NP Singh News: ਐਨ.ਪੀ. ਸਿੰਘ ਵਲੋਂ 25 ਸਾਲਾਂ ਦੀ ਸੇਵਾ ਪਿਛੋਂ ਸੋਨੀ ਟੀ.ਵੀ. ਤੋਂ ਅਸਤੀਫ਼ਾ
ਟੀਵੀ ਚੈਨਲਾਂ ਦੀ ਦੁਨੀਆ ਦਾ ਚਰਚਿਤ ਚਿਹਰਾ ਬਣੇ ਰਹੇ ਐਨਪੀ ਸਿੰਘ
NP Singh News: ਪਿਛਲੇ ਢਾਈ ਦਹਾਕਿਆਂ ਤੋਂ ਟੀਵੀ ਚੈਨਲਾਂ ਦੀ ਦੁਨੀਆ ਦਾ ਚਰਚਿਤ ਚਿਹਰਾ ਬਣੇ ਰਹੇ ਐਨਪੀ ਸਿੰਘ ਹੁਣ ਸੋਨੀ ਟੀਵੀ ਨੂੰ ਅਲਵਿਦਾ ਆਖ ਰਹੇ ਹਨ। ਸੋਨੀ ਟੀਵੀ ਨੂੰ ਹੁਣ ਉਨ੍ਹਾਂ ਦੀ ਥਾਂ ਕਿਸੇ ਯੋਗ ਉਮੀਦਵਾਰ ਦੀ ਭਾਲ ਹੈ। ਐਨਪੀ ਸਿੰਘ ਨੇ ਅਸਤੀਫ਼ਾ ਦੇ ਦਿਤਾ ਹੈ ਪਰ ਉਹ ਹਾਲੇ ਅਪਣੇ ਅਹਿਮ ਅਹੁਦਿਆਂ ’ਤੇ ਤਾਇਨਾਤ ਹਨ।
ਜਿਵੇਂ ਹੀ ਉਨ੍ਹਾਂ ਵਾਂਗ ਸਾਰੇ ਕੰਮ ਸੰਭਾਲਣ ਵਾਲਾ ਕੋਈ ਉਮੀਦਵਾਰ ‘ਸੋਨੀ ਪਿਕਚਰਜ਼ ਨੈਟਵਰਕਸ ਇੰਡੀਆ’ (ਐਸਪੀਐਨਆਈ) ਨੂੰ ਮਿਲਿਆ, ਤਿਵੇਂ ਹੀ ਉਹ ਸੋਨੀ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਚੀਫ਼ ਐਗਜ਼ੀਕਿਊਟਿਵ ਆਫ਼ੀਸਰ (ਸੀਈਓ) ਦਾ ਅਹੁਦਾ ਤਿਆਗ ਦੇਣਗੇ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸੋਨੀ ਟੀਵੀ ਨੇ ਤਰੱਕੀ ਦੇ ਕਈ ਨਵੇਂ ਸਿਖ਼ਰ ਛੋਹੇ ਅਤੇ ਇਹ ਚੈਨਲ ਪੂਰੀ ਦੁਨੀਆ ’ਚ ਹਰਮਨਪਿਆਰਾ ਹੋਇਆ।
ਸੋਨੀ ਟੀਵੀ ’ਚ ਅਪਣੇ ਅਧੀਨ ਮੁਲਾਜ਼ਮਾਂ ਨਾਲ ਸਾਂਝੀ ਕੀਤੀ ਇਕ ਚਿੱਠੀ ’ਚ ਐਨਪੀ ਸਿੰਘ ਨੇ ਕਿਹਾ ਹੈ ਕਿ 44 ਸਾਲਾਂ ਦੇ ਕਰੀਅਰ ਦੌਰਾਨ ਸੋਨੀ ਟੀਵੀ ’ਚ ਉਨ੍ਹਾਂ ਦੇ ਪਿਛਲੇ 25 ਵਰ੍ਹੇ ਬਹੁਤ ਵਧੀਆ ਤਰੀਕੇ ਨਾਲ ਲੰਘੇ ਹਨ। ਹੁਣ ਉਨ੍ਹਾਂ ਨੇ ਵਧੇਰੇ ਭੱਜ-ਨੱਸ ਵਾਲੀਆਂ ਗਤੀਵਿਧੀਆਂ ਦੀ ਥਾਂ ਇਕ ਸਲਾਹਕਾਰ ਵਜੋਂ ਵਧੇਰੇ ਵਿਚਰਨ ਦਾ ਫ਼ੈਸਲਾ ਲਿਆ ਹੈ।
ਐਨਪੀ ਸਿੰਘ ਜੂਨ 1999 ’ਚ ਸੋਨੀ ਟੀਵੀ ਨਾਲ ਇਕ ਚੀਫ਼ ਫ਼ਾਈਨੈਂਸ਼ੀਅਲ ਆਫ਼ੀਸਰ ਵਜੋਂ ਜੁੜੇ ਸਨ। ਸਾਲ 2004 ’ਚ ਉਹ ਕੰਪਨੀ ਦੇ ਸੀਓਓ ਅਤੇ ਫਿਰ ਅਪਣੀ ਸਖ਼ਤ ਮਿਹਨਤ, ਲਗਨ, ਸਮਰਪਣ ਦੀ ਭਾਵਨਾ ਤੇ ਦ੍ਰਿੜ੍ਹ ਇਰਾਦਿਆਂ ਸਦਕਾ 2014 ’ਚ ਐਮਡੀ ਅਤੇ ਸੀਈਓ ਬਣ ਗਏ।
ਐਨਪੀ ਸਿੰਘ ਦਿੱਲੀ ਸਕੂਲ ਆਫ਼ ਇਕਨੌਮਿਕਸ ਦੇ ਗ੍ਰੈਜੂਏਟ ਹਨ, ਜਿਥੇ ਉਨ੍ਹਾਂ ਪੋਸਟ-ਗ੍ਰੈਜੂਏਸ਼ਨ ਕੀਤੀ ਸੀ। ਗ੍ਰੈਜੂਏਸ਼ਨ ਉਨ੍ਹਾਂ ਕਾਮਰਸ ਵਿਸ਼ਿਆਂ ਨਾਲ ਕੀਤੀ ਸੀ।