ਅਗ਼ਵਾ ਅਤੇ ਕੁੱਟਮਾਰ ਦੀ ਸ਼ਿਕਾਇਤ 'ਤੇ ਬੋਲੇ ਹਨੀ ਸਿੰਘ - ਮੇਰੇ 'ਤੇ ਲੱਗੇ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ

ਏਜੰਸੀ

ਮਨੋਰੰਜਨ, ਬਾਲੀਵੁੱਡ

ਕਿਹਾ , ਮੈਂ ਮਾਣਹਾਨੀ ਦਾ ਕੇਸ ਕਰ ਸਕਦਾ ਹਾਂ

Representational Image

ਮੁੰਬਈ : ਹਾਲ ਹੀ 'ਚ ਇਕ ਈਵੈਂਟ ਕੰਪਨੀ ਦੇ ਮਾਲਕ ਨੇ ਗਾਇਕ ਹਨੀ ਸਿੰਘ ਵਿਰੁੱਧ ਮੁੰਬਈ ਦੇ ਬੀਕੇਸੀ ਪੁਲਿਸ ਸਟੇਸ਼ਨ 'ਚ ਕੁੱਟਮਾਰ ਅਤੇ ਅਗਵਾ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਵੀਰਵਾਰ ਨੂੰ ਹਨੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਰੁੱਧ ਦਰਜ ਕੀਤੇ ਗਏ ਕੇਸ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਉਨ੍ਹਾਂ ਦੀ ਕਾਨੂੰਨੀ ਟੀਮ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰ ਸਕਦੀ ਹੈ।

ਦਰਅਸਲ, ਮੁੰਬਈ 'ਚ ਵਿਵੇਕ ਰਮਨ ਨਾਮ ਦੇ ਵਿਅਕਤੀ ਨੇ ਹਨੀ ਸਿੰਘ 'ਤੇ ਉਸ ਨੂੰ ਅਗ਼ਵਾ ਕਰ ਕੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਨੀ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਹਨੀ ਸਿੰਘ ਨੇ ਲਿਖਿਆ - ਮੇਰੇ ਵਿਰੁੱਧ ਕੀਤੀ ਗਈ ਇਹ ਸ਼ਿਕਾਇਤ ਪੂਰੀ ਤਰ੍ਹਾਂ ਨਾਲ ਝੂਠੀ ਅਤੇ ਬੇਬੁਨਿਆਦ ਹੈ। ਜਿਵੇਂ ਕਿ ਮੀਡੀਆ ਰਿਪੋਰਟਾਂ ਵਿੱਚ ਦਿਖਾਇਆ ਗਿਆ ਹੈ, ਮੇਰੀ ਕੰਪਨੀ ਅਤੇ ਸ਼ਿਕਾਇਤਕਰਤਾ ਵਿਚਕਾਰ ਨਾ ਤਾਂ ਕੋਈ ਸਮਝੌਤਾ ਹੈ ਅਤੇ ਨਾ ਹੀ ਕੋਈ ਸਬੰਧ ਹੈ। ਮੈਂ ਮੁੰਬਈ 'ਚ ਸ਼ੋਅ ਕਰਨ ਲਈ ਟ੍ਰਿਬਵਾਈਬ ਨਾਂ ਦੀ ਕੰਪਨੀ ਨਾਲ ਸੰਪਰਕ ਕੀਤਾ ਸੀ। ਇੱਕ ਨਾਮਵਰ ਕੰਪਨੀ ਹੋਣ ਤੋਂ ਇਲਾਵਾ, ਇਹ ਬੁੱਕ ਮਾਈ ਸ਼ੋਅ ਦੀ ਸਬੰਧਿਤ ਕੰਪਨੀ ਵੀ ਹੈ।

ਹਨੀ ਸਿੰਘ ਨੇ ਅੱਗੇ ਲਿਖਿਆ- ਮੈਂ ਉਦੋਂ ਤੱਕ ਮੁੰਬਈ ਵਿੱਚ ਹੀ ਪਰਫਾਰਮ ਕੀਤਾ ਜਦੋਂ ਤੱਕ ਮੈਨੂੰ ਇਜਾਜ਼ਤ ਮਿਲੀ ਸੀ। ਮੇਰੇ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਇਹ ਸਿਰਫ਼ ਮੇਰੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੈ। ਮੇਰੀ ਕਾਨੂੰਨੀ ਟੀਮ ਜਲਦੀ ਹੀ ਮੇਰੇ 'ਤੇ ਲਗਾਏ ਗਏ ਇਨ੍ਹਾਂ ਝੂਠੇ ਦੋਸ਼ਾਂ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕਰ ਸਕਦੀ ਹੈ।

ਦੱਸਣਯੋਗ ਹੈ ਕਿ 19 ਅਪ੍ਰੈਲ ਨੂੰ ਦਰਜ ਕਰਵਾਈ ਗਈ ਪੁਲਿਸ ਸ਼ਿਕਾਇਤ ਦੇ ਮੁਤਾਬਕ, ਈਵੈਂਟ ਆਰਗੇਨਾਈਜ਼ਰ ਵਿਵੇਕ ਰਮਨ ਨੇ 15 ਅਪ੍ਰੈਲ ਨੂੰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ 'ਚ ਹਨੀ ਸਿੰਘ ਲਈ ਪ੍ਰੋਗਰਾਮ ਰੱਖਿਆ ਸੀ। ਹਾਲਾਂਕਿ, ਪੈਸਿਆਂ ਦੇ ਲੈਣ-ਦੇਣ ਵਿੱਚ ਕੁਝ ਖ਼ਾਮੀਆਂ ਸਨ। ਇਸ ਕਾਰਨ ਸਮਾਗਮ ਰੱਦ ਕਰ ਦਿੱਤਾ ਗਿਆ।

ਬਿਆਨ ਅਨੁਸਾਰ, ਸਮਾਗਮ ਰੱਦ ਹੋਣ ਕਾਰਨ ਹਨੀ ਸਿੰਘ ਤੇ ਉਸ ਦੇ ਸਾਥੀ ਭੜਕ ਉੱਠੇ। ਉਹ ਵਿਵੇਕ ਨੂੰ ਅਗ਼ਵਾ ਕਰ ਲੈਂਦੇ ਹਨ, ਉਸ ਨੂੰ ਮੁੰਬਈ ਦੇ ਇੱਕ ਹੋਟਲ ਵਿੱਚ ਬੰਦੀ ਬਣਾ ਕੇ ਰੱਖਦੇ ਹਨ ਅਤੇ ਉਸ ਉੱਤੇ ਹਮਲਾ ਕਰਦੇ ਹਨ।