ਐਲਵੀਸ਼ ਯਾਦਵ ਨੇ ਜੇਲ੍ਹ ’ਚ ਪਾਸੇ ਪਲਟਦਿਆਂ ਬਿਤਾਈ ਰਾਤ 

ਏਜੰਸੀ

ਮਨੋਰੰਜਨ, ਬਾਲੀਵੁੱਡ

ਜ਼ਮਾਨਤ ਅਰਜ਼ੀ ਸੋਮਵਾਰ ਜਾਂ ਮੰਗਲਵਾਰ ਨੂੰ ਅਦਾਲਤ ’ਚ ਦਾਇਰ ਕੀਤੇ ਜਾਣ ਦੀ ਸੰਭਾਵਨਾ

Elvish Yadav

ਨੋਇਡਾ: ਨੋਇਡਾ ’ਚ ਇਕ ਪਾਰਟੀ ’ਚ ਨਸ਼ੇ ਲਈ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੇ ਸ਼ੱਕ ’ਚ ਗ੍ਰਿਫਤਾਰ ਕੀਤੇ ਗਏ ਮਸ਼ਹੂਰ ਯੂਟਿਊਬਰ ਐਲਵੀਸ਼ ਯਾਦਵ ਨੇ ਜੇਲ੍ਹ ’ਚ ਬੜੀ ਮੁਸ਼ਕਲ ਨਾਲ ਪਾਸੇ ਪਲਟਦਿਆਂ ਰਾਤ ਬਿਤਾਈ।

ਗੌਤਮ ਬੁੱਧ ਨਗਰ ਜੇਲ੍ਹ ਦੇ ਸੁਪਰਡੈਂਟ ਅਰੁਣ ਪ੍ਰਤਾਪ ਸਿੰਘ ਨੇ ਦਸਿਆ ਕਿ ਐਲਵਿਸ਼ ਯਾਦਵ ਨੂੰ ਐਤਵਾਰ ਰਾਤ ਨੂੰ ਖਾਣਾ ਦਿਤਾ ਗਿਆ ਸੀ ਪਰ ਉਸ ਨੇ ਪੂਰਾ ਖਾਣਾ ਨਹੀਂ ਖਾਧਾ। ਉਸ ਨੇ ਕਿਹਾ ਕਿ ਐਲਵੀਸ਼ ਨੂੰ ਨਿਯਮਾਂ ਅਨੁਸਾਰ ਅੱਜ ਸਵੇਰੇ ਚਾਹ ਦਾ ਨਾਸ਼ਤਾ ਦਿਤਾ ਗਿਆ ਸੀ ਅਤੇ ਉਸ ਨੇ ਚਾਹ ਪੀਤੀ ਸੀ। ਜੇਲ੍ਹ ਪ੍ਰਸ਼ਾਸਨ ਦੇ ਸੂਤਰਾਂ ਨੇ ਦਸਿਆ ਕਿ ਐਲਵੀਸ਼ ਨਿਰਾਸ਼ ਵਿਖਾਈ ਦੇ ਰਿਹਾ ਸੀ ਅਤੇ ਉਸ ਨੇ ਰਾਤ ਪਾਸੇ ਪਲਟਦਿਆਂ ਬਿਤਾਈ। ਉਹ ਕਾਫ਼ੀ ਬੇਚੈਨ ਵੀ ਵਿਖਾਈ ਦੇ ਰਿਹਾ ਸੀ। ਦਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਐਲਵਿਸ਼ ਦੇ ਪਰਵਾਰਕ ਮੈਂਬਰ ਅਤੇ ਸਮਰਥਕ ਉਸ ਨੂੰ ਮਿਲਣ ਲਈ ਲਕਸਰ ਜੇਲ੍ਹ ਪਹੁੰਚੇ।

ਐਲਵੀਸ਼ ਦੀ ਜ਼ਮਾਨਤ ਅਰਜ਼ੀ ਸੋਮਵਾਰ ਜਾਂ ਮੰਗਲਵਾਰ ਨੂੰ ਅਦਾਲਤ ’ਚ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ। ਰਿਐਲਿਟੀ ਸ਼ੋਅ ‘ਬਿੱਗ ਬੌਸ ਓ.ਟੀ.ਟੀ.’ ਦੇ ਜੇਤੂ ਯਾਦਵ ਨੂੰ ਐਤਵਾਰ ਨੂੰ ਨੋਇਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ’ਚ ਸੂਰਜਪੁਰ ਦੀ ਇਕ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਗਿਆ ਸੀ।

ਯਾਦਵ (26) ਪਿਛਲੇ ਸਾਲ 3 ਨਵੰਬਰ ਨੂੰ ਸੈਕਟਰ-49 ਥਾਣੇ ਵਿਚ ਦਰਜ ਐਫ.ਆਈ.ਆਰ. ਵਿਚ ਨਾਮਜ਼ਦ ਛੇ ਮੁਲਜ਼ਮਾਂ ਵਿਚੋਂ ਇਕ ਹੈ। ਅਧਿਕਾਰੀਆਂ ਨੇ ਦਸਿਆ ਕਿ ਪੰਜ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਫਿਲਹਾਲ ਉਹ ਜ਼ਮਾਨਤ ’ਤੇ ਬਾਹਰ ਹਨ। ਪੁਲਿਸ ਅਨੁਸਾਰ ਇਹ ਮਾਮਲਾ ਜੰਗਲੀ ਜੀਵ ਸੁਰੱਖਿਆ ਐਕਟ, 1972, ਭਾਰਤੀ ਦੰਡਾਵਲੀ ਦੀ ਧਾਰਾ 120 ਬੀ (ਅਪਰਾਧਕ ਸਾਜ਼ਸ਼ ), 284 (ਜ਼ਹਿਰ ਨਾਲ ਸਬੰਧਤ ਲਾਪਰਵਾਹੀ ਵਾਲਾ ਵਿਵਹਾਰ) ਅਤੇ 289 (ਜਾਨਵਰਾਂ ਦੇ ਸਬੰਧ ’ਚ ਲਾਪਰਵਾਹੀ) ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ।