Kangana Ranaut: ਗ਼ਲਤ ਬਿਆਨਬਾਜ਼ੀ ਤੇ ਵਿਵਾਦਾਂ ਨਾਲ ਪੁਰਾਣਾ ਸਬੰਧ ਰਿਹੈ ਕੰਗਨਾ ਰਣੌਤ ਦਾ
Kangana Ranaut: ਖੇਤੀ ਕਾਨੂੰਨਾਂ ਵਿਰੁਧ ਹੋਏ ਕਿਸਾਨ ਅੰਦੋਲਨ ਦੌਰਾਨ ਮਹਿਲਾ ਕਿਸਾਨਾਂ ਨੂੰ ਦੱਸਿਆ ਸੀ ਦਿਹਾੜੀਦਾਰ
Kangana Ranaut has an old relationship with wrong statements and controversies: 12 ਜਮਾਤਾਂ ਤਕ ਪੜ੍ਹੀ ਅਤੇ ਅਨਪੜ੍ਹਤਾ ਦੀ ਮਿਸਾਲ ਪੇਸ਼ ਕਰਦੇ ਹੋਏ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਆਜ਼ਾਦ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਦਸਣ ਵਾਲੀ ਭਾਜਪਾ ਦੀ ਮੰਡੀ ਤੋਂ ਸਾਂਸਦ ਕੰਗਨਾ ਰਣੌਤ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ ਅਤੇ ਹਮੇਸ਼ਾ ਕੇਂਦਰ ਸਰਕਾਰ ਉਸ ਨੂੰ ਬਚਾਉਂਦੀ ਰਹੀ ਹੈ। ਹੁਣ ਉਸ ਦੇ ਬਿਆਨ ਕੇਂਦਰ ਦੀ ਸੱਤਾ ਵਿਚ ਬੈਠੀ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਵੀ ਗਲ ਦੀ ਹੱਡੀ ਬਣਦੇ ਨਜ਼ਰ ਆ ਰਹੇ ਹਨ। ਭਾਵੇਂ ਭਾਜਪਾ ਦੇ ਮੀਡੀਆ ਵਿੰਗ ਨੇ ਪ੍ਰੈਸ ਨੋਟ ਜਾਰੀ ਕਰ ਕੇ ਕੰਗਨਾ ਦੇ ਬਿਆਨ ਤੋਂ ਪੱਲਾ ਝਾੜ ਕੇ ਬਚਣ ਦੀ ਕੋਸ਼ਿਸ਼ ਕੀਤੀ ਹੈ, ਪਰ ਵਿਰੋਧੀ ਧਿਰਾਂ ਇਸ ਮੁੱਦੇ ਨੂੰ ਛੱਡਣ ਨੂੰ ਤਿਆਰ ਨਹੀਂ ਹਨ।
ਲਗਾਤਾਰ ਗ਼ਲਤ ਬਿਆਨਬਾਜ਼ੀ ਕਰ ਕੇ ਸੁਰਖੀਆਂ ਵਿਚ ਰਹਿਣ ਦੀ ਆਦੀ ਹੋ ਚੁੱਕੀ ਕੰਗਨਾ ਰਣੌਤ ਨੇ 2020 ਵਿਚ ਰਿਜ਼ਰਵੇਸ਼ਨ ਨੂੰ ਲੈ ਕੇ ਦਲਿਤਾਂ ਵਿਰੁਧ ਗ਼ਲਤ ਟਿਪਣੀ ਕੀਤੀ। ਉਸ ਵੇਲੇ ਪੰਜਾਬ ਰਾਜ ਐਸਸੀ ਕਮਿਸ਼ਨ ਅਤੇ ਨੈਸ਼ਨਲ ਐਸਸੀ ਕਮਿਸ਼ਨ ਕੋਈ ਕੰਗਨਾ ਵਿਰੁਧ ਕਈ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਕੇਂਦਰ ਸਰਕਾਰ ਦਾ ਸਿਰ ਤੇ ਹੱਥ ਹੋਣ ਕਾਰਨ ਉਸ ਵਿਰੁਧ ਕੋਈ ਕਾਰਵਾਈ ਨਹੀਂ ਹੋਈ ਜਿਸ ਕਰ ਕੇ ਉਸ ਦਾ ਹੌਂਸਲਾ ਵਧਿਆ ਤੇ 2021 ਵਿਚ ਕੰਗਨਾ ਨੇ ਖੇਤੀ ਕਾਨੂੰਨਾਂ ਵਿਰੁਧ ਹੋਏ ਕਿਸਾਨ ਅੰਦੋਲਨ ਵਿਚ ਸ਼ਾਮਲ ਮਹਿਲਾ ਕਿਸਾਨਾਂ ਨੂੰ ਦਿਹਾੜੀਦਾਰ ਦਸਦੇ ਹੋਏ ਗ਼ਲਤ ਬਿਆਨਬਾਜ਼ੀ ਕਰ ਦਿਤੀ।
ਏਨਾ ਹੀ ਨਹੀਂ ਕੰਗਨਾ ਰਣੌਤ ਨੇ ਤਾਂ ਇਥੋਂ ਤਕ ਕਹਿ ਦਿਤਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਉਥੇ ਲਾਸ਼ਾਂ ਲਟਕਦੀਆਂ ਰਹੀਆਂ ਸਨ ਤੇ ਕਿਸਾਨਾਂ ਦੇ ਕੈਂਪਾਂ ਵਿਚ ਬਲਾਤਕਾਰ ਹੁੰਦੇ ਰਹੇ। ਕੰਗਨਾ ਰਣੌਤ ਇਥੇ ਹੀ ਨਹੀਂ ਰੁਕੀ। ਜਦੋਂ ਮੁੰਬਈ ਨਗਰ ਨਿਗਮ ਨੇ ਪਾਲੀ ਹਿਲ ਬਾਂਦਰਾ ਵਿਚ ਸਥਿੱਤ ਕੰਗਨਾ ਦੇ ਬੰਗਲੇ ਵਿਚ ਹੋਈ ਨਾਜਾਇਜ਼ ਉਸਾਰੀ ਨੂੰ ਤੋੜਿਆ ਤਾਂ ਉਸ ਨੇ ਮੁੰਬਈ ਦੀ ਤੁਲਨਾ ਪਾਕਿਸਤਾਨ ਅਧਿਕ੍ਰਤ ਕਸ਼ਮੀਰ ਨਾਲ ਕਰ ਦਿਤੀ ਸੀ। ਕਾਫ਼ੀ ਵਿਦ ਕਰਨ ਵਿਚ ਬਾਲੀਵੁੱਡ ਵਿਚ ਫ਼ਿਲਮ ਮਾਫ਼ੀਆ ਹੋਣ ਤੇ ਨੈਪਟੋਜਿਮ ਵਾਲਾ ਬਿਆਨ ਦੇ ਕੇ ਵੀ ਕੰਗਨਾ ਸੁਰਖੀਆਂ ਵਿਚ ਰਹੀ ਸੀ। ਐਮਪੀ ਬਣਨ ਤੋਂ ਬਾਅਦ ਜਦੋਂ ਉਹ ਪਹਿਲੀ ਵਾਰ ਮੋਹਾਲੀ ਏਅਰਪੋਰਟ ਤੇ ਦਿੱਲੀ ਜਾਣ ਲਈ ਪਹੁੰਚੀ ਤਾਂ ਉਥੇ ਤੈਨਾਤ ਸੀਆਈਐਸਐਫ਼ ਦੀ ਕਾਂਸਟੇਬਲ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਥੱਪੜ ਮਾਰ ਕੇ ਪੰਜਾਬੀਆਂ ਅਤੇ ਕਿਸਾਨਾਂ ਵਿਚ ਕੰਗਨਾ ਰਣੌਤ ਵਿਰੁਧ ਭਰੇ ਗੁੱਸੇ ਦਾ ਇਜ਼ਹਾਰ ਕੀਤਾ ਸੀ।
ਹੁਣ ਹਰਿਆਣਾ ਵਿਧਾਨ ਸਭਾ ਚੋਣਾਂ ਸਿਰ ’ਤੇ ਹੋਣ ਕਾਰਣ ਭਾਜਪਾ ਦੇ ਮੀਡੀਆ ਵਿੰਗ ਨੇ ਪ੍ਰੈਸ ਬਿਆਨ ਜਾਰੀ ਕਰ ਕੇ ਕੰਗਨਾ ਦੇ ਬਿਆਨ ਨੂੰ ਉਸ ਦਾ ਨਿਜੀ ਬਿਆਨ ਦਸਦੇ ਹੋਏ ਕਿਨਾਰਾ ਕਰ ਲਿਆ। ਪਰ ਵਿਰੋਧੀ ਧਿਰਾਂ ਲਗਾਤਾਰ ਇਹ ਮੰਗ ਕਰਦੀਆਂ ਆ ਰਹੀਆਂ ਹਨ ਕਿ ਜੇਕਰ ਕੰਗਨਾ ਭਾਜਪਾ ਦੀ ਗੱਲ ਨਹੀਂ ਮੰਨਦੀ ਤਾਂ ਉਸ ਨੂੰ ਪਾਰਟੀ ਵਿਚੋਂ ਬਾਹਰ ਕਿਉਂ ਨਹੀਂ ਕਢਿਆ ਜਾਂਦਾ? ਭਾਜਪਾ ਦੇ ਸਾਬਕਾ ਮੰਤਰੀ ਸੋਮ ਪ੍ਰਕਾਸ਼ ਵੀ ਕੰਗਨਾ ਦੇ ਬਿਆਨਾਂ ਨੂੰ ਗ਼ਲਤ ਦਸਦੇ ਹੋਏ ਇਹ ਕਹਿ ਚੁੱਕੇ ਹਨ ਕਿ ਇਨ੍ਹਾਂ ਬਿਆਨਾਂ ਦਾ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ।
ਰਿਜ਼ਰਵੇਸ਼ਨ ਵਿਰੁਧ ਦਿਤੇ ਬਿਆਨ ਵਿਰੁਧ ਕੰਗਨਾ ਦੀ ਸ਼ਿਕਾਇਤ ਕਰ ਕੇ ਕਾਰਵਾਈ ਦੀ ਮੰਗ ਕਰਨ ਵਾਲੇ ਰਾਜ ਕੁਮਾਰ ਨੇ ਦਸਿਆ ਕਿ ਕੰਗਨਾ ਦੇ ਸਿਰ ਤੇ ਕੇਂਦਰ ਸਰਕਾਰ ਦਾ ਹੱਥ ਹੋਣ ਕਾਰਨ ਉਸ ਵਿਰੁਧ ਕੋਈ ਕਾਰਵਾਈ ਨਹੀਂ ਹੋ ਰਹੀ। ਰਾਜ ਕੁਮਾਰ ਨੇ ਦਸਿਆ ਕਿ ਜਦੋਂ ਉਸ ਨੇ ਪੰਜਾਬ ਰਾਜ ਐਸਸੀ ਕਮਿਸ਼ਨ ਨੂੰ ਕੰਗਨਾ ਦੀ ਸ਼ਿਕਾਇਤ ਕਰਦੇ ਹੋਏ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਕਮਿਸ਼ਨ ਵਲੋਂ ਕਿਹਾ ਗਿਆ ਸੀ ਕਿ ਕੰਗਨਾ ਵਿਰੁਧ ਉਹ ਕਾਰਵਾਈ ਨਹੀਂ ਕਰ ਸਕਦੇ। ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ।
ਇਸ ਤੋਂ ਬਾਅਦ ਰਾਸ਼ਟਰੀ ਐਸਸੀ ਕਮਿਸ਼ਨ ਕੋਲ ਵੀ ਸ਼ਿਕਾਇਤ ਭੇਜੀ ਗਈ, ਪਰ ਉਸ ਵਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਕੇਂਦਰ ਸਰਕਾਰ ਕੰਗਨਾ ਨੂੰ ਬਚਾਉਣ ਲਈ ਹਮੇਸ਼ਾ ਉਸ ਨਾਲ ਖੜੀ ਹੈ। ਹੁਣ ਉਸ ਨੇ ਐਮਰਜੈਂਸੀ ਫ਼ਿਲਮ ਬਣਾ ਕੇ ਉਸ ਵਿਚ ਸਿੱਖਾਂ ਤੇ ਪੰਜਾਬੀਆਂ ਨੂੰ ਅਤਿਵਾਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਹੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਲੋਂ ਵੀ ਖ਼ਾਲਿਸਤਾਨ ਦੀ ਮੰਗ ਕਰਦੇ ਹੋਏ ਦਿਖਾਇਆ ਗਿਆ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਸੰਸਦੀ ਬੋਰਡ ਦੇ ਮੈਂਬਰ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਬਕਾਇਦਾ ਪ੍ਰੈਸ ਕਾਨਫ਼ਰੰਸ ਕਰ ਕੇ ਕੰਗਨਾ ਦੀ ਫ਼ਿਲਮ ਐਮਰਜੈਂਸੀ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ। ਸ. ਗਰੇਵਾਲ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਚੇਤਾਵਨੀ ਵੀ ਦਿਤੀ ਕਿ ਉਹ ਇਸ ਫ਼ਿਲਮ ਦੇ ਮਾਮਲੇ ਵਿਚ ਸਿੱਖਾਂ ਤੇ ਪੰਜਾਬੀਆਂ ਦੇ ਸਬਰ ਦਾ ਇਮਤਿਹਾਨ ਨਾ ਲੈਣ।
Ldh –Sathi – 22 - 01