ਸੋਨੂੰ ਸੂਦ ਨੇ ਇਕ ਹੋਰ ਕੁੜੀ ਦੇ ਪੂੰਝੇ ਹੰਝੂ, ਕਿਹਾ 'ਕਿਤਾਬਾਂ ਵੀ ਨਵੀਆਂ ਹੋਣਗੀਆਂ ਤੇ ਘਰ ਵੀ'
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ
ਚੰਡੀਗੜ੍ਹ - ਬਾਲੀਵੁੱਡ ਅਦਾਕਾਰ ਸੋਨੂੰ ਸੂਦ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਉਹ ਨਾਂ ਸਿਰਫ਼ ਤਾਲਾਬੰਦੀ ਦੌਰਾਨ ਲੋਕਾਂ ਦੀ ਮਦਦ ਕਰਦੇ ਨਜ਼ਰ ਆਏ ਬਲਕਿ ਉਹ ਸਮਾਜ ਦੀ ਸੇਵਾ 'ਚ ਵੀ ਜੁੱਟੇ ਹੋਏ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਛਤੀਸਗੜ੍ਹ ਦੀ ਰਹਿਣ ਵਾਲੀ ਇਕ ਕੁੜੀ ਨਜ਼ਰ ਆ ਰਹੀ ਹੈ।
ਇਸ ਕੁੜੀ ਦਾ ਮਕਾਨ ਮੀਂਹ ਕਰ ਕੇ ਡਿੱਗ ਗਿਆ ਸੀ, ਜਿਸ ਕਰਕੇ ਉਹ ਰੋਂਦੀ ਹੋਈ ਨਜ਼ਰ ਆ ਰਹੀ ਹੈ। 15-16 ਅਗਸਤ ਦੀ ਦਰਮਿਆਨੀ ਰਾਤ ਨੂੰ ਆਏ ਹੜ੍ਹ ਦੌਰਾਨ ਅੰਜਲੀ ਨਾਂ ਦੀ ਇਸ ਕੁੜੀ ਦਾ ਘਰ ਟੁੱਟ ਗਿਆ ਸੀ। ਟੁੱਟੇ ਹੋਏ ਘਰ ਚੋਂ ਜਦੋਂ ਇਹ ਬੱਚੀ ਆਪਣੀਆਂ ਕਿਤਾਬਾਂ ਲੱਭ ਰਹੀ ਸੀ ਤਾਂ ਉਸ ਦੀਆਂ ਅੱਖਾਂ 'ਚੋਂ ਹੰਝੂ ਆ ਗਏ।
ਇਸ ਆਦੀਵਾਸੀ ਕੁੜੀ ਦਾ ਵੀਡੀਓ ਕਿਸੇ ਨੇ ਟਵਿੱਟਰ 'ਤੇ ਸਾਂਝਾ ਕੀਤਾ ਸੀ, ਜਿਸ ਤੋਂ ਬਾਅਦ ਸੋਨੂੰ ਸੂਦ ਨੇ ਇਸ ਕੁੜੀ ਦੇ ਹੰਝੂ ਪੂੰਝਣ ਦਾ ਫ਼ੈਸਲਾ ਲਿਆ ਅਤੇ ਇਸ ਵੀਡੀਓ 'ਤੇ ਰੀਟਵੀਟ ਕਰਦੇ ਹੋਏ ਸੋਨੂੰ ਨੇ ਲਿਖਿਆ ਕਿ 'ਹੰਝੂ ਪੂੰਝ ਲੈ ਭੈਣ, ਕਿਤਾਬਾਂ ਵੀ ਨਵੀਆਂ ਹੋਣਗੀਆਂ, ਘਰ ਵੀ ਨਵਾਂ ਹੋਵੇਗਾ।' ਇਸ ਦੇ ਨਾਲ ਹੀ ਦੱਸ ਦਈਏ ਕਿ ਹਾਲ ਹੀ ਵਿਚ ਸੋਨੂੰ ਸੂਦ ਨੇ ਦੋ ਬੱਚੀਆਂ ਦਾ ਸਕੂਲ ਵਿਚ ਦਾਖਲਾ ਕਰਵਾਇਆ ਸੀ।
ਦਰਅਸਲ ਬੀਤੇ ਦਿਨ ਇਕ ਵਿਅਕਤੀ ਨੇ ਅਪਣੀਆਂ ਬੱਚੀਆਂ ਦੀ ਪੜ੍ਹਾਈ ਨੂੰ ਲੈ ਕੇ ਸੋਨੂੰ ਸੂਦ ਨੂੰ ਮਦਦ ਦੀ ਗੁਹਾਰ ਲਗਾਈ ਸੀ। ਵਿਅਕਤੀ ਨੇ ਅਪਣੀਆਂ ਬੱਚੀਆਂ ਦਾ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ ਵਿਚ ਦੋਵੇਂ ਬੱਚੀਆਂ ਹੱਥ ਜੋੜ ਕੇ ਅਦਾਕਾਰ ਨੂੰ ਕਹਿ ਰਹੀਆਂ ਹਨ, ‘ਸਰ ਮਦਦ ਕਰੋ ਸਰ’।