ਸ਼ਾਹਰੁਖ਼ ਖ਼ਾਨ ਤੋਂ ਰਿਸ਼ਵਤ ਮੰਗਣ ਦੇ ਮਾਮਲੇ ’ਚ ਸੈਮ ਡਿਸੂਜਾ ਤੋਂ ਪੁੱਛ-ਪੜਤਾਲ

ਏਜੰਸੀ

ਮਨੋਰੰਜਨ, ਬਾਲੀਵੁੱਡ

ਸ਼ਾਹਰੁਖ ਖਾਨ 'ਤੇ 25 ਕਰੋੜ ਦੀ ਰਿਸ਼ਵਤ ਲੈਣ ਦਾ ਦੋਸ਼ ਹੈ

photo

 

ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਕੋਰਡੇਲੀਆ ਕਰੂਜ਼ ਜਹਾਜ਼ ’ਤੇ 2021 ’ਚ ਨਸ਼ੀਲੇ ਪਦਾਰਥ ਮਿਲਣ ਨਾਲ ਜੁੜੇ ਰਿਸ਼ਵਤਖੋਰੀ ਦੇ ਇਕ ਮਾਮਲੇ ’ਚ ਮੁਲਜ਼ਮ ਸੈਨਵਿਲੇ ਉਰਫ਼ ਸੈਮ ਡਿਸੂਜਾ ਤੋਂ ਮੰਗਲਵਾਰ ਨੂੰ ਪੁੱਛ-ਪੜਤਾਲ ਕੀਤੀ।

 ਇਹ ਮਾਮਲੇ ਅਦਾਕਾਰ ਸ਼ਾਹਰੁਖ਼ ਖ਼ਾਨ ਤੋਂ, ਉਨ੍ਹਾਂ ਦੇ ਪੁੱਤਰ ਆਰਿਅਨ ਨੂੰ ਨਸ਼ੀਲੇ ਪਦਾਰਥ ਜ਼ਬਤੀ ਮਾਮਲੇ ’ਚ ਨਾ ਫਸਾਉਣ ਲਈ ਕਥਿਤ ਤੌਰ ’ਤੇ 25 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਨਾਲ ਸਬੰਧਤ ਹੈ।

ਅਧਿਕਾਰੀਆਂ ਨੇ ਦਸਿਆ ਕਿ ਏਜੰਸੀ ਨੇ ਡਿਸੂਜਾ ਨੂੰ ਪਿਛਲੇ ਹਫ਼ਤੇ ਤੀਜਾ ਨੋਟਿਸ ਦਿਤਾ ਸੀ, ਜਿਸ ’ਚ ਉਸ ਨੂੰ ਪੁੱਛ-ਪੜਤਾਲ ਲਈ ਸੀ.ਬੀ.ਆਈ. ਦੇ ਦਿੱਲੀ ਸਥਿਤ ਦਫ਼ਤਰ ’ਚ ਪੇਸ਼ ਹੋਣ ਨੂੰ ਕਿਹਾ ਗਿਆ ਸੀ।

 ਸੀ.ਬੀ.ਆਈ. ਅਨੁਸਾਰ ਡਿਸੂਜਾ ਨੇ ਮਾਮਲੇ ’ਚ ਆਰੀਅਨ ਦੀ ਮਦਦ ਲਈ ਸ਼ਾਹਰੁਖ਼ ਖ਼ਾਨ ਦੀ ਮੈਨੇਜਰ ਅਤੇ ਗਵਾਹ ਕੇ.ਵੀ. ਗੋਸਾਵੀ ਵਿਚਕਾਰ ਕਥਿਤ ਤੌਰ ’ਤੇ ਸਮਝੌਤਾ ਕਰਵਾਇਆ ਸੀ।

 ਐਨ.ਸੀ.ਬੀ. ਨੇ ਤਿੰਨ ਅਕਤੂਬਰ, 2021 ਨੂੰ ਕਾਰਡੇਲੀਆ ਕਰੂਜ਼ ਜਹਾਜ਼ ’ਤੇ ਛਾਪੇ ਤੋਂ ਬਾਅਦ ਆਰੀਅਨ ਨੂੰ ਗ੍ਰਿਫ਼ਤਾਰ ਕੀਤਾ ਸੀ। ਬੰਬਈ ਹਾਈ ਕੋਰਟ ਨੇ 28 ਅਕਤੂਬਰ, 2021 ਨੂੰ ਉਨ੍ਹਾਂ ਨੂੰ ਜ਼ਮਾਨਤ ਦੇ ਦਿਤੀ ਸੀ। ਉਹ 25 ਦਿਨ ਜੇਲ ’ਚ ਰਹੇ ਸਨ।

 ਇਸ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਪ੍ਰਭਾਕਰ ਸੇਲ ਨਾਂ ਦੇ ਇਕ ‘ਸੁਤੰਤਰ ਗਵਾਹ’ ਨੇ 2021 ’ਚ ਦਾਅਵਾ ਕੀਤਾ ਸੀ ਕਿ ਆਰੀਅਨ ਖ਼ਾਨ ਨੂੰ ਛੱਡਣ ਲਈ ਐਨ.ਸੀ.ਬੀ. ਦੇ ਇਕ ਅਧਿਕਾਰੀ ਅਤੇ ਗਵਾਹ ਗੋਸਾਵੀ ਸਮੇਤ ਹੋਰ ਲੋਕਾਂ ਨੇ 25 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ। 

ਪ੍ਰਭਾਕਰ ਦੀ ਹੁਣ ਮੌਤ ਹੋ ਚੁਕੀ ਹੈ। ਐਨ.ਸੀ.ਬੀ. ਨੇ 27 ਮਈ, 2022 ਨੂੰ 14 ਮੁਲਜ਼ਮਾਂ ਵਿਰੁਧ 6 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ’ਚ ਆਰੀਅਨ ਖ਼ਾਨ ਨੂੰ ਕਲੀਨ ਚਿੱਟ ਦੇ ਦਿਤੀ ਗਈ ਸੀ।