ਫਵਾਦ ਖਾਨ ਨੇ ਭਾਰਤੀ ਪ੍ਰਸ਼ੰਸਕਾਂ ਤੋਂ ਬਹੁਤ ਲੰਮੀ ਉਡੀਕ ਕਰਨ ਲਈ ਮੁਆਫੀ ਮੰਗੀ, ਹੁਣ ਨਵੇਂ ਸ਼ੋਅ ’ਚ ਆਉਣਗੇ ਨਜ਼ਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਫ਼ਵਾਦ ਨੂੰ ਆਖਰੀ ਵਾਰ ਭਾਰਤ ’ਚ 2016 ਦੌਰਾਨ ਆਈ ਫਿਲਮ ‘ਏ ਦਿਲ ਹੈ ਮੁਸ਼ਕਿਲ’ ’ਚ ਵੇਖਿਆ ਗਿਆ ਸੀ

Fawad Khan.

ਨਵੀਂ ਦਿੱਲੀ: ਪਾਕਿਸਤਾਨੀ ਅਦਾਕਾਰ ਫਵਾਦ ਖਾਨ ਨੇ ਭਾਰਤੀ ਪ੍ਰਸ਼ੰਸਕਾਂ ਤੋਂ ਲੰਮੇ ਸਮੇਂ ਤਕ ਉਡੀਕ ਕਰਵਾਉਣ ਲਈ ਮੁਆਫੀ ਮੰਗੀ ਹੈ। ਉਨ੍ਹਾਂ ਨੇ ਇਹ ਵੀ ਉਮੀਦ ਕੀਤੀ ਕਿ ਭਾਰਤੀ ਦਰਸ਼ਕ ਉਨ੍ਹਾਂ ਦੇ ਕੰਮ ਨੂੰ ਪਸੰਦ ਕਰਦੇ ਰਹਿਣਗੇ। 

ਪਾਕਿਸਤਾਨੀ ਟੀ.ਵੀ. ਸ਼ੋਅ ਜ਼ਰੀਏ ਪ੍ਰਸਿੱਧੀ ਹਾਸਲ ਕਰਨ ਵਾਲੇ ਅਤੇ ਥੋੜ੍ਹੇ ਸਮੇਂ ਲਈ ਹਿੰਦੀ ਫਿਲਮਾਂ ’ਚ ਵੀ ਨਜ਼ਰ ਆਉਣ ਵਾਲੇ ਫਵਾਦ ਨੂੰ ਆਖਰੀ ਵਾਰ ਭਾਰਤ ’ਚ 2016 ਦੌਰਾਨ ਆਈ ਫਿਲਮ ‘ਏ ਦਿਲ ਹੈ ਮੁਸ਼ਕਿਲ’ ’ਚ ਵੇਖਿਆ ਗਿਆ ਸੀ। ਹੁਣ ਉਹ ਸ਼ੋਅ ‘ਬਰਜਾਖ’ ’ਚ ਨਜ਼ਰ ਆਉਣਗੇ। 

ਇਕ ਆਨਲਾਈਨ ਇੰਟਰਵਿਊ ’ਚ ਉਨ੍ਹਾਂ ਕਿਹਾ, ‘‘ਮੈਂ ਹਮੇਸ਼ਾ ਉਨ੍ਹਾਂ ਪ੍ਰਸ਼ੰਸਕਾਂ ਦਾ ਧੰਨਵਾਦੀ ਰਿਹਾ ਹਾਂ ਜਿਨ੍ਹਾਂ ਨੇ ਮੇਰੀ ਉਡੀਕ ਕੀਤੀ ਅਤੇ ਮੈਂ ਉਨ੍ਹਾਂ ਤੋਂ ਇੰਨੇ ਲੰਮੇ ਸਮੇਂ ਤਕ ਉਡੀਕ ਕਰਵਾਉਣ ਲਈ ਮੁਆਫੀ ਮੰਗਦਾ ਹਾਂ। ਪਰ ਇਹ ਮੇਰੇ ਹੱਥ ’ਚ ਨਹੀਂ ਸੀ।’’

ਉਨ੍ਹਾਂ ਕਿਹਾ, ‘‘ਮੇਰਾ ਪੱਕਾ ਭਰੋਸਾ ਹੈ ਕਿ ਹਰ ਚੀਜ਼ ਦਾ ਅਪਣਾ ਸਮਾਂ ਹੁੰਦਾ ਹੈ। ਤੁਸੀਂ ਕਹਿੰਦੇ ਹੋ ਕਿ ‘ਦੂਰੀ ਦਿਲ ਨੂੰ ਹੋਰ ਨੇੜੇ ਲੈ ਆਉਂਦੀ ਹੈ’ ਪਰ ਸਾਡੀ ਇਕ ਹੋਰ ਕਹਾਵਤ ਵੀ ਹੈ ‘ਅੱਖ ਪਰੇ ਪਹਾੜ ਪਰੇ’ ਅਜਿਹਾ ਵੀ ਹੁੰਦਾ ਹੈ।’’

ਸ਼ੁਕਰਵਾਰ ਤੋਂ ‘ਜ਼ਿੰਦਗੀ’ ਦੇ ਯੂਟਿਊਬ ਚੈਨਲ ਅਤੇ ‘ਜ਼ੀ-5’ ’ਤੇ ਸ਼ੁਰੂ ਹੋਏ ਸ਼ੋਅ ‘ਬਰਜਖ’ ’ਚ ਉਹ ‘ਜ਼ਿੰਦਗੀ ਗੁਲਜ਼ਾਰ ਹੈ’ ਦੀ ਅਪਣੀ ਸਹਿ-ਅਦਾਕਾਰ ਸਨਮ ਸਈਦ ਨਾਲ ਵਾਪਸੀ ਕਰ ਰਹੇ ਹਨ। 

ਉਪ-ਮਹਾਂਦੀਪ ’ਚ ਇਸ ਅਦਾਕਾਰ ਦੀ ਪ੍ਰਸਿੱਧੀ ਉਦੋਂ ਤੋਂ ਵਧੀ ਜਦੋਂ ਦਰਸ਼ਕਾਂ ਨੇ ਉਨ੍ਹਾਂ ਨੂੰ ਦਾਸਤਾਨ (2010), ਹਮਸਫਰ (2011) ਅਤੇ ਜ਼ਿੰਦਗੀ ਗੁਲਜ਼ਾਰ ਹੈ (2012) ’ਚ ਵੇਖਿਆ। ਉਨ੍ਹਾਂ ਨੇ ‘ਖ਼ੂਬਸੂਰਤ’, ‘ਕਪੂਰ ਐਂਡ ਸੰਨਜ਼’ ਅਤੇ ‘ਐ ਦਿਲ ਹੈ ਮੁਸ਼ਕਿਲ’ ਵਰਗੀਆਂ ਫਿਲਮਾਂ ’ਚ ਵੀ ਕੰਮ ਕੀਤਾ। ਭਾਰਤ-ਪਾਕਿਸਤਾਨ ਦੇ ਤਣਾਅਪੂਰਨ ਰਿਸ਼ਤਿਆਂ ਕਾਰਨ ਉਸ ਸਮੇਂ ਉਨ੍ਹਾਂ ਦਾ ਬਾਲੀਵੁੱਡ ਕਰੀਅਰ ਅੱਗੇ ਨਹੀਂ ਵਧ ਸਕਿਆ ਸੀ। 

ਹਾਲਾਂਕਿ, ਪਾਕਿਸਤਾਨ ਦੇ ਸੱਭ ਤੋਂ ਮਸ਼ਹੂਰ ਅਦਾਕਾਰਾਂ ’ਚੋਂ ਇਕ, ਫ਼ਵਾਦ ਨੇ ਕਈ ਕੌਮਾਂਤਰੀ ਪ੍ਰਾਜੈਕਟਾਂ ਅਤੇ ਕਈ ਪਾਕਿਸਤਾਨੀ ਸ਼ੋਅ ਅਤੇ ਫਿਲਮਾਂ ’ਚ ਕੰਮ ਕੀਤਾ ਹੈ। 

ਉਨ੍ਹਾਂ ਕਿਹਾ, ‘‘ਮੈਂ ਸਿਰਫ ਇਹ ਕਹਿ ਸਕਦਾ ਹਾਂ ਕਿ ਆਉਣ ਵਾਲਾ ਸਮਾਂ ਬਹੁਤ ਦਿਲਚਸਪ ਹੋਣ ਵਾਲਾ ਹੈ। ਜੇ ਤੁਸੀਂ ਮੇਰੇ ਕੰਮ ਦੀ ਉਡੀਕ ਕਰ ਰਹੇ ਹੋ, ਤਾਂ ਅਗਲੇ ਸਾਲ ਬਹੁਤ ਕੁੱਝ ਆਉਣਾ ਹੈ। ਮੈਨੂੰ ਲਗਦਾ ਹੈ ਕਿ ਸੱਭ ਕੁੱਝ ਅਪਣੀ ਗਤੀ ਅਤੇ ਚੰਗੇ ਵਾਤਾਵਰਣ ’ਚ ਹੋਣਾ ਚਾਹੀਦਾ ਹੈ।’’