Oppenheimer ਵਿਚ ਭਗਵਦ ਗੀਤਾ ਨਾਲ ਸਬੰਧਤ ਇਤਰਾਜ਼ਯੋਗ ਸੀਨ! ਫ਼ਿਲਮ ਦੇ ਨਿਰਦੇਸ਼ਕਾਂ ’ਤੇ ਭੜਕੇ ਦਰਸ਼ਕ
ਹਾਲਾਂਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਗੀਤਾ ਨਹੀਂ ਸਗੋਂ ਕੋਈ ਹੋਰ ਕਿਤਾਬ ਹੈ।
ਨਵੀਂ ਦਿੱਲੀ: ਜੇ. ਰਾਬਰਟ ਓਪਨਹਾਈਮਰ ਦੇ ਜੀਵਨ 'ਤੇ ਆਧਾਰਤ ਫਿਲਮ 'ਓਪਨਹਾਈਮਰ' 21 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕਈ ਮਹੀਨਿਆਂ ਤਕ, ਦਰਸ਼ਕ ਅੰਦਾਜ਼ਾ ਲਗਾ ਰਹੇ ਸਨ ਕਿ ਪਰਮਾਣੂ ਬੰਬ ਬਣਾਉਣ ਵਾਲੇ ਵਿਅਕਤੀ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਨਿਰਦੇਸ਼ਕ ਕ੍ਰਿਸਟੋਫਰ ਨੋਲਨ ਨੇ ਇਹ ਫਿਲਮ ਬਣਾਈ ਹੋਵੇਗੀ।
ਪਰ ਕਿਸੇ ਨੇ ਇਹ ਅੰਦਾਜ਼ਾ ਨਹੀਂ ਲਗਾਇਆ ਸੀ ਕਿ ਫਿਲਮ ਵਿਚ ਇਕ ਅਜਿਹਾ ਸੀਨ ਹੋਵੇਗਾ ਜਿਸ ਵਿਚ ਰਾਬਰਟ ਦੀ ਭੂਮਿਕਾ ਨਿਭਾ ਰਹੇ ਅਭਿਨੇਤਾ ਸਿਲਿਅਨ ਮਰਫੀ ਨੂੰ ਅਸ਼ਲੀਲ ਸੀਨ ਦੌਰਾਨ ਕਥਿਤ ਤੌਰ 'ਤੇ ਭਗਵਦ ਗੀਤਾ ਦਾ ਪਾਠ ਕਰਦੇ ਦਿਖਾਇਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਫ਼ਿਲਮ ਵਿਚ ਗੀਤਾ ਨੂੰ ਪੜ੍ਹਦਿਆਂ, ਰਾਬਰਟ ਦੇ ਕਿਰਦਾਰ ਵਿਚ ਸੀਲੀਅਨ ਨੇ ਭਗਵਾਨ ਵਿਸ਼ਨੂੰ ਅਤੇ ਹੋਰ ਬਹੁਤ ਸਾਰੀਆਂ ਹਿੰਦੂ ਧਾਰਮਕ ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਹਾਲਾਂਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਗੀਤਾ ਨਹੀਂ ਸਗੋਂ ਕੋਈ ਹੋਰ ਕਿਤਾਬ ਹੈ।
ਸੋਸ਼ਲ ਮੀਡੀਆ ਯੂਜ਼ਰਸ ਦਾ ਮੰਨਣਾ ਹੈ ਕਿ ਇਹ ਕਿਤਾਬ ਭਾਗਵਤ ਗੀਤਾ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ। ਫਿਲਮ ਅਤੇ ਇਸ ਦੀ ਸਟਾਰ ਕਾਸਟ ਅਤੇ ਮੇਕਰਸ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਣ ਲੱਗ ਪਏ ਹਨ। ਇਕ ਯੂਜ਼ਰ ਨੇ ਟਵਿਟਰ 'ਤੇ ਲਿਖਿਆ- ਮੈਂ ਫਿਲਮ ਓਪਨਹਾਈਮਰ ਦਾ ਬਾਈਕਾਟ ਕਰਨ ਦੀ ਬੇਨਤੀ ਕਰਦਾ ਹਾਂ। ਮੈਨੂੰ ਪਤਾ ਲੱਗਿਆ ਹੈ ਕਿ ਇਸ ਵਿਚ ਭਗਵਦ ਗੀਤਾ ਨਾਲ ਸਬੰਧਤ ਇਕ ਬਹੁਤ ਹੀ ਇਤਰਾਜ਼ਯੋਗ ਸੀਨ ਹੈ।
ਇਕ ਹੋਰ ਯੂਜ਼ਰ ਨੇ ਲਿਖਿਆ- ਮੈਂ ਇਥੇ ਨਹੀਂ ਦੱਸਾਂਗਾ, ਪਰ ਇਸ ਵਿਚ ਕੁੱਝ ਸਪੱਸ਼ਟ ਗੱਲ ਹੈ। ਹਿੰਦੂ ਧਰਮ ਨੂੰ ਸਕਾਰਾਤਮਕ ਅਤੇ ਸਹੀ ਢੰਗ ਨਾਲ ਪੇਸ਼ ਕਰਨ ਲਈ ਕਦੇ ਵੀ ਹਾਲੀਵੁੱਡ ਅਤੇ ਪੱਛਮੀ ਦੇਸ਼ਾਂ 'ਤੇ ਭਰੋਸਾ ਨਾ ਕਰੋ। ਯੂਜ਼ਰ ਨੇ ਲਿਖਿਆ- ਇਸ ਨੂੰ ਦਿਖਾਉਣ ਦੀ ਇਜਾਜ਼ਤ ਦੇਣ ਲਈ ਸੈਂਸਰ ਬੋਰਡ ਨੂੰ ਸ਼ਰਮ ਆਉਣੀ ਚਾਹੀਦੀ ਹੈ।