ਨਯਨਤਾਰਾ ਨੇ ‘ਅੰਨਪੂਰਨਾ’ ਫਿਲਮ ਨੂੰ ਲੈ ਕੇ ਹੋਏ ਵਿਵਾਦ ਲਈ ਮੁਆਫੀ ਮੰਗੀ 

ਏਜੰਸੀ

ਮਨੋਰੰਜਨ, ਬਾਲੀਵੁੱਡ

ਰਾਮ ਬਾਰੇ ਵਿਵਾਦਮਈ ਟਿਪਣੀ ਅਤੇ ਲਵ ਜੇਹਾਦ ਨੂੰ ਉਤਸ਼ਾਹਤ ਕਰਨ ਦੇ ਲੱਗੇ ਸਨ ਦੋਸ਼

Nayanthara

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਨਯਨਤਾਰਾ ਨੇ ਹਾਲ ਹੀ ’ਚ ਆਈ ਤਾਮਿਲ ਫਿਲਮ ‘ਅੰਨਪੂਰਨੀ’ ਲਈ ਮੁਆਫੀ ਮੰਗੀ ਹੈ। ਫਿਲਮ ਦੇ ਓ.ਟੀ.ਟੀ. ਮੰਚ ’ਤੇ ਰਿਲੀਜ਼ ਹੋਣ ਦੇ ਇਕ ਹਫਤੇ ਬਾਅਦ ਨਿਰਮਾਤਾਵਾਂ ’ਤੇ ਧਾਰਮਕ ਭਾਵਨਾਵਾਂ ਨੂੰ ਢਾਹ ਪਹੁੰਚਾਉਣ ਦਾ ਦੋਸ਼ ਲੱਗਾ ਸੀ ਅਤੇ ਉਸ ਤੋਂ ਬਾਅਦ ਫਿਲਮ ਨੂੰ ਨੈੱਟਫਲਿਕਸ ਤੋਂ ਹਟਾ ਦਿਤਾ ਗਿਆ ਸੀ। 

ਫਿਲਮ ‘ਜਵਾਨ’ ’ਚ ਕੰਮ ਕਰ ਚੁਕੀ ਅਦਾਕਾਰਾ ਨੇ ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਕਿਹਾ ਕਿ ਇਹ ਫਿਲਮ ਵਿਵਾਦ ਪੈਦਾ ਕਰਨ ਲਈ ਨਹੀਂ ਸਗੋਂ ਪ੍ਰੇਰਿਤ ਕਰਨ ਲਈ ਬਣਾਈ ਗਈ ਹੈ। ਨਯਨਤਾਰਾ (39) ਨੇ ਪੋਸਟ ’ਚ ਲਿਖਿਆ, ‘‘ਜੈ ਸ਼੍ਰੀ ਰਾਮ। ਮੈਂ ਇਹ ਚਿੱਠੀ ਭਾਰੀ ਦਿਲ ਨਾਲ ਅਤੇ ਸਾਡੀ ਫਿਲਮ ਅੰਨਪੂਰਨੀ ਨਾਲ ਜੁੜੇ ਤਾਜ਼ਾ ਵਿਵਾਦਾਂ ਬਾਰੇ ਲਿਖ ਰਿਹਾ ਹਾਂ। ਅੰਨਪੂਰਨੀ ਬਣਾਉਣ ਦੀ ਕੋਸ਼ਿਸ਼ ਸਿਰਫ ਸਿਨੇਮਾ ਲਈ ਨਹੀਂ ਸੀ ਬਲਕਿ ਇਹ ਪ੍ਰੇਰਣਾ ਅਤੇ ਕਦੇ ਹਾਰ ਨਾ ਮੰਨਣ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਸੀ। ਇਸ ਦਾ ਉਦੇਸ਼ ਜ਼ਿੰਦਗੀ ਦੀ ਯਾਤਰਾ ’ਤੇ ਪ੍ਰਤੀਬਿੰਬਤ ਕਰਨਾ ਹੈ ਜਿੱਥੇ ਅਸੀਂ ਸਿੱਖਦੇ ਹਾਂ ਕਿ ਕਿਵੇਂ ਰੁਕਾਵਟਾਂ ਨੂੰ ਮਜ਼ਬੂਤ ਇੱਛਾ ਸ਼ਕਤੀ ਨਾਲ ਦੂਰ ਕੀਤਾ ਜਾ ਸਕਦਾ ਹੈ। ਇਕ ਸਕਾਰਾਤਮਕ ਸੰਦੇਸ਼ ਸਾਂਝਾ ਕਰਨ ਦੀ ਸਾਡੀ ਕੋਸ਼ਿਸ਼ ’ਚ, ਅਸੀਂ ਅਣਜਾਣੇ ’ਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।’’

ਅੰਨਪੂਰਨੀ ’ਚ, ਅਭਿਨੇਤਰੀ ਨੇ ਇਕ ਅਜਿਹੀ ਔਰਤ ਦਾ ਕਿਰਦਾਰ ਨਿਭਾਇਆ ਹੈ ਜਿਸਦਾ ਉਦੇਸ਼ ਦੇਸ਼ ’ਚ ਸੱਭ ਤੋਂ ਵਧੀਆ ਸ਼ੈੱਫ ਬਣਨਾ ਹੈ ਪਰ ਅਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਉਸਨੂੰ ਮਾਸਾਹਾਰੀ ਭੋਜਨ ਪਕਾਉਣਾ ਪੈਂਦਾ ਹੈ। ਨੀਲੇਸ਼ ਕ੍ਰਿਸ਼ਨਾਵਲੋਂ ਨਿਰਦੇਸ਼ਤ ਇਹ ਫਿਲਮ ਪਿਛਲੇ ਸਾਲ ਦਸੰਬਰ ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ ਅਤੇ ਚਾਰ ਹਫ਼ਤਿਆਂ ਬਾਅਦ ਨੈੱਟਫਲਿਕਸ ’ਤੇ ਆਈ ਸੀ। ਫਿਲਮ ਨੇ ਪਿਛਲੇ ਹਫਤੇ ਵਿਵਾਦ ਖੜਾ ਕਰ ਦਿਤਾ ਸੀ ਜਦੋਂ ਨਯਨਤਾਰਾ ਅਤੇ ਨਿਰਮਾਤਾਵਾਂ ਵਿਰੁਧ ਦੋ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। 

ਸ਼ਿਕਾਇਤਾਂ ’ਚ ਦੋਸ਼ ਲਾਇਆ ਗਿਆ ਹੈ ਕਿ ਫਿਲਮ ਦੇ ਕੁੱਝ ਦ੍ਰਿਸ਼ਾਂ ਨੇ ਹਿੰਦੂ ਭਾਈਚਾਰੇ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਫਿਲਮ ’ਚ ਭਗਵਾਨ ਰਾਮ ਬਾਰੇ ਵਿਵਾਦਪੂਰਨ ਟਿਪਣੀ ਹੈ ਅਤੇ ਲਵ ਜੇਹਾਦ ਨੂੰ ਵੀ ਉਤਸ਼ਾਹਤ ਕਰਦੀ ਹੈ। ਵਿਵਾਦ ਦੇ ਵਿਚਕਾਰ ਨਿਰਮਾਤਾਵਾਂ ਵਲੋਂ ਫਿਲਮ ਨੂੰ ਨੈੱਟਫਲਿਕਸ ਤੋਂ ਹਟਾ ਦਿਤਾ ਗਿਆ ਸੀ। 

ਨਯਨਤਾਰਾ ਨੇ ਅਪਣੀ ਪੋਸਟ ’ਚ ਕਿਹਾ ਕਿ ਫਿਲਮ ਦੇ ਜ਼ਰੀਏ ਟੀਮ ਇਕ ਸਕਾਰਾਤਮਕ ਸੰਦੇਸ਼ ਸਾਂਝਾ ਕਰਨਾ ਚਾਹੁੰਦੀ ਸੀ ਅਤੇ ਉਨ੍ਹਾਂ ਨੂੰ ਕਦੇ ਉਮੀਦ ਨਹੀਂ ਸੀ ਕਿ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਫਿਲਮ ਨੂੰ ਸਟ੍ਰੀਮਿੰਗ ਪਲੇਟਫਾਰਮ ਤੋਂ ਹਟਾ ਦਿਤਾ ਜਾਵੇਗਾ।