ਸ਼ਾਹਰੁਖ ਖਾਨ ਨੂੰ ਕੌਮੀ ਪੁਰਸਕਾਰ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਵਿਚਾਲੇ ਝਗੜਾ 

ਏਜੰਸੀ

ਮਨੋਰੰਜਨ, ਬਾਲੀਵੁੱਡ

ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਬਿਹਾਰ ਵਿਧਾਨ ਸਭਾ ਚੋਣਾਂ ਕਾਰਨ ਅਦਾਕਾਰ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕਰਨ ਬਾਰੇ ਸੋਚਿਆ

Shah Rukh Khan

ਮੁੰਬਈ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਵਿਧਾਇਕ ਰਾਜ ਪੁਰੋਹਿਤ ਨੇ ਕਿਹਾ ਹੈ ਕਿ ਕਾਂਗਰਸ ਸਰਕਾਰਾਂ ਨੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਕੋਈ ਪੁਰਸਕਾਰ ਨਹੀਂ ਦਿਤਾ ਪਰ ਉਨ੍ਹਾਂ ਦੀ ਪਾਰਟੀ ਨੇ ਅਦਾਕਾਰ ਨੂੰ ਪੂਰੀ ਤਰ੍ਹਾਂ ਉਨ੍ਹਾਂ ਦੀ ਯੋਗਤਾ ਦੇ ਆਧਾਰ ਉਤੇ ਮਾਣ ਦਿਤਾ।

ਦੂਜੇ ਪਾਸੇ ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਪਿਛਲੇ 11 ਸਾਲਾਂ ਵਿਚ ਪਹਿਲੀ ਵਾਰ ਬਿਹਾਰ ਵਿਧਾਨ ਸਭਾ ਚੋਣਾਂ ਕਾਰਨ ਅਦਾਕਾਰ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕਰਨ ਬਾਰੇ ਸੋਚਿਆ ਹੈ। ਖਾਨ ਨੇ ‘ਜਵਾਨ’ ਵਿਚ ਅਪਣੀ ਭੂਮਿਕਾ ਲਈ ਬਿਹਤਰੀਨ ਅਦਾਕਾਰ ਦਾ ਕੌਮੀ ਪੁਰਸਕਾਰ ਪ੍ਰਾਪਤ ਕੀਤਾ ਸੀ ਅਤੇ ਇਸ ਨੂੰ ‘12 ਵੀਂ ਫੇਲ’ ਦੇ ਅਦਾਕਾਰ ਵਿਕਰਾਂਤ ਮੈਸੀ ਨਾਲ ਸਾਂਝਾ ਕੀਤਾ। 

ਭਾਜਪਾ ਨੇਤਾ ਰਾਜ ਪੁਰੋਹਿਤ ਨੇ ਕਿਹਾ, ‘‘ਬਹੁਤ ਸਾਰੇ ਲੋਕਾਂ ਨੂੰ ਲਗਦਾ ਹੈ ਕਿ ਕਾਂਗਰਸ ਸ਼ਾਹਰੁਖ ਖਾਨ ਨੂੰ ਇੰਨੇ ਸਾਲਾਂ ਤੋਂ ਨਜ਼ਰਅੰਦਾਜ਼ ਕਰਦੀ ਰਹੀ।’’ ਰਾਜ ਪੁਰੋਹਿਤ ਨੇ ਕਿਹਾ ਕਿ ਭਾਜਪਾ ਨੇ ਕਦੇ ਵੀ ਧਰਮ ਦੇ ਆਧਾਰ ਉਤੇ ਅਦਾਕਾਰ ਦਾ ਮੁਲਾਂਕਣ ਨਹੀਂ ਕੀਤਾ, ਸਗੋਂ ਉਨ੍ਹਾਂ ਦੀ ਪ੍ਰਤਿਭਾ ਅਤੇ ਪ੍ਰਦਰਸ਼ਨ ਨੂੰ ਮਾਨਤਾ ਦਿਤੀ। ਉਨ੍ਹਾਂ ਕਿਹਾ ਕਿ ਸ਼ਾਹਰੁਖ ਖ਼ਨ ਇਹ ਪੁਰਸਕਾਰ ਦੇਣਾ ਇਸ ਦੋਸ਼ ਨੂੰ ਗ਼ਲਤ ਠਹਿਰਾਉਂਦੇ ਹਨ ਕਿ ਭਾਜਪਾ ਜਾਤੀ ਜਾਂ ਧਾਰਮਕ ਵਿਤਕਰੇ ਦੀ ਪਾਲਣਾ ਕਰਦੀ ਹੈ। ਉਨ੍ਹਾਂ ਕਿਹਾ ਕਿ ਭਗਵਾ ਪਾਰਟੀ ਏਕਤਾ, ਯੋਗਤਾ ਅਤੇ ਸਮਰੱਥਾ ’ਚ ਵਿਸ਼ਵਾਸ ਰਖਦੀ ਹੈ। 

ਦੂਜੇ ਪਾਸੇ ਸ਼ਹਿਰ ਦੇ ਕਾਂਗਰਸੀ ਨੇਤਾ ਅਤੇ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਭਾਈ ਜਗਤਾਪ ਨੇ ਸੱਤਾਧਾਰੀ ਭਾਜਪਾ ਉਤੇ ਚੋਣ ਲਾਭਾਂ ਲਈ ਕੌਮੀ ਫ਼ਿਲਮ ਪੁਰਸਕਾਰਾਂ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਇਆ। ਜਗਤਾਪ ਨੇ ਕਿਹਾ, ‘‘ਤੁਸੀਂ ਇਨ੍ਹਾਂ ਗਿਆਰਾਂ ਸਾਲਾਂ ਵਿਚ ਉਨ੍ਹਾਂ ਨੂੰ ਕੌਮੀ ਪੁਰਸਕਾਰ ਨਹੀਂ ਦਿਤਾ। ਹੁਣ ਅਚਾਨਕ ਕਿਉਂ? ਕੀ ਇਹ ਬਿਹਾਰ ਚੋਣਾਂ ਕਾਰਨ ਹੈ ਜਾਂ ਮਹਾਰਾਸ਼ਟਰ (ਸਥਾਨਕ ਸੰਸਥਾ) ਦੀਆਂ ਚੋਣਾਂ?’’ ਉਨ੍ਹਾਂ ਨੇ ਕਿਹਾ ਕਿ ਖਾਨ ਦੇਸ਼ ਲਈ ਇਕ ਸਭਿਆਚਾਰਕ ਸੰਪਤੀ ਹਨ। ਉਨ੍ਹਾਂ ਨੇ ਅਦਾਕਾਰ ਨੂੰ ਵਧਾਈ ਦਿਤੀ, ਪਰ ਇਹ ਵੀ ਕਿਹਾ ਕਿ ਪੁਰਸਕਾਰ ਦੇ ਆਲੇ ਦੁਆਲੇ ਦਾ ਸਮਾਂ ਅਤੇ ਸਿਆਸੀ ਬਿਰਤਾਂਤ ਸ਼ੱਕੀ ਹੈ। ਕਾਂਗਰਸ ਵਿਧਾਇਕ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ਸਮਾਜ ਦਾ ਧਰੁਵੀਕਰਨ ਕੀਤਾ ਅਤੇ ਮੁਸਲਮਾਨਾਂ ਨੂੰ ‘ਚੁੱਪ’ ਕਰਵਾਇਆ, ਪਰ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਕਾਰਨ ਅਚਾਨਕ ਸ਼ਾਹਰੁਖ ਖਾਨ ਨੂੰ ਯਾਦ ਕੀਤਾ। ਜਗਤਾਪ ਨੇ ਕਿਹਾ ਕਿ ਸ਼ਾਹਰੁਖ ਖਾਨ ਦਾ ਸਨਮਾਨ ਕਰਨ ਦਾ ਇਕੋ-ਇਕ ਉਦੇਸ਼ ਚੋਣਾਂ ਹਨ।