Kanika Kapoor ਦੇ ਅਪਾਰਟਮੈਂਟ ਦੇ 35 ਲੋਕਾਂ ਦਾ ਹੋਇਆ ਕੋਰੋਨਾ ਟੈਸਟ, ਸਾਹਮਣੇ ਆਈ ਅਜਿਹੀ ਰਿਪੋਰਟ

ਏਜੰਸੀ

ਮਨੋਰੰਜਨ, ਬਾਲੀਵੁੱਡ

ਜਦ ਤੋਂ ਬਾਲੀਵੁੱਡ ਸਿੰਗਰ ਕਨਿਕਾ ਕਪੂਰ ਦੀ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਉਦੋਂ ਤੋਂ ਹੀ ਹੜਕੰਪ ਮਚਿਆ ਹੋਇਆ ਹੈ।

Photo

ਨਵੀਂ ਦਿੱਲੀ: ਜਦ ਤੋਂ ਬਾਲੀਵੁੱਡ ਸਿੰਗਰ ਕਨਿਕਾ ਕਪੂਰ ਦੀ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਉਦੋਂ ਤੋਂ ਹੀ ਹੜਕੰਪ ਮਚਿਆ ਹੋਇਆ ਹੈ। ਰਿਪੋਰਟਾਂ ਦੀ ਮੰਨੀਏ ਤਾਂ 15 ਮਾਰਚ ਨੂੰ ਹੀ ਕਨਿਕਾ ਲੰਡਨ ਤੋਂ ਲਖਨਊ ਆਈ ਸੀ ਅਤੇ ਹਵਾਈ ਅੱਡੇ ‘ਤੇ ਏਅਰਪੋਰਟ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਛੁਪ ਕੇ ਭੱਜ ਗਈ ਸੀ।

ਬੀਤੇ ਸ਼ੁੱਕਰਵਾਰ ਨੂੰ ਲਖਨਊ ਵਿਚ ਕਨਿਕਾ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਸ ਵਿਚ ਉਸ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਉਥੇ ਹੀ ਕਨਿਕਾ ਕਪੂਰ ਨੂੰ ਲੈ ਕੇ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕਨਿਕਾ ਦੇ ਨਾਲ ਕਲਪਨਾ ਟਾਵਰ ਵਿਚ ਮੌਜੂਦ 35 ਲੋਕਾਂ ਦਾ ਕੋਰੋਨਾ ਵਾਇਰਸ ਟੈਸਟ ਕਰਵਾਇਆ ਗਿਆ ਹੈ।

ਕਨਿਕਾ ਦੇ ਨਾਲ ਕਲਪਨਾ ਟਾਵਰ ਵਿਚ 35 ਲੋਕਾਂ ਵਿਚੋਂ 11 ਲੋਕਾਂ ਦਾ ਕੋਰੋਨਾ ਵਾਇਰਸ ਟੈਸਟ ਨੈਗੇਟਿਵ ਆਇਆ ਹੈ। ਉੱਥੇ ਹੀ ਹਾਲੇ 24 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਨਿਊਜ਼ ਏਜੰਸੀ ਨੇ ਇਕ ਟਵੀਟ ਜ਼ਰੀਏ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ‘ਕਲਪਨਾ ਟਾਵਰ, ਜਿੱਥੇ ਕਨਿਕਾ ਕਪੂਰ ਅਪਣੇ ਅੰਕਲ ਦੇ ਨਾਲ 13 ਮਾਰਚ ਨੂੰ ਰੁਕੀ ਸੀ।

ਉੱਥੇ ਰਹਿਣ ਵਾਲੇ 35 ਲੋਕਾਂ ਨੇ ਕੋਰੋਨਾ ਟੈਸਟ ਕਰਵਾਇਆ ਹੈ, ਜਿਨ੍ਹਾਂ ਵਿਚ 11 ਲੋਕਾਂ ਦਾ ਕੋਰੋਨਾ ਵਾਇਰਸ ਟੈਸਟ ਨੈਗੇਟਿਵ ਆਇਆ ਹੈ ਅਤੇ 24 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ’। ਦੱਸ ਦਈਏ ਕਿ ਸਿੰਗਰ ਕਨਿਕਾ ਕਪੂਰ ‘ਤੇ ਕੋਰੋਨਾ ਵਾਇਰਸ ਨੂੰ ਲੈ ਕੇ ਲਾਪਰਵਾਹੀ ਵਰਤਣ ਲਈ ਯੂਪੀ ਵਿਚ ਤਿੰਨ ਐਫਆਈਆਰ ਦਰਜ ਕਰਵਾਈਆਂ ਜਾ ਚੁੱਕੀਆਂ ਹਨ।