ਮਸੀਹੀ ਭਾਈਚਾਰ ਨੂੰ ਠੇਸ ਪਹੁੰਚਾਣ ਦੇ ਮਾਮਲੇ ‘ਚ ਫ਼ਰਾਹ, ਰਵੀਨਾ ਤੇ ਭਾਰਤੀ ਸਿੰਘ ਨੂੰ ਰਾਹਤ

ਏਜੰਸੀ

ਮਨੋਰੰਜਨ, ਬਾਲੀਵੁੱਡ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਮਿਲੀ ਰਾਹਤ

File

ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਾਲੀਵੁੱਡ ਦੀ ਅਦਾਕਾਰ ਰਵੀਨਾ ਟੰਡਨ ਤੇ ਫ਼ਿਲਮਸਾਜ਼ ਫ਼ਰਾਹ ਖ਼ਾਨ ਦੀ ਬੇਨਤੀ ਦੀ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਦੋਵਾਂ ਉੱਤੇ ਮਸੀਹੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਅਧੀਨ ਅਜਨਾਲਾ ਤੇ ਫ਼ਿਰੋਜ਼ਪੁਰ ਦੇ ਪੁਲਿਸ ਥਾਣਿਆਂ ’ਚ ਕੇਸ ਦਰਜ ਕੀਤੇ ਗਏ ਸਨ।

ਪੰਜਾਬ ਦੀ ਉੱਚ ਅਦਾਲਤ ਦੇ ਜਸਟਿਸ ਅਸ਼ੋਕ ਕੁਮਾਰ ਵਰਮਾ ਦੀ ਅਗਵਾਈ ਹੇਠਲੇ ਬੈਂਚ ਨੇ ਪੰਜਾਬ ਪੁਲਿਸ ਨੂੰ ਵਰਜ ਦਿੱਤਾ ਕਿ ਉਹ ਫ਼ਰਾਹ ਖ਼ਾਨ ਤੇ ਰਵੀਨਾ ਟੰਡਨ ਵਿਰੁੱਧ ਕੋਈ ਕਾਰਵਾਈ ਨਾ ਕਰਨ। ਇਨ੍ਹਾਂ ਦੋਵੇਂ ਫ਼ਿਲਮੀ ਹਸਤੀਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰ ਕੇ ਬੇਨਤੀ ਕੀਤੀ ਸੀ ਕਿ ਉਨ੍ਹਾਂ ਵਿਰੁੱਧ ਦਰਜ ਹੋਏ ਕੇਸ ਤੁਰੰਤ ਵਾਪਸ ਲਏ ਜਾਣ।

ਫ਼ਰਾਹ ਖ਼ਾਨ ਤੇ ਰਵੀਨਾ ਟੰਡਨ ਨੇ ਆਪਣੀਆਂ ਬੇਨਤੀਆਂ ਵਿੱਚ ਦੋਸ਼ ਲਾਇਆ ਹੈ ਕਿ ਉਨ੍ਹਾਂ ਉੱਤੇ ਜਾਣ ਬੁੱਝ ਕੇ ਮਾੜੀ ਨੀਅਤ ਨਾਲ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਲਾਏ ਗਏ ਹਨ। ਦੋਵਾਂ ਦੇ ਵਕੀਲ ਅਭਿਨਵ ਸੂਦ ਨੇ ਕਿਹਾ ਕਿ ਇਹ ਦੋਵੇਂ ਇੱਕ ਡਿਜੀਟਲ ਪਲੇਟਫ਼ਾਰਮ ਉੱਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਦੇ ਪ੍ਰੋਡਿਊਸਰ/ਐਂਕਰ ਅਤੇ ਮਹਿਮਾਨ/ਭਾਗੀਦਾਰ ਸਨ। 

‘ਉਸ ਸ਼ੋਅ ਦੌਰਾਨ ਅਜਿਹਾ ਕੁਝ ਵੀ ਨਹੀਂ ਹੋਇਆ ਕਿ ਜਿਸ ਤੋਂ ਕਿਸੇ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੋਵੇ। ਪ੍ਰੋਗਰਾਮ ਦੌਰਾਨ ਕਿਸੇ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ।’ ਵਕੀਲ ਸ੍ਰੀ ਸੂਦ ਨੇ ਕਿਹਾ ਕਿ ਉਨ੍ਹਾਂ ਉੱਤੇ ਭਾਰਤੀ ਦੰਡ ਸੰਘਤਾ ਦੀ ਧਾਰਾ 295–ਏ ਅਧੀਨ ਕੋਈ ਕਾਰਵਾਈ ਬਣਦੀ ਹੀ ਨਹੀਂ ਭਾਰਤੀ ਸਿੰਘ ਨੂੰ ਸ਼ਬਦ ‘ਹੈਲੀਲੂਈਆ’ ਦੇ ਜੋੜ (ਸਪੈਲਿੰਗ) ਤੇ ਉਸ ਦਾ ਮਤਲਬ ਦੱਸਣ ਲਈ ਆਖਿਆ ਗਿਆ ਸੀ। 

ਭਾਰਤੀ ਸਿੰਘ ਨੇ ਉਹ ਸ਼ਬਦ ਗ਼ਲਤ ਲਿਖਿਆ ਪਰ ਰਵੀਨਾ ਟੰਡਨ ਨੇ ਉਹ ਸ਼ਬਦ ਠੀਕ ਲਿਖਿਆ। ਵਕੀਲ ਨੇ ਕਿਹਾ ਕਿ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਭਾਰਤੀ ਸਿੰਘ ਨੂੰ ਉਹ ਸ਼ਬਦ ਪਤਾ ਹੀ ਨਹੀਂ ਸੀ ਤੇ ਉਹ ਤਾਂ ਹਿੰਦੀ ਦੇ ਕਿਸੇ ਹੋਰ ਸ਼ਬਦ ਨੂੰ ਲੈ ਕੇ ਹਾਸਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।