ਕਾਲੇ ਧਨ ਨੂੰ ਚਿੱਟਾ ਕਰਨ ਦਾ ਮਾਮਲਾ: FIR ਰੱਦ ਕਰਵਾਉਣ ਲਈ ਅਦਾਲਤ ਪੁੱਜੀ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼

ਏਜੰਸੀ

ਮਨੋਰੰਜਨ, ਬਾਲੀਵੁੱਡ

ਜੈਕਲੀਨ ਦੀ ਪਟੀਸ਼ਨ ’ਤੇ ਇਸੇ ਹਫਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ।

Jacqueline Fernandez

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾਂ ਕਰਨ) ਦੇ ਮਾਮਲੇ ’ਚ ਅਪਣੇ ਵਿਰੁਧ ਦਰਜ ਐਫ.ਆਈ.ਆਰ. ਨੂੰ ਰੱਦ ਕਰਨ ਲਈ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

ਜੈਕਲੀਨ ਦੀ ਪਟੀਸ਼ਨ ’ਤੇ ਇਸੇ ਹਫਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ। ਪਟੀਸ਼ਨ ’ਚ ਇਸ ਮਾਮਲੇ ’ਚ ਈ.ਡੀ. ਵਲੋਂ ਦਾਇਰ ਦੂਜੀ ਪੂਰਕ ਚਾਰਜਸ਼ੀਟ ਅਤੇ ਹੇਠਲੀ ਅਦਾਲਤ ’ਚ ਵਿਚਾਰ ਅਧੀਨ ਸਬੰਧਤ ਕਾਰਵਾਈ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਗਈ ਹੈ। ਜੈਕਲੀਨ ਦੀ ਦਲੀਲ ਹੈ, ‘‘ਸ਼ੁਰੂ ’ਚ ਕਿਹਾ ਗਿਆ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਾਇਰ ਕੀਤੇ ਗਏ ਸਬੂਤ ਇਹ ਸਾਬਤ ਕਰਨਗੇ

ਕਿ ਪਟੀਸ਼ਨਕਰਤਾ (ਜੈਕਲੀਨ ਫਰਨਾਂਡੀਜ਼) ਸੁਕੇਸ਼ ਚੰਦਰਸ਼ੇਖਰ ਦੇ ਦੁਸ਼ਟ ਨਿਸ਼ਾਨੇ ਵਾਲੇ ਹਮਲੇ ਦੀ ਨਿਰਦੋਸ਼ ਪੀੜਤ ਹੈ। ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਉਸ (ਜੈਕਲੀਨ) ਦੀ ਕਥਿਤ ਤੌਰ ’ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਕਮਾਏ ਕਾਲੇ ਧਨ ਨੂੰ ਚਿੱਟਾ ਕਰਨ ’ਚ ਮਦਦ ਕਰਨ ’ਚ ਕੋਈ ਸ਼ਮੂਲੀਅਤ ਸੀ। ਇਸ ਲਈ ਉਸ ’ਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀ ਧਾਰਾ 3 ਅਤੇ 4 ਤਹਿਤ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ।’’