ਰਣਵੀਰ ਅਤੇ ਦੀਪਿਕਾ ਨੇ ਵਿਆਹ ਤੋਂ ਪੰਜ ਸਾਲ ਬਾਅਦ ਵੀ ਪ੍ਰਸ਼ੰਸਕਾਂ ਲਈ ਜਾਰੀ ਨਹੀਂ ਕੀਤੀ ‘ਵੈਡਿੰਗ ਵੀਡੀਉ’, ਜਾਣੋ ਕੈਮਰਾਮੈਨ ਨੇ ਦਸਿਆ ਕੀ ਕਾਰਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਵਿਆਹ ਦੀ ਵੀਡੀਉ ਬਣਾਉਣ ਵਾਲੇ ਕੈਮਰੇ ਦੇ ਪਿੱਛੇ ਦੇ ਵਿਅਕਤੀ ਵਿਸ਼ਾਲ ਪੰਜਾਬੀ ਨੇ ਇਕ ਇੰਟਰਵਿਊ ’ਚ ਚੁਕਿਆ ਰਾਜ਼ ਤੋਂ ਪਰਦਾ

Ranveer Singh and Deepika Padukone

ਮੁੰਬਈ: ਕਈ ਸਾਲਾਂ ਤੋਂ ਬਾਲੀਵੁੱਡ ਦੀ ਪਾਵਰ ਜੋੜੀ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦੀ ਝਲਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਪਣੇ ਖਾਸ ਦਿਨ ਦੀਆਂ ਕੁੱਝ ਝਲਕੀਆਂ ਅਤੇ ਤਸਵੀਰਾਂ ਸਾਂਝੀਆਂ ਕਰਨ ਦੇ ਬਾਵਜੂਦ, ਜੋੜੀ ਨੇ ਅਪਣੇ ਵਿਆਹ ਦੀ ਵੀਡੀਉ ਨੂੰ ਅਜੇ ਤਕ ਗੁਪਤ ਰੱਖਿਆ ਹੋਇਆ ਹੈ, ਜਿਸ ਨਾਲ ਪ੍ਰਸ਼ੰਸਕ ਇਸ ਰਹੱਸਮਈ ਫੈਸਲੇ ਬਾਰੇ ਹੈਰਾਨ ਰਹਿ ਗਏ। ਹੁਣ ਉਨ੍ਹਾਂ ਦੇ ਵਿਆਹ ਦੀ ਵੀਡੀਉ ਬਣਾਉਣ ਵਾਲੇ ਕੈਮਰੇ ਦੇ ਪਿੱਛੇ ਦੇ ਵਿਅਕਤੀ ਵਿਸ਼ਾਲ ਪੰਜਾਬੀ ਨੇ ਆਖਰਕਾਰ ਇਸ ਰਹੱਸ ਦੇ ਹੈਰਾਨੀਜਨਕ ਕਾਰਨ ’ਤੇ ਪ੍ਰਗਟਾਵਾ ਕੀਤਾ ਹੈ। ‘ਆਲ ਅਬਾਊਟ ਈਵ ਪੋਡਕਾਸਟ’ ’ਤੇ ਇਕ ਇੰਟਰਵਿਊ ’ਚ ਵਿਸ਼ਾਲ ਪੰਜਾਬੀ ਨੇ ਦਸਿਆ ਕਿ ਰਣਵੀਰ ਅਤੇ ਦੀਪਿਕਾ ਨੇ ਅਪਣੇ ਵਿਆਹ ਦੀ ਵੀਡੀਉ ਨੂੰ ਪੰਜ ਸਾਲ ਤਕ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਾ ਕੇ ਰੱਖਣ ਦਾ ਫੈਸਲਾ ਕਿਉਂ ਕੀਤਾ। 

ਵਿਸ਼ਾਲ ਦੇ ਅਨੁਸਾਰ ਇਹ ਜੋੜਾ ਨਜ਼ਰ ਲੱਗਣ ਦੇ ਵਹਿਮ ਕਾਰਨ ਅਪਣੇ ਵਿਆਹ ਦੀ ਵੀਡੀਉ ਜਾਰੀ ਨਹੀਂ ਕਰ ਰਿਹਾ। ਉਸ ਨੇ ਕਿਹਾ, ‘‘ਲਗਦਾ ਹੈ ਕਿ ਇਹ ਕਦੇ ਨਹੀਂ ਵੇਖਿਆ ਜਾਵੇਗਾ।’’ ਵਿਸ਼ਾਲ ਨੇ ਜੋੜੇ ਵਲੋਂ ਅਪਣੀਆਂ ਕੀਮਤੀ ਯਾਦਾਂ ਨੂੰ ਅਪਣੇ ਤਕ ਹੀ ਸੀਮਤ ਰੱਖਣ ਦੇ ਫ਼ੈਸਲੇ ਲਈ ਜੋੜੇ ਦੀ ਚੋਣ ’ਤੇ ਚਾਨਣਾ ਪਾਉਂਦਿਆਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਕਈ ਵਾਰ, ਕੁੱਝ ਚੀਜ਼ਾਂ ਇੰਨੀਆਂ ਸੁੰਦਰ ਹੁੰਦੀਆਂ ਹਨ, ਤੁਸੀਂ ਇਸ ਨੂੰ ਦੁਨੀਆਂ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ। ਜਿਵੇਂ ਕਿ ਮਾਵਾਂ ਕਹਿੰਦੀਆਂ ਹਨ, ‘ਨਜ਼ਰ ਨਾ ਲੱਗ ਜਾਵੇ’, ਅਤੇ ਮੈਨੂੰ ਇਸ ਪਿੱਛੇ ਇਹੀ ਭਾਵਨਾ ਲਗਦੀ ਹੈ।’’

ਜਿਉਂ-ਜਿਉਂ ਰਣਵੀਰ ਅਤੇ ਦੀਪਿਕਾ ਅਪਣੀ ਆਨ-ਸਕ੍ਰੀਨ ਕੈਮਿਸਟਰੀ ਅਤੇ ਆਫ-ਸਕ੍ਰੀਨ ਰੋਮਾਂਸ ਨਾਲ ਦਰਸ਼ਕਾਂ ਦਾ ਮਨ ਮੋਹਣਾ ਜਾਰੀ ਰਖਦੇ ਹਨ, ਇਕ ਗੱਲ ਨਿਸ਼ਚਤ ਹੈ ਕਿ ਉਨ੍ਹਾਂ ਦੇ ਪਿਆਰ ਦੀ ਕੋਈ ਹੱਦ ਨਹੀਂ ਹੈ, ਅਤੇ ਉਨ੍ਹਾਂ ਦੇ ਵਿਆਹ ਦੀ ਵੀਡੀਉ ਉਨ੍ਹਾਂ ਦੇ ਮੇਲ ਦੀ ਸੁੰਦਰਤਾ ਦਾ ਸਬੂਤ ਹੈ।