ਭਾਰਤ ’ਚ ਰੋਕੀ ਗਈ ਆਸਕਰ-ਨਾਮਜ਼ਦ ਫ਼ਿਲਮ ‘ਦ ਵੋਇਸ ਆਫ਼ ਹਿੰਦ ਰਜਬ’ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫ਼ਿਲਮ ਨੂੰ ਭਾਰਤ-ਇਜ਼ਰਾਇਲ ਸਬੰਧਾਂ ਲਈ ‘ਸੰਵੇਦਨਸ਼ੀਲ’ ਮੰਨਿਆ ਗਿਆ

Oscar-nominated film 'The Voice of Hind Rajab' stopped in India

ਨਾ ਅਸ਼ਲੀਲ ਦ੍ਰਿਸ਼, ਨਾ ਹਿੰਸਾ ਅਤੇ ਨਾ ਹੀ ਸਿਆਸੀ ਸੰਵਾਦ, ਫਿਰ ਵੀ ਫਿਲਮ ਨੂੰ ਰੋਕਣ ’ਤੇ ਭਖਿਆ ਵਿਵਾਦ
ਨਵੀਂ ਦਿੱਲੀ : ਆਸਕਰ ਲਈ ਨਾਮਜ਼ਦ ਫ਼ਿਲਮ ‘ਦ ਵੋਇਸ ਆਫ਼ ਹਿੰਦ ਰਜਬ’ ਦੀ ਭਾਰਤ ਵਿਚ ਰਿਲੀਜ਼ ਫ਼ਿਲਹਾਲ ਅਟਕੀ ਹੋਈ ਹੈ। ਫ਼ਿਲਮ ਦੇ ਡਿਸਟ੍ਰੀਬਿਊਟਰ ਮਨੋਜ ਨੰਦਵਾਨਾ ਨੇ ਦਸਿਆ  ਕਿ ਇਸ ਵਿਚ ਨਾ ਹਿੰਸਾ ਹੈ, ਨਾ ਅਸ਼ਲੀਲਤਾ ਅਤੇ ਨਾ ਹੀ ਕੋਈ ਸਿਆਸੀ ਸੰਵਾਦ, ਪਰ ਫਿਰ ਵੀ ਕੇਂਦਰੀ ਫ਼ਿਲਮ ਸਰਟੀਫਿਕੇਸ਼ਨ ਬੋਰਡ (ਸੀ.ਬੀ.ਐਫ਼.ਸੀ.) ਨੇ ਫ਼ਿਲਮ ਨੂੰ ‘ਸੰਵੇਦਨਸ਼ੀਲ’ ਕਹਿ ਕੇ ਪ੍ਰਮਾਣ ਚਿੱਠੀ ਨਹੀਂ ਦਿਤਾ।

ਨੰਦਵਾਨਾ ਨੇ ਕਿਹਾ, ‘‘ਫ਼ਿਲਮ ਵਿਚ ਕੋਈ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਹੈ। ਪਰ ਭਾਰਤ-ਇਜ਼ਰਾਇਲ ਸੰਬੰਧਾਂ ਨੂੰ ਧਿਆਨ ਵਿਚ ਰਖਦੇ  ਹੋਏ ਇਸ ਨੂੰ ਮਨਜ਼ੂਰੀ ਨਹੀਂ ਦਿਤੀ  ਗਈ।’’ ਉਨ੍ਹਾਂ ਨੇ ਇਹ ਵੀ ਜੋੜਿਆ ਕਿ ਆਮ ਤੌਰ ‘ਤੇ ਸੈਂਸਰ ਬੋਰਡ ਵਲੋਂ  ਕੱਟ ਜਾਂ ਸੋਧਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਪਰ ਇਸ ਮਾਮਲੇ ਵਿਚ ਕੋਈ ਸੋਧ ਨਹੀਂ ਸੁਝਾਈ ਗਈ। ਇਸ ਮਾਮਲੇ ’ਤੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ, ‘‘ਇਹ ਸਿਰਫ਼ ਇਕ  ਫ਼ਿਲਮ ਨਹੀਂ, ਸਗੋਂ ਪ੍ਰਗਟਾਵੇ ਦੀ ਆਜ਼ਾਦੀ ਦਾ ਮਾਮਲਾ ਹੈ।’’

ਫ਼ਿਲਮ ਟਿਊਨੀਸ਼ੀਆਈ ਫ਼ਿਲਮਕਾਰ ਕਾਊਥਰ ਬੇਨ ਹਾਨੀਆ ਨੇ ਬਣਾਈ ਹੈ, ਜੋ ਫ਼ਿਲਿਸਤੀਨੀ ਬੱਚੀ ਹਿੰਦ ਰਜਬ ਦੀ ਸੱਚੀ ਕਹਾਣੀ ’ਤੇ ਆਧਾਰਤ  ਹੈ। ਜਨਵਰੀ 2024 ਵਿਚ ਗਾਜ਼ਾ ਸਿਟੀ ਤੋਂ ਭੱਜਦੇ ਸਮੇਂ ਉਸ ਦੀ ਕਾਰ ’ਤੇ ਹਮਲਾ ਹੋਇਆ ਸੀ। ਫ਼ਿਲਮ ਵਿਚ ਰੈੱਡ ਕਰਿਸੈਂਟ ਦੇ ਵਲੰਟੀਅਰਾਂ ਦੀ ਨਜ਼ਰੋਂ ਇਹ ਕਹਾਣੀ ਦਰਸਾਈ ਗਈ ਹੈ ਅਤੇ ਹਿੰਦ ਰਜਬ ਦੀ ਅਸਲੀ ਆਵਾਜ਼ ਵਰਤੀ ਗਈ ਹੈ।

ਫ਼ਿਲਮ ਦਾ ਪ੍ਰੀਮੀਅਰ 2025 ਵਿਚ ਵੇਨਿਸ ਇੰਟਰਨੈਸ਼ਨਲ ਫ਼ਿਲਮ ਫੈਸਟਿਵਲ ’ਚ ਹੋਇਆ ਸੀ, ਜਿੱਥੇ ਇਸ ਨੂੰ ਗਰੈਂਡ ਜਿਊਰੀ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ, ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟਿਵਲ ਵਿਚ ਵੀ ਇਸ ਦੀ ਸਕ੍ਰੀਨਿੰਗ ਹੋਈ ਸੀ। ਫ਼ਿਲਮ ਹੁਣ ਸੋਧ ਕਮੇਟੀ ਕੋਲ ਭੇਜੀ ਗਈ ਹੈ, ਪਰ ਕਮੇਟੀ ਕਦੋਂ ਬਣੇਗੀ, ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ।