ਧੀ ਸੋਨਾਕਸ਼ੀ ਦਾ ਵਿਆਹ ਇਕ ਮੁਸਲਿਮ ਨਾਲ ਕਰਨ ’ਤੇ ਸ਼ਤਰੂਘਨ ਸਿਨਹਾ ਨੂੰ ਮਿਲੀ ਹਿੰਦੂ ਸੈਨਾ ਤੋਂ ਧਮਕੀ
ਹਿੰਦੂ ਸ਼ਿਵ ਭਵਾਨੀ ਸੈਨਾ ਨੇ ਪਟਨਾ ’ਚ ਸੋਨਾਕਸ਼ੀ ਤੇ ਜ਼ਹੀਰ ਇਕਬਾਲ ਦੇ ਵਿਆਹ ਨੂੰ ਲਵ ਜੇਹਾਦ ਦਸਦਿਆਂ ਪੋਸਟਰ ਲਗਾਏ
ਮੁੰਬਈ: ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਇਕ ਮੁਸਲਿਮ ਵਿਅਕਤੀ ਨਾਲ ਵਿਆਹ ਕੀਤਾ ਹੈ। ਇਸ ਤੋਂ ਬਾਾਅਦ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੂੰ ਅਲਟੀਮੇਟਮ ਦੇ ਦਿਤਾ ਗਿਆ ਹੈ। ਫ਼ਿਲਮ ਅਦਾਕਾਰ ਸ਼ਤਰੂਘਨ ਸਿਨਹਾ ਨੂੰ ਇਹ ਧਮਕੀ ਬਿਹਾਰ ਦੀ ਹਿੰਦੂ ਸ਼ਿਵ ਭਵਾਨੀ ਸੈਨਾ ਨੇ ਦਿਤੀ ਹੈ। ਹਿੰਦੂ ਭਵਾਨੀ ਸੈਨਾ ਨੇ ਸੋਨਾਕਸ਼ੀ ਸਿਨਹਾ ਦੇ ਵਿਆਹ ਦਾ ਵਿਰੋਧ ਕੀਤਾ ਹੈ।
ਹਿੰਦੂ ਸ਼ਿਵ ਭਵਾਨੀ ਸੈਨਾ ਨੇ ਪਟਨਾ ’ਚ ਸੋਨਾਕਸ਼ੀ ਤੇ ਜ਼ਹੀਰ ਇਕਬਾਲ ਦੇ ਵਿਆਹ ਨੂੰ ਲਵ ਜੇਹਾਦ ਦਸਦਿਆਂ ਪੋਸਟਰ ਲਗਾਏ ਹਨ। ਨਾਲ ਹੀ ਕਿਹਾ ਕਿ ਸ਼ਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਨੂੰ ਬਿਹਾਰ ’ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਸ਼ਤਰੂਘਨ ਸਿਨਹਾ ਪਹਿਲਾਂ ਆਪਣੀ ਬੇਟੀ ਅਤੇ ਜ਼ਹੀਰ ਇਕਬਾਲ ਦੇ ਵਿਆਹ ਦੇ ਖ਼ਿਲਾਫ਼ ਸਨ। ਪਿਤਾ ਹੋਣ ਕਾਰਨ ਬਾਅਦ ਵਿਚ ਪਰਿਵਾਰ ਇਸ ਵਿਆਹ ਲਈ ਰਾਜ਼ੀ ਹੋ ਗਿਆ। ਹੁਣ ਪਟਨਾ ’ਚ ਬਿਹਾਰੀ ਬਾਬੂ, ਸੋਨਾਕਸ਼ੀ ਅਤੇ ਜ਼ਹੀਰ ਦੇ ਨਾਂ ਨਾਲ ਮਸ਼ਹੂਰ ਸ਼ਤਰੂਘਨ ਸਿਨਹਾ ਦੀਆਂ ਫੋਟੋਆਂ ਵਾਲੇ ਪੋਸਟਰ ਲਗਾਏ ਗਏ ਹਨ। ਲਿਖਿਆ ਹੈ, “ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦਾ ਵਿਆਹ ਲਵ ਜੇਹਾਦ ਦਾ ਪ੍ਰਚਾਰ ਹੈ। ਪੂਰੇ ਦੇਸ਼ ਦਾ ਇਸਲਾਮੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼ਤਰੂਘਨ ਸਿਨਹਾ ਜੀ ਨੂੰ ਇਕ ਵਾਰ ਫਿਰ ਵਿਆਹ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਨਹੀਂ ਤਾਂ ਉਹ ਤੁਰੰਤ ਆਪਣੇ ਪੁੱਤਰਾਂ ਲਵ ਅਤੇ ਕੁਸ਼ ਦੇ ਨਾਲ-ਨਾਲ ਆਪਣੇ ਘਰ ‘ਰਾਮਾਇਣ’ ਦਾ ਨਾਂਅ ਬਦਲ ਕੇ ਕੁੱਝ ਹੋਰ ਰੱਖ ਦੇਣ, ਇਹ ਹਿੰਦੂ ਧਰਮ ਦਾ ਅਪਮਾਨ ਹੈ। ਹਿੰਦੂ ਸ਼ਿਵ ਭਵਾਨੀ ਸੈਨਾ ਸੋਨਾਕਸ਼ੀ ਸਿਨਹਾ ਨੂੰ ਬਿਹਾਰ ਵਿੱਚ ਦਾਖ਼ਲ ਨਹੀਂ ਹੋਣ ਦੇਵੇਗੀ।’
ਜ਼ਹੀਰ ਇਕਬਾਲ ਅਤੇ ਸੋਨਾਕਸ਼ੀ ਸਿਨਹਾ ਨੇ ਐਤਵਾਰ ਨੂੰ ਸਿਵਲ ਮੈਰਿਜ ਐਕਟ ਤਹਿਤ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਜੋੜੇ ਨੇ ਇਹ ਰਿਸੈਪਸ਼ਨ ਸ਼ਿਲਪਾ ਸ਼ੈੱਟੀ ਦੇ ਰੈਸਟੋਰੈਂਟ ’ਚ ਦਿਤੀ। ਸੋਨਾਕਸ਼ੀ ਦੇ ਮਾਤਾ-ਪਿਤਾ ਹਾਜ਼ਰ ਹੋਏ ਪਰ ਉਸ ਦੇ ਭਰਾ ਲਵ ਤੇ ਕੁਸ਼ ਨੇ ਆਪਣੀ ਭੈਣ ਦੇ ਵਿਆਹ ਤੋਂ ਦੂਰੀ ਬਣਾਈ ਰੱਖੀ। ਹੁਣ ਸੋਨਾਕਸ਼ੀ ਦਾ ਵਿਆਹ ਪਰਿਵਾਰ ਲਈ ਕਈ ਤਰ੍ਹਾਂ ਦੀਆਂ ਮੁਸੀਬਤਾਂ ਲੈ ਕੇ ਆ ਰਿਹਾ ਹੈ।