‘ਰਾਂਝਣਾ’ ਫ਼ਿਲਮ ਨੂੰ ਏ.ਆਈ. ਜ਼ਰੀਏ ਸੁਖਾਂਤਕ ਅੰਤ ਦੇ ਕੇ ਮੁੜ ਰਿਲੀਜ਼ ਕੀਤਾ ਜਾਵੇਗਾ, ਜਾਣੋ ਕਿਉਂ ਪੈਦਾ ਹੋਇਆ ਵਿਵਾਦ
ਨਿਰਮਾਤਾ ਅਤੇ ਨਿਰਦੇਸ਼ਕ ’ਚ ਨੈਤਿਕਤਾ ਨੂੰ ਲੈ ਕੇ ਟਕਰਾਅ
ਨਵੀਂ ਦਿੱਲੀ, 18 ਜੁਲਾਈ : ਸਾਲ 2013 ’ਚ ਆਈ ਫ਼ਿਲਮ ‘ਰਾਂਝਣਾ’ ਤਾਮਿਲਨਾਡੂ ’ਚ ਮੁੜ ਰਿਲੀਜ਼ ਹੋ ਰਹੀ ਹੈ। ਪਰ ਇਸ ਫ਼ਿਲਮ ਦਾ ਅੰਤ ਬਨਾਉਟੀ ਬੁੱਧੀ (ਏ.ਆਈ.) ਨਾਲ ਬਦਲ ਕੇ ਦੁਖਾਂਤਕ ਦੀ ਥਾਂ ਸੁਖਾਂਤਕ ਕਰ ਦਿਤਾ ਗਿਆ ਹੈ। ਫ਼ਿਲਮ ਉਦਯੋਗ ’ਚ ਸ਼ਾਇਦ ਅਜਿਹਾ ਪਹਿਲੀ ਵਾਰ ਹੋ ਸਕਦਾ ਹੈ। ਹਾਲਾਂਕਿ ਇਸ ਤੋਂ ਨਾਰਾਜ਼ ਫ਼ਿਲਮਦੇ ਨਿਰਦੇਸ਼ਕ ਆਨੰਦ ਐਲ. ਰਾਏ ਨੇ ਇਸ ਨੂੰ ‘ਮਨਹੂਸ ਪ੍ਰਯੋਗ’ ਕਰਾਰ ਦਿਤਾ ਹੈ। ਦੂਜੇ ਪਾਸੇ ਨਿਰਮਾਤਾ ਇਰੋਸ ਮੀਡੀਆ ਵਰਲਡ ਨੇ ਇਸ ਨੂੰ ‘ਰਚਨਾਤਮਕ ਮੁੜਕਲਪਨਾ’ ਦਸਿਆ ਹੈ।
ਤਾਮਿਲ ਸੁਪਰਸਟਾਰ ਧਨੁਸ਼ ਅਤੇ ਸੋਨਮ ਕਪੂਰ ਦੀ ਅਦਾਕਾਰੀ ਵਾਲੀ ਇਹ ਰੋਮਾਂਸ ਡਰਾਮਾ ਫਿਲਮ ਮੁੱਖ ਅਦਾਕਾਰ ਦੀ ਮੌਤ ਨਾਲ ਖਤਮ ਹੋ ਗਈ ਸੀ। ਪਰ ਹੁਣ ਘੱਟੋ-ਘੱਟ ਤਾਮਿਲ ਸੰਸਕਰਣ ਵਿਚ ਅਜਿਹਾ ਨਹੀਂ ਹੋਵੇਗਾ। ਫ਼ਿਲਮ 1 ਅਗੱਸਤ ਤੋਂ ਸਿਨੇਮਾਘਰਾਂ ’ਚ ਮੁੜ ਰਿਲੀਜ਼ ਹੋ ਰਹੀ ਹੈ।
ਨਿਰਾਸ਼ ਰਾਏ ਨੇ ਕਿਹਾ ਕਿ ‘ਰਾਂਝਣਾ’ ਨੂੰ ਨਵੇਂ ਅੰਤ ਦੀ ਲੋੜ ਨਹੀਂ ਸੀ। ਉਨ੍ਹਾਂ ਕਿਹਾ, ‘‘ਉਸ ਵਿਚ ਦਿਲ ਅਤੇ ਇਮਾਨਦਾਰੀ ਸੀ। ਇਹ ਇਕ ਖ਼ਾਸ ਫਿਲਮ ਬਣ ਗਈ ਕਿਉਂਕਿ ਲੋਕ ਇਸ ਨਾਲ ਇਸ ਦੀਆਂ ਕਮੀਆਂ ਅਤੇ ਖਾਮੀਆਂ ਨਾਲ ਜੁੜੇ ਹੋਏ ਸਨ। ਬਿਨਾਂ ਕਿਸੇ ਚਰਚਾ ਦੇ ਇਸ ਦੇ ਅੰਤ ਨੂੰ ਬਦਲਦੇ ਵੇਖਣਾ ਨਾ ਸਿਰਫ ਫਿਲਮ ਦੀ ਘੋਰ ਉਲੰਘਣਾ ਹੈ, ਬਲਕਿ ਉਨ੍ਹਾਂ ਪ੍ਰਸ਼ੰਸਕਾਂ ਦੇ ਵਿਸ਼ਵਾਸ ਦੀ ਵੀ ਉਲੰਘਣਾ ਹੈ ਜਿਨ੍ਹਾਂ ਨੇ 12 ਸਾਲਾਂ ਤੋਂ ਫਿਲਮ ਨੂੰ ਅਪਣੇ ਦਿਲਾਂ ਵਿਚ ਰੱਖਿਆ ਹੈ।’’
ਇਰੋਸ ਸਮੂਹ ਦੇ ਸੀ.ਈ.ਓ. ਪ੍ਰਦੀਪ ਦਿਵੇਦੀ ਨੇ ਕਿਹਾ, ‘‘ਅਸੀਂ ਰਾਏ ਦੇ ਦੋਸ਼ਾਂ ਨੂੰ ਸਪੱਸ਼ਟ ਤੌਰ ਉਤੇ ਰੱਦ ਕਰਦੇ ਹਾਂ, ਜੋ ਨਾ ਸਿਰਫ ਤੱਥਾਂ ਦੇ ਆਧਾਰ ਉਤੇ ਗਲਤ ਹਨ ਬਲਕਿ ਕਾਨੂੰਨੀ ਤੌਰ ਉਤੇ ਬੇਬੁਨਿਆਦ ਵੀ ਹਨ। ਦੁਬਾਰਾ ਰਿਲੀਜ਼ ਕਰਨਾ ਇਕ ਸਨਮਾਨਜਨਕ ਪੁਨਰ-ਵਿਆਖਿਆ ਹੈ ਨਾ ਕਿ ਮੂਲ ਨਾਲ ‘ਛੇੜਛਾੜ’ ਕਰਨਾ। ਇਹ ਸਪੱਸ਼ਟ ਤੌਰ ਉਤੇ ਇਕ ਵਿਕਲਪਕ, ਏ.ਆਈ.-ਵਧੇ ਹੋਏ ਸੰਸਕਰਣ ਵਜੋਂ ਸਥਾਪਤ ਕੀਤਾ ਗਿਆ ਹੈ- ਕਲਾਸਿਕ ਕੱਟਾਂ ਜਾਂ ਵਿਸ਼ਵਵਿਆਪੀ ਤੌਰ ਉਤੇ ਵੇਖੇ ਗਏ ਰੀ-ਐਡੀਟਾਂ ਦੇ ਸਮਾਨ।’’
ਕੰਪਨੀ ਨੇ ਕਿਹਾ ਕਿ ਭਾਰਤੀ ਕਾਨੂੰਨ ਦੇ ਤਹਿਤ ਸਿਨੇਮੈਟੋਗ੍ਰਾਫਿਕ ਕੰਮ ਦਾ ਨਿਰਮਾਤਾ ਉਸ ਦਾ ਕਾਨੂੰਨੀ ਲੇਖਕ ਹੁੰਦਾ ਹੈ ਅਤੇ ਨੈਤਿਕ ਅਧਿਕਾਰ ਨਿਰਮਾਤਾ ਕੋਲ ਹੁੰਦੇ ਹਨ ਨਾ ਕਿ ਨਿਰਦੇਸ਼ਕ ਕੋਲ। ‘ਰਾਂਝਣਾ’ ਦਾ ਨਿਰਦੇਸ਼ਨ ਰਾਏ ਨੇ ਹਿਮਾਂਸ਼ੂ ਸ਼ਰਮਾ ਵਲੋਂ ਲਿਖੀ ਕਹਾਣੀ ਤੋਂ ਕੀਤਾ ਸੀ।