ਪੰਡਿਤ ਰਾਓ ਧਰੇਨਵਰ ਦੀ ਸ਼ਿਕਾਇਤ 'ਤੇ ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਨੂੰ ਨੋਟਿਸ
ਲਾਈਵ ਸ਼ੋਅ ਦੌਰਾਨ ਨਸ਼ਿਆਂ ਸਬੰਧੀ ਗੀਤ ਨਾ ਗਾਉਣ ਦੇ ਸਬੰਧ 'ਚ ਭੇਜਿਆ ਗਿਆ ਨੋਟਿਸ
ਚੰਡੀਗੜ੍ਹ : ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਦੀ ਸ਼ਿਕਾਇਤ ਤੋਂ ਬਾਅਦ ਗੋਆ ਵਿੱਚ 25 ਜਨਵਰੀ ਨੂੰ ਹੋਣ ਵਾਲੇ ਮਸ਼ਹੂਰ ਗਾਇਕਾ ਸੁਨਿਧੀ ਚੌਹਾਨ ਦੇ ਲਾਈਵ ਸ਼ੋਅ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਖਤ ਰੁਖ ਅਪਣਾਇਆ ਹੈ। ਦੱਖਣ ਗੋਆ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਨੇ ਪ੍ਰਬੰਧਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਬੱਚਿਆਂ ਦੀ ਮੌਜੂਦਗੀ ਵਿੱਚ ਤੰਬਾਕੂ ਅਤੇ ਸ਼ਰਾਬ ਨੂੰ ਉਤਸ਼ਾਹਤ ਕਰਨ ਵਾਲੇ ਗੀਤ ਨਾ ਗਾਉਣ/ਬਜਾਉਣ ਦੇ ਨਿਰਦੇਸ਼ ਦਿੱਤੇ ਹਨ।
ਇਹ ਐਡਵਾਈਜ਼ਰੀ 1919 ਸਪੋਰਟਸ ਕ੍ਰਿਕਟ ਸਟੇਡੀਅਮ, ਵਰਨਾ ਵਿੱਚ ਪ੍ਰਸਤਾਵਿਤ ‘ਦ ਅਲਟੀਮੇਟ ਸੁਨੀਧੀ ਲਾਈਵ ਕੰਸਰਟ’ ਦੇ ਸਬੰਧ ਵਿੱਚ ਜਾਰੀ ਕੀਤੀ ਗਈ ਹੈ। ਪ੍ਰੋਗਰਾਮ ਵਿੱਚ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਐਂਟਰੀ ਦੀ ਇਜਾਜ਼ਤ ਹੋਣ ਕਾਰਨ ਪ੍ਰਸ਼ਾਸਨ ਨੇ ਇਸ ਨੂੰ ਬੱਚਿਆਂ ਦੇ ਹਿੱਤ ਨਾਲ ਜੋੜਿਆ ਹੈ।
ਐਡਵਾਈਜ਼ਰੀ ਵਿੱਚ ਖਾਸ ਤੌਰ 'ਤੇ ਸੁਨੀਧੀ ਚੌਹਾਨ ਦੇ ਮਸ਼ਹੂਰ ਗੀਤਾਂ ‘ਬੀੜੀ ਜਲਾਈ ਲੇ’ ਅਤੇ ‘ਸ਼ਰਾਬੀ’ ਦਾ ਜ਼ਿਕਰ ਕੀਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਗੀਤ ਤੰਬਾਕੂ ਅਤੇ ਸ਼ਰਾਬ ਦੇ ਸੇਵਨ ਨੂੰ ਉਤਸ਼ਾਹਿਤ ਕਰਨ ਵਾਲੇ ਮੰਨੇ ਜਾਂਦੇ ਹਨ, ਜਿਸ ਨਾਲ ਬੱਚਿਆਂ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਜੁਵੈਨਾਈਲ ਜਸਟਿਸ ਨੇ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015 ਦੀ ਧਾਰਾ 3 (IV) ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬੱਚਿਆਂ ਨਾਲ ਜੁੜੇ ਹਰ ਫੈਸਲੇ ਵਿੱਚ ਉਨ੍ਹਾਂ ਦੇ ਸਰੀਰਕ, ਮਾਨਸਿਕ, ਨੈਤਿਕ ਅਤੇ ਭਾਵਨਾਤਮਕ ਹਿੱਤ ਨੂੰ ਸਭ ਤੋਂ ਪਹਿਲਾਂ ਰੱਖਿਆ ਜਾਣਾ ਚਾਹੀਦਾ ਹੈ।
ਐਡਵਾਈਜ਼ਰੀ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 22 ਜੁਲਾਈ 2019 ਦੇ ਫੈਸਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਅਜਿਹੇ ਗੀਤ ਬੱਚਿਆਂ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ ਅਤੇ ਪ੍ਰਬੰਧਕਾਂ ਅਤੇ ਕਲਾਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਦੀ ਮੌਜੂਦਗੀ ਵਿੱਚ ਸੰਵੇਦਨਸ਼ੀਲਤਾ ਵਰਤਣ। ਪ੍ਰਸ਼ਾਸਨ ਨੇ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਲਾਈਵ ਦੌਰਾਨ ਅਜਿਹਾ ਕੋਈ ਵੀ ਗੀਤ ਨਾ ਗਾਇਆ ਜਾਵੇ ਜੋ ਤੰਬਾਕੂ ਜਾਂ ਸ਼ਰਾਬ ਦੇ ਸੇਵਨ ਨੂੰ ਉਤਸ਼ਾਹਿਤ ਕਰਦਾ ਹੋਵੇ।