Kangana Ranaut Emergency: ਕੰਗਨਾ ਰਨੌਤ ਦੀ ਨਵੀਂ ਫ਼ਿਲਮ ਦੇ ਟ੍ਰੇਲਰ ’ਤੇ ਸਿੱਖਾਂ ਦੀ ਪੇਸ਼ਕਾਰੀ ’ਤੇ ਉਠ ਸਕਦਾ ਹੈ ਨਵਾਂ ਵਿਵਾਦ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Kangana Ranaut Emergency: 'ਐਮਰਜੈਂਸੀ' ਦੇ ਟ੍ਰੇਲਰ 'ਚ ਸਿੱਖ ਕਿਰਦਾਰਾਂ ਨੂੰ ਖ਼ਾਲਿਸਤਾਨ ਨਾਲ ਜੁੜੇ ਤੇ ਵੱਡੇ ਪੱਧਰ 'ਤੇ ਦਹਿਸ਼ਤ ਪੈਦਾ ਕਰਦੇ ਵਿਖਾਇਆ ਗਿਆ

Kangana Ranaut Emergency trailor News in punjabi

Kangana Ranaut Emergency trailor News in punjabi : ਪਿਛਲੇ ਦਿਨੀਂ ਬਾਲੀਵੁੱਡ ਅਦਾਕਾਰਾ ਅਤੇ ਲੋਕ ਸਭਾ ਮੈਂਬਰ ਕੰਗਨਾ ਰਨੌਤ ਨੇ ਅਪਣੀ ਨਵੀਂ ਫ਼ਿਲਮ ਦਾ ਟਰੇਲਰ ਜਾਰੀ ਕਰ ਕੇ ਨਵੇਂ ਵਿਵਾਦ ਨੂੰ ਹਵਾ ਦੇ ਦਿਤੀ ਲਗਦੀ ਹੈ। ਹਮੇਸ਼ਾ ਵਿਵਾਦਾਂ ਕਾਰਨ ਸੁਰਖ਼ੀਆਂ ’ਚ ਰਹਿਣ ਵਾਲੀ ਕੰਗਨਾ ਦੀ ਨਵੀਂ ਫ਼ਿਲਮ ‘ਐਮਰਜੈਂਸੀ’ ਦਾ ਟਰੇਲਰ 14 ਅਗੱਸਤ ਨੂੰ ਜਾਰੀ ਹੋਇਆ ਸੀ ਅਤੇ ਇਹ ਫ਼ਿਲਮ 6 ਸਤੰਬਰ ਨੂੰ ਰਿਲੀਜ਼ ਵੀ ਹੋਣ ਵਾਲੀ ਹੈ।

ਇਹ ਫ਼ਿਲਮ ਇੰਦਰਾ ਗਾਂਧੀ ਦੇ ਜੀਵਨ ਅਤੇ ਉਨ੍ਹਾਂ ਦੇ ਸਿਆਸੀ ਕਰੀਅਰ ’ਤੇ ਅਧਾਰਤ ਹੈ। ਇਹ ਜੀਵਨੀ-ਸਿਆਸੀ ਡਰਾਮਾ ਕੰਗਨਾ ਵਲੋਂ ਹੀ ਨਿਰਦੇਸ਼ਤ ਕੀਤਾ ਗਿਆ ਹੈ ਅਤੇ ਉਹ ਖ਼ੁਦ ਹੀ ਇੰਦਰਾ ਗਾਂਧੀ ਦੀ ਮੁੱਖ ਭੂਮਿਕਾ ’ਚ ਹੈ। ਫ਼ਿਲਮ ’ਚ ਅਨੁਪਮ ਖੇਰ, ਸ਼੍ਰੇਅਸ ਤਲਪੜੇ, ਮਹਿਮਾ ਚੌਧਰੀ, ਮਿਲਿੰਦ ਸੋਮਨ ਅਤੇ ਸਤੀਸ਼ ਕੌਸ਼ਿਕ ਵੀ ਅਹਿਮ ਭੂਮਿਕਾਵਾਂ ’ਚ ਹਨ।  ਹਾਲਾਂਕਿ ਫ਼ਿਲਮ ਦਾ ਟਰੇਲਰ ਸਿੱਖਾਂ ਦੀ ਮਾੜੀ ਤਸਵੀਰ ਪੇਸ਼ ਕਰਦਾ ਹੈ ਜੋ ਹਮੇਸ਼ਾ ਕੰਗਨਾ ਰਣੌਤ ਦੇ ਨਿਸ਼ਾਨੇ ’ਤੇ ਰਹੇ ਹਨ। ਉਸ ਨੇ ਕਿਸਾਨ ਹੜਤਾਲ ਦੌਰਾਨ ਉਨ੍ਹਾਂ ਬਾਰੇ ਕੁੱਝ ਅਜੀਬ ਟਿਪਣੀਆਂ ਕੀਤੀਆਂ ਸਨ ਜਿਸ ਕਾਰਨ ਉਸ ਨੂੰ ਇਕ ਸਿੱਖ ਮਹਿਲਾ ਸੁਰੱਖਿਆ ਕਰਮਚਾਰੀ ਨੇ ਥੱਪੜ ਵੀ ਮਾਰਿਆ ਸੀ।

ਕੰਗਨਾ ਨੇ ਸਿੱਖਾਂ ਨੂੰ ਵਾਰ-ਵਾਰ ਖਾਲਿਸਤਾਨ ਸਾਬਤ ਕਰਨ ਵਾਲੇ ਦਾਅਵੇ ਕੀਤੇ ਹਨ। ਪਰ ਫਿਲਮ ’ਚ ਅਜਿਹਾ ਲਗਦਾ ਹੈ ਜਿਵੇਂ ਉਸ ਨੇ ਇਸ ਮਾਮਲੇ ਨੂੰ ਥੋੜ੍ਹਾ ਜਿਹਾ ਨਿੱਜੀ ਤੌਰ ’ਤੇ ਲਿਆ ਹੈ! ਫਿਲਮ ’ਚ ਸਿੱਖ ਕਿਰਦਾਰਾਂ ਨੂੰ ਖਾਲਿਸਤਾਨ ਨਾਲ ਜੁੜੇ ਅਤੇ ਵੱਡੇ ਪੱਧਰ ’ਤੇ ਦਹਿਸ਼ਤ ਪੈਦਾ ਕਰਦੇ ਵੇਖਿਆ ਜਾ ਸਕਦਾ ਹੈ। ਇਹੀ ਨਹੀਂ ਟਰੇਲਰ ’ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗਾ ਦਿਸਣ ਵਾਲਾ ਇਕ ਕਿਰਦਾਰ ਵੀ ਹੈ ਜੋ ਕਹਿ ਰਿਹਾ ਹੈ, ‘‘ਤੁਹਾਡੀ ਪਾਰਟੀ ਨੂੰ ਵੋਟ ਚਾਹੀਦੇ ਨੇ, ਤੇ ਸਾਨੂੰ ਚਾਹੀਦਾ ਹੈ ਖ਼ਾਲਿਸਤਾਨ।’’ ਹਾਲਾਂਕਿ ਯੂਟਿਊਬ ’ਤੇ ਜਾਰੀ ਇਸ ਟਰੇਲਰ ਦੇ ਕੁਮੈਂਟਾਂ ’ਚ ਕਈ ਲੋਕਾਂ ਨੇ ਇਸ ਦਿ੍ਰਸ਼ ਨੂੰ ਗ਼ਲਤ ਲਿਖਿਆ ਹੈ ਅਤੇ ਕਿਹਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਦੇ ਖ਼ਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ ਅਤੇ ਇਹ ਦ੍ਰਿਸ਼ ਗ਼ਲਤ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਈ ਲੋਕਾਂ ਨੇ ਫ਼ਿਲਮ ’ਤੇ ਪਾਬੰਦੀ ਲਾਉਣ ਦੀ ਵੀ ਮੰਗ ਕੀਤੀ ਹੈ। 

ਪਰ ਸੱਭ ਤੋਂ ਮਾੜੀ ਗੱਲ ਇਹ ਹੈ ਕਿ ਇਹ ਫ਼ਿਲਮ 1984 ਦੇ ਸਿੱਖ ਦੰਗਿਆਂ ਨੂੰ ਜਾਇਜ਼ ਠਹਿਰਾਉਣ ਤਕ ਜਾ ਸਕਦੀ ਹੈ। ਇਕ ਮੁਸ਼ਕਲ ਇਤਿਹਾਸ ਦਾ ਵਰਣਨ ਕੁੱਝ ਸੰਵੇਦਨਸ਼ੀਲਤਾ ਦੀ ਮੰਗ ਕਰਦਾ ਹੈ। ਜੇ ਕੋਈ ਫਿਲਮ ਨਿਰਮਾਤਾ ਅਪਣੇ ਨਿੱਜੀ ਪੱਖਪਾਤ ਦੇ ਅਧਾਰ ’ਤੇ ਕੰਮ ਕਰਦਾ ਹੈ ਤਾਂ ਇਸ ਨਾਲ ਭਾਵਨਾਵਾਂ ਨੂੰ ਢਾਹ ਲਗਣਾ ਲਾਜ਼ਮੀ ਹੈ।