Punjab News: ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਰਣਵੀਰ ਇਲਾਹਾਬਾਦੀਆ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

ਏਜੰਸੀ

ਮਨੋਰੰਜਨ, ਬਾਲੀਵੁੱਡ

ਕੌਮੀ ਬਾਲ ਅਧਿਕਾਰ ਕਮਿਸ਼ਨ ਨੂੰ ਲਿਖੀ ਚਿੱਠੀ

Punjab Child Rights Commission demands action against Ranveer Allahabadia

 

Punjab News: ਸਮਾਜੀ ਕਦਰਾਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਲਈ ਫ਼ਿਕਰਮੰਦ ਰਹਿਣ ਵਾਲ਼ੇ ਪੰਡਿਤਰਾਓ ਸੀ. ਧਰੇਨਵਰ ਦੀ ਸ਼ਿਕਾਇਤ 'ਤੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਇੱਕ ਚਿੱਠੀ ਰਾਹੀਂ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੂੰ ਸਮਯ ਰੈਣਾ ਅਤੇ ਰਣਵੀਰ ਇਲਾਹਾਬਾਦੀਆ ਨੂੰ ਤਲਬ ਕਰਨ ਅਤੇ ਉਹਨਾਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ।

ਚੰਡੀਗੜ੍ਹ ਦੇ ਸੈਕਟਰ-46 ਵਿੱਚ ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਵਿੱਚ ਸਮਾਜ ਸ਼ਾਸਤਰ ਦੇ ਸਹਾਇਕ ਪ੍ਰੋਫੈਸਰ ਪੰਡਿਤਰਾਓ ਸੀ. ਧਰੇਨਾਵਰ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਇਹ ਚਿੱਠੀ ਲਿਖੀ ਗਈ ਹੈ। 

ਚਿੱਠੀ ਵਿੱਚ ਅੱਲ੍ਹੜ ਬੱਚਿਆਂ ਦੀ ਸ਼ਮੂਲੀਅਤ ਵਾਲ਼ੇ ਡਿਜੀਟਲ ਪਲੇਟਫਾਰਮ ਸ਼ੋਅ 'ਇੰਡੀਆ'ਜ਼ ਗੌਟ ਲੇਟੈਂਟ' ਵਿੱਚ ਅਸ਼ਲੀਲ ਭਾਸ਼ਾ ਦੀ ਵਰਤੋਂ, ਸੱਭਿਆਚਾਰਕ ਗਿਰਾਵਟ ਅਤੇ ਬੱਚਿਆਂ ਦੇ ਇਖਲਾਕ 'ਤੇ ਪੈਣ ਵਾਲੇ ਨੁਕਸਾਨਦੇਹ ਅਸਰਾਂ ਦਾ ਜ਼ਿਕਰ ਕੀਤਾ ਗਿਆ ਹੈ। 

ਚਿੱਠੀ ਵਿੱਚ ਸਮਯ ਰੈਣਾ ਅਤੇ ਰਣਵੀਰ ਅਲਾਹਬਦੀਆ ਨੂੰ ਤਲਬ ਕਰਨ ਅਤੇ ਢੁਕਵੀਂ ਕਾਨੂੰਨੀ ਕਾਰਵਾਈ ਕਰਨ ਵਰਗੀ ਕਾਰਵਾਈ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਹੈ।

 ਸਮਾਜਿਕ ਕਦਰਾਂ-ਕੀਮਤਾਂ ਵਿੱਚ ਆਈ ਗਿਰਾਵਟ ਤੋਂ ਫ਼ਿਕਰਮੰਦ ਪੰਡਿਤਰਾਓ ਸੀ. ਧਰੇਨਵਰ ਦੀ ਸ਼ਿਕਾਇਤ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦਿਆਂ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਨੂੰ ਵੀ ਚਿੱਠੀ ਲਿਖ ਕੇ ਓਟੀਟੀ ਅਤੇ ਡਿਜੀਟਲ ਪਲੇਟਫਾਰਮਾਂ 'ਤੇ ਅਪਲੋਡ ਕੀਤੀ ਜਾ ਰਹੀ ਸਮੱਗਰੀ ਨੂੰ ਨਿਯਮਤ ਕਰਨ ਲਈ ਸਖਤ ਨੀਤੀ, ਦਿਸ਼ਾ ਨਿਰਦੇਸ਼ ਜਾਂ ਕਾਨੂੰਨ ਬਣਾਉਣ ਲਈ ਕਿਹਾ ਹੈ।
         

ਸਭ ਤੋਂ ਅਹਿਮ ਗੱਲ ਇਹ ਹੈ ਕਿ ਚਿੱਠੀ ਵਿੱਚ ਬਾਲ ਸੁਰੱਖਿਆ ਐਕਟ ਦੇ ਮੁਤਾਬਕ ਓਟੀਟੀ ਸਮੱਗਰੀ ਦੀ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਲੋੜ ਪੈਣ 'ਤੇ ਕਾਨੂੰਨੀ ਉਪਾਅ ਜਾਂ ਸੋਧਾਂ ਪੇਸ਼ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।  

ਨੌਜਵਾਨਾਂ ਦੇ ਦਿਮਾਗ 'ਤੇ ਡਿਜੀਟਲ ਸਮੱਗਰੀ ਦੇ ਡੂੰਘੇ ਅਸਰ ਨੂੰ ਧਿਆਨ ਵਿੱਚ ਰੱਖਦੇ ਹੋਏ, ਕਮਿਸ਼ਨ ਨੇ ਮੰਤਰਾਲੇ ਨੂੰ ਇਸ ਚਿੰਤਾ ਨੂੰ ਦੂਰ ਕਰਨ ਲਈ ਵਾਜਬ ਅਤੇ ਫੌਰੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ, ਤਾਂ ਜੋ ਬੱਚਿਆਂ ਅਤੇ ਜਨਤਾ ਲਈ ਇੱਕ ਸੁਰੱਖਿਅਤ ਡਿਜੀਟਲ ਪਲੇਟਫਾਰਮ ਨੂੰ ਯਕੀਨੀ ਬਣਾਇਆ ਜਾ ਸਕੇ। ਪੱਤਰ ਵਿੱਚ ਸੂਚਨਾ ਤਕਨਾਲੋਜੀ ਐਕਟ, 2000 ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ ਹੈ।