ਫਿਲਮ ਅਦਾਕਾਰ ਆਲੋਕ ਨਾਥ ਵਿਰੁਧ ਬਲਾਤਕਾਰ ਦਾ ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਮੁੰਬਈ ਪੁਲਿਸ ਨੇ ਫਿਲਮ ਐਕਟਰ ਆਲੋਕ ਨਾਥ ਦੇ ਖਿਲਾਫ਼ ਬਲਾਤਕਾਰ ਦੀਆਂ ਧਾਰਾਵਾਂ ਵਿਚ ਕੇਸ ਦਰਜ ਕਰ ਲਿਆ ਹੈ।ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਦੇ ....

Alok Nath

ਮੁੰਬਈ (ਭਾਸ਼ਾ): ਮੁੰਬਈ ਪੁਲਿਸ ਨੇ ਫਿਲਮ ਐਕਟਰ ਆਲੋਕ ਨਾਥ ਦੇ ਖਿਲਾਫ਼ ਬਲਾਤਕਾਰ ਦੀਆਂ ਧਾਰਾਵਾਂ ਵਿਚ ਕੇਸ ਦਰਜ ਕਰ ਲਿਆ ਹੈ।ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਦੇ ਐਡੀਸ਼ਨਲ ਸੀਪੀ ਮਨੋਜ ਸ਼ਰਮਾ ਨੇ ਦੱਸਿਆ ਹੈ ਕਿ ਓਸ਼ੀਵਾਰਾ ਪੁਲਿਸ ਨੇ ਲੇਖਿਕਾ ਵਿਨਤਾ ਨੰਦਾ ਦੀ ਸ਼ਿਕਾਇਤ 'ਤੇ ਆਲੋਕ ਨਾਥ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਆਈਪੀਸੀ ਦੀ ਧਾਰਾ 376 (ਬਲਾਤਕਾਰ) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

#MeToo ਦੇ ਤਹਿਤ ਟੀਵੀ ਲੇਖਿਕਾ ਵਿਨਤਾ ਨੰਦਾ ਨੇ ਪਿਛਲੇ ਦਿਨੀ ਆਲੋਕ ਨਾਥ 'ਤੇ ਸਰੀਰਕ ਸ਼ੋਸ਼ਣ ਕਰਨ ਦਾ ਇਲਜ਼ਾਮ ਲਗਾਇਆ ਸੀ। ਜਿਸ ਤੋਂ ਬਾਅਦ ਆਲੋਕ ਨਾਥ 'ਤੇ ਕਈ ਦੂਜੀ ਅਭਿਨੇਤਰੀਆਂ ਨੇ ਵੀ ਗਲਤ ਵਿਵਹਾਰ ਕਰਨ ਦੇ ਇਲਜ਼ਾਮ ਲਗਾਏ ਸੀ।ਦੱਸ ਦਈਏ ਕਿ ਵਿਨਤਾ ਨੰਦਾ ਨੇ ਫੇਸਬੁਕ 'ਤੇ ਅਪਣੀ ਗੱਲ ਸ਼ੇਅਰ ਕਰਨ ਤੋਂ ਬਾਅਦ ਮੁੰਬਈ ਪੁਲਿਸ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਜਦੋਂ ਕਿ ਆਲੋਕ ਨਾਥ ਨੇ ਉਨ੍ਹਾਂ ਦੇ ਇਲਜ਼ਾਮਾ ਨੂੰ ਝੂਠਾ ਦੱਸਿਆ ਸੀ।

ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਵਿਨਤਾ ਨੰਦਾ ਦੇ ਖਿਲਾਫ ਅਪਮਾਨ ਦਾ ਕੇਸ ਵੀ ਦਰਜ ਕਰਾਇਆ ਸੀ। ਉਨ੍ਹਾਂ ਦੀ ਪਤਨੀ ਨੇ 12 ਅਕਤੂਬਰ ਨੂੰ ਅੰਬੋਲੀ ਪੁਲਿਸ ਸਟੇਸ਼ਨ 'ਚ ਇਕ ਪੱਤਰ ਲਿਖਿਆ ਸੀ। ਆਲੋਕ ਨਾਥ ਨੇ ਹੇਠਲੀ ਅਦਾਲਤ ਨੂੰ ਵੀ ਬੇਨਤੀ ਕੀਤੀ ਸੀ ਕਿ ਉਹ ਮਾਣਹਾਨੀ ਮਾਮਲੇ 'ਚ ਗਭਿੰਰਤਾ ਵਿਖਾਉਣ ਅਤੇ ਇਸ ਦੀ ਜਾਂਚ ਕਰਵਾਉਣ। ਲੇਖਿਕ ਅਤੇ ਫਿਲਮ ਨਿਰਮਾਤਾ ਵਿਨਤਾ ਨੰਦਾ ਨੇ ਫੇਸਬੁਕ ਪੋਸਟ ਦੇ ਰਾਹੀ ਆਲੋਕ ਨਾਥ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ।

19 ਸਾਲ ਪਹਿਲਾਂ ਦੀ ਘਟਨਾ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ ਕਿ 1994 ਵਿਚ ਆਲੋਕ ਨਾਥ ਨੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਸੀ। ਵਿਨਤਾ ਨੇ ਦੱਸਿਆ ਕਿ ਉਸ ਸਮੇਂ ਉਹ ਟੀਵੀ ਦੇ ਨੰਬਰ ਵਨ ਸ਼ੋਅ ਜੰਗਲ ਤਾਰਾ ਨੂੰ ਪ੍ਰੋਡਿਊਸ ਕਰ ਰਹੀ ਸੀ ਅਤੇ ਆਲੋਕ ਨਾਥ ਇਸ ਸ਼ੋਅ ਦੀ ਲੀਡ ਅਦਾਕਾਰਾ ਦੇ ਪਿੱਛੇ ਪਏ ਰਹਿੰਦੇ ਸਨ। ਵਿਨਤਾ ਨੇ ਲਿਖਿਆ ਸੀ ਕਿ ਉਹ ਸ਼ਰਾਬੀ ਸਨ, ਬੇਸ਼ਰਮ ਸਨ ਅਤੇ ਘਿਣਾਉਣੇ ਵੀ ਸਨ ਪਰ ਉਹ ਉਸ ਸਮੇਂ 'ਚ ਟੀਵੀ ਦੇ ਸਟਾਰ ਵੀ ਸਨ।

ਇਸ ਲਈ ਮੰਦੇ ਵਰਤਾਓ ਲਈ ਨਾ ਸਿਰਫ ਉਨ੍ਹਾਂ ਨੂੰ ਮਾਫ ਕਰ ਦਿਤਾ ਜਾਂਦਾ ਸੀ ਸਗੋਂ ਕਈ ਲੋਕ ਉਨ੍ਹਾਂ ਨੂੰ ਹੋਰ ਵੀ ਮੰਦਾ ਕੰਮ ਕਰਨ ਲਈ ਉਕਸਾਉਂਦੇ ਸਨ। ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖੀਆ ਸੀ ਕਿ ਆਲੋਕ ਨਾਥ ਦੀ ਪਤਨੀ ਮੇਰੀ ਬੈਸਟ ਫਰੈਂਡ ਸੀ ਜਿਸ ਕਰਕੇ ਉਹ ਇਕ ਦੂਜੇ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ। ਇਸ ਦੌਰਾਨ 1994 ਵਿਚ ਆਲੋਕ ਨਾਥ ਨੇ ਉਨ੍ਹਾਂ ਦਾ ਬਲਾਤਕਾਰ ਕੀਤਾ ਸੀ।