ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਹਮਲੇ ਦਾ ਸ਼ੱਕੀ ਛੱਤੀਸਗੜ੍ਹ ’ਚ ਰੇਲ ਗੱਡੀ ਤੋਂ ਫੜਿਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸ਼ੱਕੀ ਦੀ ਪਛਾਣ ਆਕਾਸ਼ ਕੈਲਾਸ਼ ਕਨੋਜੀਆ (31) ਵਜੋਂ ਹੋਈ ਹੈ,

The suspect of the attack on actor Saif Ali Khan was caught from the train in Chhattisgarh

ਦੁਰਗ  : ਰੇਲਵੇ ਪੁਲਿਸ ਫੋਰਸ (ਆਰ.ਪੀ.ਐਫ.) ਨੇ ਅਦਾਕਾਰ ਸੈਫ ਅਲੀ ’ਤੇ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ’ਚ ਸਨਿਚਰਵਾਰ ਦੁਪਹਿਰ ਨੂੰ ਛੱਤੀਸਗੜ੍ਹ ਦੇ ਦੁਰਗ ਰੇਲਵੇ ਸਟੇਸ਼ਨ ’ਤੇ ਇਕ ਸ਼ੱਕੀ ਵਿਅਕਤੀ ਨੂੰ ਰੇਲ ਗੱਡੀ ’ਚੋਂ ਹਿਰਾਸਤ ’ਚ ਲਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਆਰ.ਪੀ.ਐਫ. ਅਧਿਕਾਰੀ ਨੇ ਦਸਿਆ ਕਿ ਸ਼ੱਕੀ ਦੀ ਪਛਾਣ ਆਕਾਸ਼ ਕੈਲਾਸ਼ ਕਨੋਜੀਆ (31) ਵਜੋਂ ਹੋਈ ਹੈ, ਜੋ ਮੁੰਬਈ ਲੋਕਮਾਨਿਆ ਤਿਲਕ ਟਰਮੀਨਸ (ਐਲ.ਟੀ.ਟੀ.) ਅਤੇ ਕੋਲਕਾਤਾ ਸ਼ਾਲੀਮਾਰ ਵਿਚਕਾਰ ਚੱਲਣ ਵਾਲੀ ਗਿਆਨੇਸ਼ਵਰੀ ਐਕਸਪ੍ਰੈਸ ਤੋਂ ਸਫ਼ਰ ਕਰ ਰਿਹਾ ਸੀ। 

ਉਨ੍ਹਾਂ ਨੇ ਦਸਿਆ ਕਿ ਦੁਪਹਿਰ ਕਰੀਬ 12:30 ਵਜੇ ਦੁਰਗ ’ਚ ਆਰ.ਪੀ.ਐਫ. ਚੌਕੀ ਨੂੰ ਮੁੰਬਈ ਪੁਲਿਸ ਤੋਂ ਸੂਚਨਾ ਮਿਲੀ ਕਿ ਸੈਫ਼ ਅਲੀ ਖਾਨ ’ਤੇ ਹਮਲੇ ਦਾ ਸ਼ੱਕੀ ਗਿਆਨੇਸ਼ਵਰੀ ਐਕਸਪ੍ਰੈਸ ’ਚ ਸਫ਼ਰ ਕਰ ਰਿਹਾ ਹੈ। ਨਾਲ ਹੀ ਮੁੰਬਈ ਪੁਲਿਸ ਨੇ ਆਰ.ਪੀ.ਐਫ. ਨੂੰ ਉਸ ਦੀ ਤਸਵੀਰ ਭੇਜੀ ਅਤੇ ਉਨ੍ਹਾਂ ਨੂੰ ਇਹ ਵੀ ਦਸਿਆ ਕਿ ਉਹ ਅਪਣੇ ਮੋਬਾਈਲ ਫੋਨ ਅਨੁਸਾਰ ਇਸ ਸਮੇਂ ਕਿੱਥੇ ਹੈ। 

ਅਧਿਕਾਰੀ ਨੇ ਦਸਿਆ ਕਿ ਆਰ.ਪੀ.ਐਫ. ਦੁਰਗ ਨੇ ਰਾਜਨੰਦਗਾਓਂ ਸਟੇਸ਼ਨ (ਇਹ ਸਟੇਸ਼ਨ ਮੁੰਬਈ-ਹਾਵੜਾ ਰੇਲਵੇ ਮਾਰਗ ’ਤੇ ਦੁਰਗ ਤੋਂ ਪਹਿਲਾਂ ਆਉਂਦਾ ਹੈ) ’ਤੇ ਅਪਣੇ ਹਮਰੁਤਬਾ ਨੂੰ ਸ਼ੱਕੀ ਬਾਰੇ ਸੂਚਿਤ ਕੀਤਾ ਪਰ ਜਦੋਂ ਰੇਲ ਗੱਡੀ ਉੱਥੇ ਰੁਕੀ ਤਾਂ ਉਸ ਦਾ ਪਤਾ ਨਹੀਂ ਲੱਗ ਸਕਿਆ। 

ਉਨ੍ਹਾਂ ਦਸਿਆ ਕਿ ਦੁਰਗ ਸਟੇਸ਼ਨ ’ਤੇ ਦੋ ਟੀਮਾਂ ਤਿਆਰ ਰੱਖੀਆਂ ਗਈਆਂ ਸਨ ਅਤੇ ਜਦੋਂ ਰੇਲ ਗੱਡੀ ਪਹੁੰਚੀ ਤਾਂ ਸ਼ੱਕੀ ਜਨਰਲ ਡੱਬੇ ’ਚ ਮਿਲਿਆ। ਉਸ ਦੀ ਤਸਵੀਰ ਮੁੰਬਈ ਪੁਲਿਸ ਨੂੰ ਭੇਜੀ ਗਈ, ਜਿਸ ਨੇ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ। ਜਦੋਂ ਹਮਲਾਵਰ ਅਦਾਕਾਰ ਦੀ ਇਮਾਰਤ ਦੀਆਂ ਪੌੜੀਆਂ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਉਸ ਦੀ ਇਹ ਹਰਕਤ ਕੈਮਰੇ ’ਚ ਕੈਦ ਹੋ ਗਈ ਸੀ। (ਪੀਟੀਆਈ)