ਕਣਕ ਦੀ ਵੱਧ ਰਹੀ ਕੀਮਤ ਨਾਲ ਪਿਸ ਰਿਹਾ ਹੈ ਆਟਾ ਚੱਕੀਆਂ ਦਾ ਕਾਰੋਬਾਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕਈਆਂ ਚੱਕੀਆਂ ਨੇ ਪਿਸਾਈ ਦਾ ਕੰਮ ਕੀਤਾ ਬੰਦ

The business of flour mills is suffering due to the rising price of wheat

ਪਟਿਆਲਾ : ਕਣਕ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਨੇ ਸਿਰਫ਼ ਘਰਾਂ ਦੇ ਰਸੋਈ ਬਜਟ ’ਤੇ ਨਹੀਂ, ਸਗੋਂ ਆਟਾ ਪਿਸਾਈ ਉਦਯੋਗ ’ਤੇ ਵੀ ਗਹਿਰਾ ਅਸਰ ਪਾਇਆ ਹੈ। ਹਾਲ ਹੀ ਦੇ ਅੰਕੜਿਆਂ ਮੁਤਾਬਕ, ਕਣਕ ਦੀ ਕੀਮਤ ਪਿਛਲੇ ਕੁੱਝ ਮਹੀਨਿਆਂ ’ਚ ਕਾਫ਼ੀ ਵੱਧ ਗਈ ਹੈ ਜਿਸ ਨਾਲ ਨਾ ਸਿਰਫ਼ ਘਰੇਲੂ ਖਪਤਕਾਰ ਪ੍ਰੇਸ਼ਾਨ ਹਨ, ਸਗੋਂ ਫਲੋਰ ਮਿੱਲ ਮਾਲਕ ਵੀ ਅਪਣੀ ਆਮਦਨੀ ਵਿਚ ਕਮੀ ਦਾ ਸਾਹਮਣਾ ਕਰ ਰਹੇ ਹਨ।

ਇਕ ਪੜਤਾਲ ਮੁਤਾਬਕ, ਮਾਰਚ ਮਹੀਨੇ ਦੀ ਤੁਲਨਾ ਵਿਚ ਕਣਕ ਦੀ ਕੀਮਤ 20-25 ਫ਼ੀ ਸਦ ਵੱਧ ਗਈ ਹੈ। ਇਸ ਵਾਧੇ ਦਾ ਸਿੱਧਾ ਅਸਰ ਆਟੇ ਦੀ ਕੀਮਤਾਂ ’ਤੇ ਪੈਣਾ ਸੁਭਾਵਕ ਹੈ ਪਰ ਇਸ ਦੇ ਬਾਵਜੂਦ ਵੀ ਆਟੇ ਦੀ ਕੀਮਤ ’ਚ ਵੱਡਾ ਵਾਧਾ ਨਹੀਂ ਕੀਤਾ ਗਿਆ। ਪੰਜਾਬ ਰੋਲਰ ਫ਼ਲੋਰ ਮਿਲਜ਼ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਨੂੰ ਇਸ ਗੰਭੀਰ ਸਥਿਤੀ ਨੂੰ ਜਲਦੀ ਸੁਧਾਰਨ ਲਈ ਅਪੀਲ ਕੀਤੀ ਹੈ।

ਦਸਮੇਸ਼ ਫ਼ਲੋਰ ਮਿਲਜ਼ ਦੇ ਮਾਲਕ ਦਰਸ਼ਨ ਸਿੰਘ ਮੁਤਾਬਕ ਕਣਕ ਦੀ ਕਮੀ ਉਸ ਸਮੇਂ ਤੋਂ ਸ਼ੁਰੂ ਹੋਈ ਜਦੋਂ ਪੰਜਾਬ ਵਿਚ ਦੂਜੇ ਸੂਬਿਆਂ ਤੋਂ ਕਣਕ ਅਜੇ ਨਹੀਂ ਪਹੁੰਚੀ ਸੀ। ਇਸ ਨਾਲ ਆਟੇ ਦੀਆਂ ਕੀਮਤਾਂ ਵਿਚ ਇਤਿਹਾਸਕ ਵਾਧਾ ਹੋਇਆ ਹੈ। ਦਰਸ਼ਨ ਸਿੰਘ ਨੇ ਦਸਿਆ ਕਿ ਭਾਰਤ ਖਾਦ ਨਿਗਮ ਯਾਨੀ ਐਫ਼ਸੀਆਈ ਵਲੋਂ ਜੋ ਸਸਤੀ ਕਣਕ ਦੀ ਸਪਲਾਈ ਹੁੰਦੀ ਸੀ, ਉਹ ਇਸ ਵਾਰ ਦੇਰੀ ਨਾਲ ਹੋ ਰਹੀ ਹੈ। ਐਫ਼ਸੀਆਈ ਵਲੋਂ ਮਿਲ ਰਹੀ ਸਪਲਾਈ ਬੰਦ ਹੋਣ ਕਾਰਨ ਫ਼ਲੋਰ ਮਿਲਾਂ ਦੇ ਸਟਾਕ ਬਹੁਤ ਘੱਟ ਰਹਿ ਗਏ ਹਨ। ਆਖ਼ਰੀ ਟੈਂਡਰ ਵਿਚ ਕਣਕ ਦੀ ਕੀਮਤ 3,200 ਰੁਪਏ ਪ੍ਰਤੀ ਕੁਇੰਟਲ ਤਕ ਪਹੁੰਚ ਗਈ, ਜੋ ਕਿ ਸਰਕਾਰੀ ਨਿਰਧਾਰਤ 2,325 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਨਾਲੋਂ ਕਾਫ਼ੀ ਵਧੇਰੇ ਹੈ।

ਪਿਛਲੇ ਸੀਜ਼ਨ ਵਿਚ ਦੇਸ਼ ਭਰ ਵਿਚ 262 ਲੱਖ ਮੀਟ੍ਰਿਕ ਟਨ ਕਣਕ ਖ਼ਰੀਦੀ ਗਈ ਸੀ ਜਿਸ ਵਿਚੋਂ 123 ਲੱਖ ਮੀਟ੍ਰਿਕ ਟਨ ਪੰਜਾਬ ਤੋਂ ਖ਼ਰੀਦਿਆ ਗਿਆ ਸੀ। ਫ਼ਲੋਰ ਮਿਲਜ਼ ਆਮ ਤੌਰ ’ਤੇ ਛੇ ਮਹੀਨਿਆਂ ਲਈ ਸਟਾਕ ਸੁਰੱਖਿਅਤ ਰਖਦੀਆਂ ਹਨ ਹਾਲਾਂਕਿ ਇਸ ਸਮੇਂ ਸਟਾਕ ਤਿੰਨ ਮਹੀਨਿਆਂ ਵਿਚ ਖ਼ਤਮ ਹੋਣ ਦੀ ਆਸ ਹੈ। ਕਣਕ ਦੀ ਕੀਮਤਾਂ ਵਿਚ ਵਾਧਾ ਹੋਣ ਨਾਲ ਖਾਣ-ਪੀਣ ਦੀਆਂ ਹੋਰ ਚੀਜ਼ਾਂ ਦੀਆਂ ਕੀਮਤਾਂ ਵੀ ਵੱਧ ਸਕਦੀਆਂ ਹਨ। ਮੈਦੇ ਦੀ ਕੀਮਤ 10 ਰੁਪਏ ਪ੍ਰਤੀ ਕਿਲੋ ਵੱਧ ਸਕਦੀ ਹੈ।

ਇਸੇ ਤਰ੍ਹਾਂ ਰੋਟੀ ਅਤੇ ਹੋਰ ਕਈ ਤਰ੍ਹਾਂ ਦੇ ਬਰੈੱਡਾਂ ਦੇ ਭਾਅ ਵੀ ਵਧਣ ਦੀ ਸੰਭਾਵਨਾ ਹੈ। ਮਸ਼ੀਨ ਚਲਾਉਣ ਲਈ ਜ਼ਰੂਰੀ ਕਣਕ ਮਿਲਣਾ ਮੁਸ਼ਕਲ ਹੋ ਗਿਆ ਹੈ। ਮੁਹਾਲੀ ਦੇ ਇਕ ਵਪਾਰੀ ਨੇ ਕਿਹਾ ਕਿ ਸਰਕਾਰੀ ਜ਼ਖ਼ੀਰਿਆਂ ਵਿਚ ਉਪਲਬਧ ਕਣਕ ਦੀ ਮਾਤਰਾ 20.6 ਮਿਲੀਅਨ ਟਨ ਹੈ, ਜੋ ਪਿਛਲੇ 5 ਸਾਲਾਂ ਦੇ ਮੱਧ ਦਰਜੇ ਨਾਲੋਂ ਘੱਟ ਹੈ।