‘ਆਦਿਪੁਰੁਸ਼’ ਵਿਰੁਧ ‘ਹਿੰਦੂ ਸੈਨਾ’ ਦੇ ਮੁਖੀ ਦੀ ਅਪੀਲ ’ਤੇ ਤੁਰਤ ਸੁਣਵਾਈ ਤੋਂ ਅਦਾਲਤ ਦਾ ਇਨਕਾਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਅਦਾਲਤ ਨੇ ਕਿਹਾ, ਜਦ ਫਿਲਮ ਪਹਿਲਾਂ ਹੀ ਰਿਲੀਜ਼ ਹੋ ਚੁਕੀ ਹੈ ਤਾਂ ਤੁਸੀਂ ਕੀ ਰੋਕ ਲਾਉਣਾ ਚਾਹੁੰਦੇ ਹੋ?

representational Image

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਸਿਨੇਮਾ ਘਰਾਂ ’ਚ ‘ਰਾਮਾਇਣ’ ’ਤੇ ਅਧਾਰਤ ਫਿਲਮ ‘ਆਦਿਪੁਰੁਸ਼’ ਵਿਖਾਏ ਜਾਣ ’ਤੇ ਰੋਕ ਬਾਬਤ ‘ਹਿੰਦੂ ਸੈਨਾ’ ਦੇ ਕੌਮੀ ਪ੍ਰਧਾਨ ਦੀ ਜਨਹਿਤ ਅਪੀਲ ’ਤੇ ਤੁਰਤ ਸੁਣਵਾਈ ਤੋਂ ਇਨਕਾਰ ਕਰ ਦਿਤਾ ਹੈ। ਜਸਟਿਸ ਤਾਰਾ ਵਿਤਾਸਤਾ ਗੰਜੂ ਅਤੇ ਜਸਟਿਸ ਅਮਿਤ ਮਹਾਜਨ ਦੀ ਛੁੱਟੀਆਂ ਵਾਲੀ ਬੈਂਚ ਨੇ ਮਾਮਲੇ ਨੂੰ ਜਾਂ ਤਾਂ ‘ਅੱਜ ਜਾਂ ਕੱਲ੍ਹ ਜਾਂ ਉਸ ਤੋਂ ਅਗਲੇ ਦਿਨ’ ਸੁਣਵਾਈ ਲਈ ਸੂਚੀਬੱਧ ਕਰਨ ਦੀ ਅਪੀਲਕਰਤਾ ਵਿਸ਼ਣੂ ਗੁਪਤਾ ਦੀ ਅਪੀਲ ਨੂੰ ਖਾਰਜ ਕਰ ਦਿਤਾ।

ਇਹ ਵੀ ਪੜ੍ਹੋ:  ਫ਼ਰੀਦਕੋਟ ਜ਼ਿਲ੍ਹੇ ਦੇ 2 ਆਦਰਸ਼ ਸਕੂਲਾਂ ਦੇ ਅਧਿਆਪਕਾਂ ਸਮੇਤ ਕਰੀਬ 39 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਸਬੰਧੀ ਨੋਟਿਸ ਜਾਰੀ 

ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਜਨਹਿਤ ਪਟੀਸ਼ਨ 30 ਜੂਨ ਨੂੰ ਸੁਣਵਾਈ ਲਈ ਸੂਚੀਬੱਧ ਹੈ ਪਰ ਉਦੋਂ ਤਕ ਅਪੀਲ ਕਰਨ ਦਾ ਮਤਲਬ ਹੀ ਖ਼ਤਮ ਹੋ ਜਾਵੇਗਾ।
ਅਦਾਲਤ ਨੇ ਕਿਹਾ, ‘‘ਜਦ ਫਿਲਮ ਪਹਿਲਾਂ ਹੀ ਰਿਲੀਜ਼ ਹੋ ਚੁਕੀ ਹੈ ਤਾਂ ਤੁਸੀਂ ਕੀ ਰੋਕ ਲਾਉਣਾ ਚਾਹੁੰਦੇ ਹੋ? ਹੁਣ ਤਕ ਮੈਨੂੰ ਨਹੀਂ ਲਗਦਾ ਕਿ ਮਾਮਲਾ ਜ਼ਰੂਰੀ ਹੈ। ਸੁਣਵਾਈ ਵਾਲੇ ਦਿਨ (30 ਜੂਨ) ਨੂੰ ਆਇਉ।’’

ਅਪੀਲਕਰਤਾ ਦੇ ਵਕੀਲ ਨੇ ਕਿਹਾ ਕਿ ਕਈ ਵਿਵਾਦਮਈ ਹਿੱਸੇ ਹਨ ਜੋ ਕੌਮਾਂਤਰੀ ਸਬੰਧਾਂ ਨੂੰ ਵੀ ਪ੍ਰਭਾਵਤ ਕਰ ਰਹੇ ਹਨ, ਕਿਉਂਕਿ ਨੇਪਾਲ ਨੇ ਫਿਲਮ ’ਤੇ ਪਾਬੰਦੀ ਲਾ ਦਿਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਿਰਦੇਸ਼ਕ ਓਮ ਰਾਊਤ ਨੇ ਪਹਿਲਾਂ ਭਰੋਸਾ ਦਿਤਾ ਸੀ ਕਿ ਵਿਵਾਦਮਈ ਹਿੱਸਿਆਂ ਨੂੰ ਹਟਾ ਦਿਤਾ ਜਾਵੇਗਾ, ਪਰ ਅਜਿਹਾ ਨਹੀਂ ਕੀਤਾ ਅਤੇ ਫਿਲਮ ਨੂੰ ਰਿਲੀਜ਼ ਕਰ ਦਿਤਾ। ਅਪੀਲ ’ਚ ਅਧਿਕਾਰੀਆਂ ਨੂੰ ਫਿਲਮ ਦਾ ਸਰਟੀਫ਼ਿਕੇਸ਼ਨ ਰੱਦ ਕਰਨ ਅਤੇ ਇਸ ’ਤੇ ਤੁਰਤ ਪਾਬੰਦੀ ਲਾਉਣ ਦੀ ਅਪੀਲ ਕੀਤੀ ਹੈ।