ਗੁਜਰਾਤ ਹਾਈ ਕੋਰਟ ਨੇ ਆਮਿਰ ਖਾਨ ਦੇ ਬੇਟੇ ਦੀ ਪਹਿਲੀ ਫਿਲਮ ‘ਮਹਾਰਾਜ’ ’ਤੇ ਲੱਗੀ ਰੋਕ ਹਟਾਈ

ਏਜੰਸੀ

ਮਨੋਰੰਜਨ, ਬਾਲੀਵੁੱਡ

ਸੁਪਰੀਮ ਕੋਰਟ ਨੇ ਫਿਲਮ ‘ਹਮ ਬਾਰਾਂ’ ਵਿਰੁਧ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕੀਤਾ

Maharaj Movie Poster.

ਨਵੀਂ ਦਿੱਲੀ: ਗੁਜਰਾਤ ਹਾਈ ਕੋਰਟ ਨੇ ਵੀ ਸ਼ੁਕਰਵਾਰ ਨੂੰ ਬਾਲੀਵੁੱਡ ਸਟਾਰ ਆਮਿਰ ਖਾਨ ਦੇ ਬੇਟੇ ਜੁਨੈਦ ਦੀ ਪਹਿਲੀ ਫਿਲਮ ਮਹਾਰਾਜ ਦੀ ਰਿਲੀਜ਼ ’ਤੇ ਲੱਗੀ ਅੰਤਰਿਮ ਰੋਕ ਹਟਾ ਉਂਦੇ ਹੋਏ ਕਿਹਾ ਕਿ ਫਿਲਮ ’ਚ ਕੁੱਝ ਵੀ ਅਪਮਾਨਜਨਕ ਨਹੀਂ ਹੈ ਅਤੇ ਇਸ ’ਚ ਪੁਸ਼ਤੀਮਾਰਗ ਸੰਪ੍ਰਦਾਇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ, ਜਿਵੇਂ ਕਿ ਪਟੀਸ਼ਨ ’ਚ ਦੋਸ਼ ਲਗਾਇਆ ਗਿਆ ਹੈ। 

ਇਹ ਫਿਲਮ 1862 ਦੇ ਮਾਨਹਾਨੀ ਦੇ ਕੇਸ ’ਤੇ ਅਧਾਰਤ ਹੈ ਜਿਸ ’ਚ ਵੈਸ਼ਣਵ ਧਾਰਮਕ ਆਗੂ ਅਤੇ ਸਮਾਜ ਸੁਧਾਰਕ ਕਰਸੰਦਾਸ ਮੁਲਜੀ ਸ਼ਾਮਲ ਹਨ। ਪੁਸ਼ਤੀਮਾਰਗ ਸੰਪਰਦਾ ਦੇ ਕੁੱਝ ਮੈਂਬਰਾਂ ਨੇ ਨੈੱਟਫਲਿਕਸ ’ਤੇ ਫਿਲਮ ਦੀ ਰਿਲੀਜ਼ ਦੇ ਵਿਰੁਧ ਪਟੀਸ਼ਨ ਦਾਇਰ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਇਸ ਨਾਲ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। 

ਜਸਟਿਸ ਸੰਗੀਤਾ ਵਿਸ਼ੇਨ ਨੇ 13 ਜੂਨ ਨੂੰ ਓ.ਟੀ.ਟੀ. ਪਲੇਟਫਾਰਮ ’ਤੇ ਫਿਲਮ ਦੀ ਰਿਲੀਜ਼ ’ਤੇ ਅੰਤਰਿਮ ਰੋਕ ਲਗਾ ਦਿਤੀ ਸੀ। ਜੱਜ ਨੇ ਸ਼ੁਕਰਵਾਰ ਨੂੰ ਅਪਣੇ ਹੁਕਮ ਵਿਚ ਕਿਹਾ ਕਿ ਫਿਲਮ ਨੂੰ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀ.ਬੀ.ਐਫ.ਸੀ.) ਵਲੋਂ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਇਹ ਭਾਈਚਾਰੇ ਨੂੰ ਨਿਸ਼ਾਨਾ ਨਹੀਂ ਬਣਾਉਂਦੀ। 

ਉਧਰ ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਅੰਨੂ ਕਪੂਰ ਸਟਾਰਰ ਫਿਲਮ ‘ਹਮ ਬਾਰਾਂ ਦੇ ਕਥਿਤ ਵਿਵਾਦਪੂਰਨ ਸੰਵਾਦਾਂ ਅਤੇ ਦ੍ਰਿਸ਼ਾਂ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿਤਾ। ਬੰਬਈ ਹਾਈ ਕੋਰਟ ਨੇ 19 ਜੂਨ ਨੂੰ ਫਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦਿਤੀ ਸੀ ਜਦੋਂ ਨਿਰਮਾਤਾ ਕੁੱਝ ਇਤਰਾਜ਼ਯੋਗ ਹਿੱਸਿਆਂ ਨੂੰ ਹਟਾਉਣ ਲਈ ਸਹਿਮਤ ਹੋਏ ਸਨ। 

ਇਹ ਮਾਮਲਾ ਸ਼ੁਕਰਵਾਰ ਨੂੰ ਜਸਟਿਸ ਵਿਕਰਮ ਨਾਥ ਅਤੇ ਐਸ.ਵੀ.ਐਨ. ਭੱਟੀ ਦੀ ਛੁੱਟੀ ਵਾਲੇ ਬੈਂਚ ਦੇ ਸਾਹਮਣੇ ਸੁਣਵਾਈ ਲਈ ਆਇਆ। ਅਦਾਲਤ ਨੇ ਕਿਹਾ ਕਿ ਪਿਛਲੇ ਹਫਤੇ ਵੀ ਅਜਿਹੀ ਹੀ ਪਟੀਸ਼ਨ ਉਸ ਦੇ ਸਾਹਮਣੇ ਆਈ ਸੀ। ਇਸ ਨੇ ਕਿਹਾ ਕਿ ਬੰਬਈ ਹਾਈ ਕੋਰਟ ਨੇ ਫਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿਤੀ ਹੈ ਅਤੇ ਪਟੀਸ਼ਨਕਰਤਾ ਇਸ ਹੁਕਮ ਨੂੰ ਚੁਨੌਤੀ ਦੇ ਸਕਦਾ ਹੈ।