ਆਰੀਅਨ ਖਾਨ ਡਰੱਗ ਮਾਮਲੇ 'ਚ ਨਵਾਂ ਮੋੜ ! ਗਵਾਹ ਨੇ ਕਿਹਾ- 18 ਕਰੋੜ 'ਚ ਹੋਈ ਸੀ ਡੀਲ

ਏਜੰਸੀ

ਮਨੋਰੰਜਨ, ਬਾਲੀਵੁੱਡ

ਇਸ ਵਿਚੋਂ 8 ਕਰੋੜ ਰੁਪਏ NCB ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਦਿਤੇ ਜਾਣੇ ਸਨ

Aryan Khan and detective KP Gosavi

NCB ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ 

ਮੁੰਬਈ : ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ, ਜਿਸ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਕਰੂਜ਼ ਡਰੱਗਜ਼ ਪਾਰਟੀ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ, ਦੇ ਮਾਮਲੇ ਵਿਚ ਇਕ ਨਵਾਂ ਮੋੜ ਆਇਆ ਹੈ। ਇਸ ਮਾਮਲੇ ਵਿੱਚ ਐਨਸੀਬੀ ਦੇ ਗਵਾਹਾਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਪ੍ਰਭਾਕਰ ਸੇਲ, ਜੋ ਆਪਣੇ ਆਪ ਨੂੰ ਕੇਪੀ ਗੋਸਾਵੀ ਦਾ ਅੰਗ ਰੱਖਿਅਕ ਦੱਸਦਾ ਹੈ, ਨੇ ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਅਤੇ ਗੋਸਾਵੀ 'ਤੇ ਪੈਸੇ ਦੇ ਲੈਣ -ਦੇਣ ਦਾ ਦੋਸ਼ ਲਾਇਆ ਹੈ। ਪ੍ਰਾਈਵੇਟ ਜਾਸੂਸ ਕੇਪੀ ਗੋਸਾਵੀ ਦੀ ਆਰੀਅਨ ਖਾਨ ਨਾਲ ਫੋਟੋ ਵਾਇਰਲ ਹੋਈ ਸੀ। ਮਾਮਲੇ ਵਿਚ ਸਮੀਰ ਵਾਨਖੇੜੇ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਉਹ ਇਸ ਦਾ ਪੁਖ਼ਤਾ ਜਵਾਬ ਬਾਅਦ ਵਿਚ ਦੇਣਗੇ।

ਪ੍ਰਭਾਕਰ ਸੇਲ ਨਾਂ ਦੇ ਇਸ ਗਵਾਹ ਨੇ ਹਲਫ਼ਨਾਮੇ ਵਿਚ ਦਾਅਵਾ ਕੀਤਾ ਹੈ ਕਿ ਉਸ ਨੇ ਕੇਪੀ ਗੋਸਾਵੀ ਅਤੇ ਕਿਸੇ ਸੈਮ ਡਿਸੂਜ਼ਾ ਵਿਚਕਾਰ 18 ਕਰੋੜ ਰੁਪਏ ਦੇ ਸੌਦੇ ਬਾਰੇ ਸੁਣਿਆ ਸੀ। ਇਸ ਵਿਚੋਂ 8 ਕਰੋੜ ਰੁਪਏ NCB ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਦਿਤੇ ਜਾਣੇ ਸਨ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਕੇਪੀ ਗੋਸਾਵੀ ਤੋਂ ਪੈਸੇ ਲੈ ਕੇ ਸੈਮ ਡਿਸੂਜ਼ਾ ਤਕ ਪਹੁੰਚਾਏ ਸਨ।

ਪ੍ਰਭਾਕਰ ਸੇਲ ਉਹੀ ਵਿਅਕਤੀ ਹੈ ਜਿਸ ਦਾ ਐਨਸੀਬੀ ਨੇ 6 ਅਕਤੂਬਰ ਨੂੰ ਜਾਰੀ ਪ੍ਰੈਸ ਬਿਆਨ ਵਿਚ ਗਵਾਹ ਵਜੋਂ ਪੇਸ਼ ਕੀਤਾ ਸੀ। ਹੁਣ ਪ੍ਰਭਾਕਰ ਨੇ ਦੋਸ਼ ਲਾਇਆ ਹੈ ਕਿ ਕੇਪੀ ਗੋਸਾਵੀ ਲਾਪਤਾ ਹਨ। ਉਸ ਦਾ ਕਹਿਣਾ ਹੈ ਕਿ ਉਸ ਨੂੰ ਡਰ ਹੈ ਕਿ ਕੇਪੀ ਗੋਸਾਵੀ ਦੀ ਜਾਨ ਨੂੰ ਖਤਰਾ ਹੈ। ਇਸ ਲਈ ਉਸ ਨੇ ਇਹ ਹਲਫ਼ਨਾਮਾ ਦਾਇਰ ਕੀਤਾ ਹੈ।