ਮੋਹਨ ਲਾਲ ਨੂੰ ਸਾਲ 2023 ਦੇ ਲਈ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ
ਇਹ ਪੁਰਸਕਾਰ 23 ਸਤੰਬਰ ਨੂੰ 71ਵੇਂ ਕੌਮੀ ਫਿਲਮ ਪੁਰਸਕਾਰ ਸਮਾਰੋਹ ਦੌਰਾਨ 65 ਸਾਲ ਦੇ ਮੋਹਨ ਲਾਲ ਨੂੰ ਦਿਤਾ ਜਾਵੇਗਾ
ਨਵੀਂ ਦਿੱਲੀ : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸਨਿਚਰਵਾਰ ਨੂੰ ਐਲਾਨ ਕੀਤਾ ਕਿ ਮਲਿਆਲਮ ਸੁਪਰਸਟਾਰ ਮੋਹਨ ਲਾਲ ਨੂੰ 2023 ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਸਿਨੇਮਾ ਦੇ ਖੇਤਰ ਵਿਚ ਦੇਸ਼ ਦੀ ਸੱਭ ਤੋਂ ਵੱਡੀ ਮਾਨਤਾ ਹੈ। ‘ਐਕਸ’ ਉਤੇ ਇਕ ਪੋਸਟ ’ਚ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਕਿ ਅਭਿਨੇਤਾ, ਨਿਰਦੇਸ਼ਕ ਅਤੇ ਨਿਰਮਾਤਾ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਚੋਣ ਕਮੇਟੀ ਦੀ ਸਿਫਾਰਸ਼ ਉਤੇ ਉਨ੍ਹਾਂ ਦੇ ‘ਭਾਰਤੀ ਸਿਨੇਮਾ ਵਿਚ ਸ਼ਾਨਦਾਰ ਯੋਗਦਾਨ’ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ।
ਇਹ ਪੁਰਸਕਾਰ 23 ਸਤੰਬਰ ਨੂੰ 71ਵੇਂ ਕੌਮੀ ਫਿਲਮ ਪੁਰਸਕਾਰ ਸਮਾਰੋਹ ਦੌਰਾਨ 65 ਸਾਲ ਦੇ ਮੋਹਨ ਲਾਲ ਨੂੰ ਦਿਤਾ ਜਾਵੇਗਾ। ਚਾਰ ਦਹਾਕਿਆਂ ਤੋਂ ਵੱਧ ਦੇ ਕਰੀਅਰ ਦੇ ਨਾਲ, ਮੋਹਨ ਲਾਲ ਨੇ ਮਲਿਆਲਮ, ਤਾਮਿਲ, ਤੇਲਗੂ, ਹਿੰਦੀ ਅਤੇ ਕੰਨੜ ਦੀਆਂ 350 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ ਹੈ। ਉਨ੍ਹਾਂ ਦੀਆਂ ਕੁੱਝ ਸੱਭ ਤੋਂ ਮਸ਼ਹੂਰ ਅਤੇ ਆਲੋਚਨਾਤਮਕ ਤੌਰ ਉਤੇ ਪ੍ਰਸ਼ੰਸਾਯੋਗ ਫਿਲਮਾਂ ਵਿਚ ‘ਥਨਮਾਥਰਾ’, ‘ਇਰੂਵਰ’, ‘ਦ੍ਰਿਸ਼ਯਮ’, ‘ਵਨਪ੍ਰਸਥਮ’, ‘ਕੰਪਨੀ’, ‘ਮੁੰਥੀਰੀਵਾਲੀਕਲ ਥਾਲਿਰਕੁੰਬੋਲ’ ਅਤੇ ‘ਪੁਲੀਮੁਰੂਗਨ’ ਸ਼ਾਮਲ ਹਨ। ਅਦਾਕਾਰੀ ਦੇ ਸਨਮਾਨਾਂ ਤੋਂ ਇਲਾਵਾ, ਮੋਹਨ ਲਾਲ ਨੂੰ ਕਲਾ ਵਿਚ ਯੋਗਦਾਨ ਲਈ 2001 ਵਿਚ ਪਦਮ ਸ਼੍ਰੀ ਅਤੇ 2019 ਵਿਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।