ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅਦਾਕਾਰ ਰਾਜਪਾਲ ਯਾਦਵ ਨੂੰ ਚੈਕ ਬਾਊਂਸ ਮਾਮਲੇ ਵਿਚ ਜੇਲ ਭੇਜਣ ਤੋਂ ਇਨਕਾਰ ਕਰਦਿਆਂ ਉਸ ਦੀ ਸਜ਼ਾ ਨੂੰ ਇਕ ਅਪ੍ਰੈਲ ਤੱਕ ਮੁਅੱਤਲ ਕਰ ਦਿਤਾ ਹੈ। ਜਸਟਿਸ ਸਵਰਣਾ ਕਾਂਤਾ ਸ਼ਰਮਾ ਨੇ ਕਿਹਾ, ‘‘ਮੈਂ ਮੁੱਖ ਪਟੀਸ਼ਨ ਸੁਣ ਰਹੀ ਹਾਂ। ਉਸ ਨੇ ਵੱਡੀ ਰਕਮ ਅਦਾ ਕੀਤੀ ਹੈ। ਮੈਂ ਮਾਮਲੇ ਦਾ ਫੈਸਲਾ ਕਰਾਂਗੀ।’’
ਯਾਦਵ ਨੇ ਅਦਾਲਤ ਵਿਚ 25 ਲੱਖ ਰੁਪਏ ਦਾ ਡੀ.ਡੀ. ਪੇਸ਼ ਕੀਤਾ, ਉਹ ਜਦਕਿ ਪਹਿਲਾਂ ਹੀ 4.25 ਕਰੋੜ ਜਮ੍ਹਾਂ ਕਰ ਚੁੱਕਾ ਹੈ। ਸ਼ਿਕਾਇਤਕਰਤਾ ਦੇ ਵਕੀਲ ਨੇ ਸਜ਼ਾ ਮੁਅੱਤਲੀ ਰੱਦ ਕਰਨ ਦੀ ਅਰਜ਼ੀ ਦਾਇਰ ਕੀਤੀ ਸੀ, ਪਰ ਅਦਾਲਤ ਨੇ ਕਿਹਾ, ‘‘ਉਹ ਭੱਜ ਨਹੀਂ ਰਿਹਾ… ਉਸ ਨੇ ਤੁਹਾਨੂੰ ਪੈਸੇ ਦਿਤੇ ਹਨ।
ਅਗਲੀ ਤਰੀਕ ’ਤੇ ਜੇ ਫੈਸਲਾ ਤੁਹਾਡੇ ਹੱਕ ਵਿਚ ਹੋਇਆ ਤਾਂ ਰਕਮ ਤੁਹਾਨੂੰ ਮਿਲੇਗੀ।’’ ਇਹ ਮਾਮਲਾ 2018 ਦੀ ਮੈਜਿਸਟ੍ਰੇਟ ਅਦਾਲਤ ਦੀ ਸਜ਼ਾ ਨਾਲ ਜੁੜਿਆ ਹੈ, ਜਿਸ ਵਿਚ ਯਾਦਵ ਨੂੰ ਛੇ ਮਹੀਨੇ ਦੀ ਕੈਦ ਸੁਣਾਈ ਗਈ ਸੀ। ਯਾਦਵ ਨੇ ਦਲੀਲ ਦਿਤੀ ਕਿ ਇਹ ਲੈਣ-ਦੇਣ ਫਿਲਮ ਨਿਰਮਾਣ ਲਈ ਸੀ, ਜੋ ਬਾਕਸ ਆਫਿਸ ’ਤੇ ਨਾਕਾਮ ਰਹੀ। ਅਗਲੀ ਸੁਣਵਾਈ ਇਕ ਅਪ੍ਰੈਲ ਨੂੰ ਹੋਵੇਗੀ। (ਪੀ.ਟੀ.ਆਈ.)