ਗਾਇਕ ਮੂਸੇਵਾਲਾ ਵਿਰੁਧ 'ਸੰਜੂ' ਗੀਤ ਲਈ ਨਵਾਂ ਪਰਚਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਮੂਸੇਵਾਲਾ ਦੀ ਜ਼ਮਾਨਤ ਰੱਦ ਕਰਵਾਉਣ ਲਈ ਹਾਈ ਕੋਰਟ ਜਾਣ ਦੀ ਤਿਆਰੀ

Sidhu Moose Wala

ਐਸ.ਏ.ਐਸ ਨਗਰ, 20 ਜੁਲਾਈ (ਸੁਖਦੀਪ ਸਿੰਘ ਸੋਈ): ਪੰਜਾਬ ਪੁਲਿਸ ਨੇ ਵਿਵਾਦਾਂ 'ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਨੂੰ ਅਸਲਾ ਕਾਨੂੰਨ ਦੇ ਕੇਸ ਵਿਚ ਮਿਲੀ ਅਗਾਊਂ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਲਈ ਤਿਆਰੀ ਖਿੱਚੀ ਹੈ। ਇਸੇ ਦੌਰਾਨ ਮੂਸੇਵਾਲਾ ਵਿਰੁਧ ਕ੍ਰਾਈਮ ਸ਼ਾਖਾ ਨੇ ਉਸ ਦੇ ਨਵੇਂ ਗੀਤ 'ਸੰਜੂ' ਨਾਲ ਹਿੰਸਾ ਅਤੇ ਬੰਦੂਕ ਸਭਿਆਚਾਰ ਨੂੰ ਉਤਸ਼ਾਹਤ ਕਰਨ ਦੇ ਦੋਸ਼ ਹੇਠ ਇਕ ਹੋਰ ਮੁੱਕਦਮਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਇਹ ਗੀਤ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਰਿਲੀਜ਼ ਹੋਇਆ ਸੀ।

ਇਸ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਏਡੀਜੀਪੀ ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਸ਼੍ਰੀ ਅਰਪਿਤ ਸ਼ੁਕਲਾ ਨੇ ਦਸਿਆ ਕਿ ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਧਾਰ 'ਤੇ ਗਾਇਕ ਵਿਰੁਧ ਮੁਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ। ਗਾਇਕ ਦਾ ਗੀਤ 'ਸੰਜੂ' ਵੱਖ-ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਚਲ ਰਿਹਾ ਹੈ ਅਤੇ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ ਜਿਸ ਵਿਚ ਵੱਖ-ਵੱਖ ਐਫ਼ਆਈਆਰਜ਼ ਦਰਜ ਹੋਣ ਨੂੰ ਵਡਿਆਈ ਦਸਿਆ ਗਿਆ ਹੈ, ਜਿਨ੍ਹਾਂ ਵਿਚੋਂ ਇਕ ਮਾਮਲਾ ਅਸਲਾ ਕਾਨੂੰਨ ਅਧੀਨ ਦਰਜ ਕੀਤਾ ਗਿਆ ਹੈ।

ਏਡੀਜੀਪੀ ਨੇ ਕਿਹਾ ਕਿ ਪੁਲਿਸ ਛੇਤੀ ਹੀ ਹਾਈ ਕੋਰਟ ਦੁਆਰਾ ਮੂਸੇਵਾਲਾ ਨੂੰ ਦਿਤੀ ਗਈ ਅਗਾਊਂ ਜ਼ਮਾਨਤ ਰੱਦ ਕਰਨ ਲਈ ਪਟੀਸ਼ਨ ਦਾਇਰ ਕਰੇਗੀ। ਸ਼੍ਰੀ ਸ਼ੁਕਲਾ ਨੇ ਕਿਹਾ ਕਿ ਇਹ ਤਸਦੀਕ ਹੋ ਗਿਆ ਹੈ ਕਿ ਨਵਾਂ ਵੀਡੀਉ-ਗੀਤ, 'ਸੰਜੂ' ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ਉਤੇ ਅਪਲੋਡ ਕੀਤਾ ਗਿਆ ਸੀ। ਇਸ ਗੀਤ ਵਿਚ ਮੂਸੇਵਾਲਾ ਨੇ ਉਸਦੇ ਵਿਰੁਧ ਅਸਲਾ ਕਾਨੂੰਨ ਤਹਿਤ ਦਰਜ ਕੀਤੇ ਕੇਸ ਦਾ ਹਵਾਲਾ ਦਿਤਾ ਹੈ ਅਤੇ ਵੀਡੀਉ ਦੀ ਸ਼ੁਰੂਆਤ ਉਸ ਸਬੰਧੀ ਇਕ ਨਿਊਜ਼-ਕਲਿੱਪ ਤੋਂ ਹੁੰਦੀ ਹੈ ਜਿਸ ਲਈ ਪੁਲਿਸ ਨੇ ਏ.ਕੇ. 47 ਰਾਈਫ਼ਲ ਦੀ ਅਣਅਧਿਕਾਰਤ ਵਰਤੋਂ ਲਈ ਉਸ ਵਿਰੁਧ ਕੇਸ ਦਰਜ ਕੀਤਾ ਸੀ।

ਇਸ ਵੀਡੀਉ ਵਿਚ ਮੂਸੇਵਾਲਾ ਦੀ ਨਿਊਜ਼ ਕਲਿੱਪ ਨੂੰ ਬਾਅਦ ਵਿਚ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ ਅਜਿਹੇ ਜ਼ੁਰਮਾਂ ਲਈ ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਸੁਣਾਏ ਜਾਣ ਦੀਆਂ ਖ਼ਬਰਾਂ ਨਾਲ ਮਿਲਾ ਦਿਤਾ ਗਿਆ। ਸ਼੍ਰੀ ਸ਼ੁਕਲਾ ਨੇ ਕਿਹਾ ਕਿ ਗੀਤ ਦੇ ਬੋਲ ਅਤੇ ਵੀਡਿਉ ਗ਼ੈਰ-ਕਾਨੂੰਨੀ ਹਥਿਆਰਾਂ ਨੂੰ ਰੱਖਣ ਅਤੇ ਵਰਤੋਂ ਕਰਨ ਨੂੰ ਉਤਸ਼ਾਹਤ ਕਰਦੇ ਹਨ ਅਤੇ ਇਕ ਵਿਅਕਤੀ 'ਤੇ ਐਫਆਈਆਰ ਦਰਜ ਹੋਣ ਨੂੰ ਮਾਣ ਵਾਲੀ ਗੱਲ ਦਸਦੇ ਹਨ।

ਸ਼੍ਰੀ ਸ਼ੁਕਲਾ ਨੇ ਗਾਣੇ ਦੇ ਬੋਲ 'ਗੱਭਰੂ ਦੇ ਨਾਲ ਸੰਤਾਲੀ (47) ਜੁੜ ਗਈ, ਘੱਟੋ-ਘੱਟ ਸਜ਼ਾ ਪੰਜ ਸਾਲ ਵੱਟ 'ਤੇ, ਗੱਭਰੂ ਉੱਤੇ ਕੇਸ ਜਿਹੜਾ ਸੰਜੈ ਦੱਤ 'ਤੇ, ਅਵਾ ਤਬਾ ਬੋਲਦੇ ਵਕੀਲ ਸੋਹੀਣੇ, ਸਾਰੀ ਦੁਨੀਆਂ ਦਾ ਉਹ ਜੱਜ ਸੁਣੀਦਾ, ਜਿੱਥੇ ਸਾਡੀ ਚਲਦੀ ਅਪੀਲ ਸੋਹਣੀਏ', ਨਾ ਸਿਰਫ਼ ਗ਼ੈਰ ਕਾਨੂੰਨੀ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਦੇ ਹਨ ਸਗੋਂ ਨਿਆਂਪਾਲਿਕਾ, ਪੁਲਿਸ ਅਤੇ ਵਕੀਲਾਂ ਨੂੰ ਵੀ ਨੀਵਾਂ ਵਿਖਾਉਂਦੇ ਹਨ। ਸ਼੍ਰੀ ਸ਼ੁਕਲਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਹ ਹਾਲ ਹੀ ਵਿਚ ਗਾਏ ਅਪਣੇ ਨਵੇਂ ਗੀਤ ਨੂੰ ਅਪਣੇ ਲਈ ਇਕ ਸਨਮਾਨ ਵਜੋਂ ਲੈ ਰਿਹਾ ਹੈ।

ਮੂਸੇਵਾਲਾ ਇਸ ਗੀਤ ਵਿੱਚ ਏ.ਕੇ. 47 ਰਾਈਫਲਾਂ ਅਤੇ ਹੋਰ ਹਥਿਆਰਾਂ ਦੀ ਵਰਤੋਂ ਦੀ ਵਡਿਆਈ ਕਰ ਕੇ ਜਾਣ-ਬੁੱਝ ਕੇ ਸਰਹੱਦੀ ਰਾਜ ਦੇ ਨੌਜਵਾਨਾਂ ਨੂੰ ਭੜਕਾਉਣਾ ਅਤੇ ਗੁੰਮਰਾਹ ਕਰਨਾ ਚਾਹੁੰਦਾ ਹੈ, ਜਿਸਨੇ 80 ਅਤੇ 90 ਦੇ ਦਹਾਕੇ ਵਿਚ ਅਤਿਵਾਦ ਦੇ ਕਾਲੇ ਦੌਰ ਨੂੰ ਝੱਲਿਆ ਹੈ। ਉਨ੍ਹਾਂ ਦਸਿਆ ਕਿ ਮੂਸੇਵਾਲਾ ਖ਼ਿਲਾਫ਼ ਪੁਲਿਸ ਥਾਣਾ ਸਟੇਟ ਕ੍ਰਾਈਮ ਪੰਜਾਬ, ਫ਼ੇਜ਼ 4, ਮੁਹਾਲੀ ਵਿਖੇ ਆਈਪੀਸੀ ਦੀ ਧਾਰਾ 188/294/504/120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।