ ਜਨਾਹ ਦੇ ਆਰੋਪ ਲਗਾਏ ਸਨ। ਪੁਲਿਸ ਨੇ 16 ਫਰਵਰੀ ਨੂੰ ਕਜ਼ਨ ਦੀ ਸ਼ਿਕਾਇਤ ਦੇ ਆਧਾਰ 'ਤੇ ਅਦਾਕਾਰ ਵਿਰੁਧ ਯੌਨ ਸੋਸ਼ਣ ਦਾ ਮਾਮਲਾ ਦਰਜ ਕੀਤਾ ਸੀ। ਹਾਈ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ 23 ਮਈ ਨੂੰ ਹੋਣੀ ਸੀ। 

ਉਧਰ ਜਿਤੇਂਦਰ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਨੇ ਕੋਈ ਜਾਂਚ ਜਾਂ ਸਬੂਤ ਦੇ ਬਿਨ੍ਹਾਂ ਰਿਪੋਰਟ ਦਰਜ ਕੀਤੀ ਸੀ। ਜਿਤੇਂਦਰ ਦੇ ਵਕੀਲ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਸਵਾਲ ਨਹੀਂ ਕੀਤਾ ਅਤੇ ਨਾ ਹੀ FIR ਦੀ ਕਾਪੀ ਦਿੱਤੀ। ਇਹ ਆਰੋਪ ਗ਼ਲਤ ਹਨ ਅਤੇ ਉਨ੍ਹਾਂ ਦੇ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਵਿੱਚ ਮਹਿਲਾ ਪੁਲਿਸ ਸਟੇਸ਼ਨ, ਸ਼ਿਮਲਾ ਵਿੱਚ ਧਾਰਾ 354 ਦੇ ਹੇਠਾਂ ਦਰਜ ਰਿਪੋਰਟ ਵਿਚ ਅੱਗੇ ਦੀ ਕਾਰਵਾਈ 'ਤੇ ਫਿ਼ਲਹਾਲ ਰੋਕ ਲਗਾ ਦਿਤੀ ਗਈ ਹੈ। ਦੱਸ ਦੇਈਏ ਕਿ ਬਾਲੀਵੁਡ ਦੇ ਮਸ਼ਹੂਰ ਅਦਾਕਾਰ ਜਿਤੇਂਦਰ ਦੇ ਖਿ਼ਲਾਫ਼ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਐਫਆਈਆਰ ਦਰਜ ਕੀਤੀ ਸੀ। ਪੀੜਤਾ ਦਾ ਕਹਿਣਾ ਹੈ ਕਿ 47 ਸਾਲ ਪਹਿਲਾਂ ਜਿਤੇਂਦਰ ਨੇ ਉਨ੍ਹਾਂ ਦਾ ਯੋਨ ਸੋਸ਼ਣ ਕੀਤਾ ਸੀ।


ਜਿਤੇਂਦਰ ਦੀ ਕਜ਼ਨ ਨੇ ਇਹ ਵੀ ਕਿਹਾ ਸੀ ਕਿ ਮੈਨੂੰ ਇਸ ਘਟਨਾ ਨੂੰ ਦੱਸਣ ਵਿੱਚ ਕਈ ਸਾਲ ਲੱਗ ਗਏ। ਇਸ ਦੀ ਹਿੰਮਤ ਮੈਨੂੰ ਫੈਮਿਨਿਸਟ ਅਵੇਅਰਨੈੱਸ ਕੈਂਪੇਨ ਜਿਵੇਂ ਕਿ #MeToo ਦੇ ਕਾਰਨ ਆਈ ਹੈ। ਇਸ ਅੰਦੋਲਨ ਦੇ ਕਾਰਨ ਦੁਨੀਆ ਦੀਆਂ ਲੱਖਾਂ ਪੀੜਤਾਂ ਨੂੰ ਆਪਣੀ ਗੱਲ ਸਾਹਮਣੇ ਰੱਖਣ ਦੀ ਹਿੰਮਤ ਮਿਲੀ ਹੈ। 
ਇਨ੍ਹਾਂ ਸਾਰੇ ਇਲਜ਼ਾਮਾਂ 'ਤੇ ਸਫ਼ਾਈ ਦਿੰਦੇ ਹੋਏ ਜਿਤੇਂਦਰ ਦੇ ਵਕੀਲ ਰਿਜ਼ਵਾਨ ਸਿੱਦੀਕੀ ਨੇ ਕਿਹਾ ਹੈ ਕਿ ਇਹ ਸਾਰੇ ਇਲਜ਼ਾਮ ਝੂਠੇ ਅਤੇ ਮਨਘੜਤ ਹਨ। ਪਰਸਨਲ ਏਜੰਡੇ ਦੇ ਕਾਰਨ ਅਦਾਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਕਰੀਬ 47 ਸਾਲ ਬਾਅਦ ਇਨ੍ਹਾਂ ਇਲਜ਼ਾਮਾਂ 'ਤੇ ਕੋਈ ਵੀ ਕਾਨੂੰਨ ਜਾਂ ਕਾਨੂੰਨੀ ਏਜੰਸੀ ਵਿਚਾਰ ਨਹੀਂ ਕਰ ਸਕਦੀ।


ਸ਼ਿਕਾਇਤ ਵਿਚ ਜਿਤੇਂਦਰ ਦੀ ਰਿਸ਼ਤੇ ਵਿਚ ਭੈਣ ਲਗਦੀ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਸਾਲ 1971 ਵਿੱਚ ਸ਼ਿਮਲਾ ਦੇ ਇਕ ਹੋਟਲ ਵਿਚ ਜਿਤੇਂਦਰ ਨੇ ਉਨ੍ਹਾਂ ਦਾ ਯੌਨ ਸੋਸ਼ਣ ਕੀਤਾ ਸੀ। ਉਸ ਸਮੇਂ ਮਹਿਲਾ ਦੀ ਉਮਰ 18 ਸਾਲ ਦੀ ਸੀ ਅਤੇ ਜਿਤੇਂਦਰ 28 ਸਾਲ ਦੇ ਸਨ।