ਜਨਮਦਿਨ ਵਿਸ਼ੇਸ਼ : 1 ਸਾਲ 1 ਸੀਰੀਅਲ 60 ਕਿਰਦਾਰ, ਭਰੋਸਾ ਨਹੀਂ ਹੁੰਦਾ ਪਰ ਸਤੀਸ਼ ਸ਼ਾਹ ਨੇ ਕਰ ਦਿਖਾਇਆ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਜਦੋਂ 90 ਦੇ ਦਹਾਕੇ ਦੇ ਕਾਮੇਡੀ ਅਦਾਕਾਰਾ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਵਿਚ ਸਤੀਸ਼ ਸ਼ਾਹ ਦਾ ਨਾਮ ਆਪਣੇ ਆਪ ਆ ਹੀ ਜਾਂਦਾ ਹੈ।

Satish Shah

ਜਦੋਂ 90 ਦੇ ਦਹਾਕੇ ਦੇ ਕਾਮੇਡੀ ਅਦਾਕਾਰਾ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਵਿਚ ਸਤੀਸ਼ ਸ਼ਾਹ ਦਾ ਨਾਮ ਆਪਣੇ ਆਪ ਆ ਹੀ ਜਾਂਦਾ ਹੈ। ਸਤੀਸ਼ ਸ਼ਾਹ ਨੇ ਇਕ ਤੋਂ ਵਧਕੇ ਇਕ ਕਾਮੇਡੀ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਟੀਵੀ ਸੀਰੀਅਲਸ ਵਿਚ ਵੀ ਸ਼ਾਨਦਾਰ ਭੂਮਿਕਾਵਾਂ ਨਿਭਾਅ ਕੇ ਦਰਸ਼ਕਾਂ ਨੂੰ ਹੱਸਣ ਦਾ ਮੌਕਾ ਦਿਤਾ। 

ਸਤੀਸ਼ ਸ਼ਾਹ ਦਾ ਜਨਮ 25 ਜੂਨ 1947 ਨੂੰ ਗੁਜਰਾਤ ਦੇ ਕੱਛ ਸਥਿਤ ਪਿੰਡ ਮਾਂਡਵੀ ਵਿਚ ਹੋਇਆ। ਉਨ੍ਹਾਂ ਨੂੰ ਆਪਣੇ ਪਿੰਡ ਨਾਲ ਬਹੁਤ ਹੀ ਪਿਆਰ ਹੈ। ਹਿੰਦੀ ਤੋਂ ਇਲਾਵਾ ਉਨ੍ਹਾਂ ਨੇ ਕੁੱਝ ਮਰਾਠੀ ਫਿਲਮਾਂ ਵਿਚ ਵੀ ਕੰਮ ਕੀਤਾ। ਅੱਗੇ ਚਲਕੇ ਇਹ ਐਕਟਰ ਆਪਣੀ ਸ਼ਾਨਦਾਰ ਕਾਮਿਕ ਟਾਇਮਿੰਗ ਲਈ ਮਸ਼ਹੂਰ ਹੋਇਆ। 

ਕਾਮੇਡੀ ਲਈ ਮਸ਼ਹੂਰ ਸੀ ਇਹ ਅਦਾਕਾਰ

ਦਸ ਦਈਏ ਕਿ ਸਤੀਸ਼ ਨੇ ਕਰੀਬ 200 ਫਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਨੂੰ ਫਿਲਮ 'ਅਰਵਿੰਦ ਦੇਸਾਈ ਕੀ ਅਜੀਬ ਦਾਸਤਾਂ' ਨਾਲ ਨੋਟਿਸ ਕੀਤਾ ਗਿਆ। 'ਜਾਣੇ ਵੀ ਦੋ ਯਾਰੋਂ' 'ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਦੀ ਪਿਛਲੀ ਫਿਲਮ ਹਮਸ਼ਕਲਸ ਸੀ ਜੋ ਸਾਲ 2014 ਵਿਚ ਰਿਲੀਜ਼ ਹੋਈ ਸੀ।    

ਆਪਣੇ ਕਰੀਅਰ ਦੀ ਸ਼ੁਰੂਆਤ ਵਿਚ 'ਯੇਹ ਜੋ ਹੈ ਜ਼ਿੰਦਗੀ' ਨਾਮਕ ਕਾਮੇਡੀ ਟੀਵੀ ਸੀਰੀਅਲ ਨਾਲ ਸਤੀਸ਼ ਨੇ ਸਾਰਿਆਂ ਨੂੰ ਆਪਣੇ ਵਲ ਖਿਚਿਆ। ਉਨ੍ਹਾਂ ਨੇ ਸਾਲ ਭਰ ਦੇ ਅੰਦਰ ਹੀ 60 ਵੱਖ - ਵੱਖ ਕਿਰਦਾਰ ਨਿਭਾਏ। ਖ਼ੁਦ ਸਤੀਸ਼ ਵੀ ਇਸ ਸੀਰੀਅਲ ਦਾ ਆਪਣੇ ਕਰੀਅਰ ਨੂੰ ਸਥਾਪਤ ਕਰਾਉਣ ਵਿਚ ਅਹਿਮ ਯੋਗਦਾਨ ਮੰਨਦੇ ਹਨ।  ਉਨ੍ਹਾਂ ਨੇ 'ਸਾਰਾਭਾਈ ਵਰਸੇਸ ਸਾਰਾਭਾਈ' ਵਿਚ ਵੀ ਰੋਲ ਅਦਾ ਕੀਤਾ।

ਸਤੀਸ਼ ਨੇ ਸਾਲ 1972 ਵਿਚ ਮਧੂ ਸ਼ਾਹ ਨਾਲ ਵਿਆਹ ਕੀਤਾ। ਸਤੀਸ਼ ਮਸ਼ਹੂਰ ਕਾਮੇਡੀ ਸ਼ੋਅ ਕਾਮੇਡੀ ਸਰਕਸ ਵਿਚ ਜੱਜ ਦੀ ਭੂਮਿਕਾ ਨਿਭਾਉਂਦੇ ਵੀ ਨਜ਼ਰ ਆ ਚੁੱਕੇ ਹਨ। ਫਿਲਮ 'ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ' ਵਿਚ ਉਨ੍ਹਾਂ ਨੇ ਇੱਕ ਨਿਗੇਟਿਵ ਕਿਰਦਾਰ ਵੀ ਨਿਭਾਇਆ ਸੀ। ਇਸ ਤੋਂ ਇਲਾਵਾ ਅਮਿਤਾਭ ਬੱਚਨ ਦੀ ਫਿਲਮ ਸ਼ਕਤੀ ਵਿਚ ਵੀ ਉਨ੍ਹਾਂ ਨੇ ਇੱਕ ਛੋਟਾ ਜਿਹਾ ਨਿਗੇਟਿਵ ਰੋਲ ਅਦਾ ਕੀਤਾ ਸੀ।

ਰੋਜ਼ਾਨਾ ਸਪੋਕਸਮੈਨ ਵਲੋਂ ਵੀ ਦਰਸ਼ਕਾਂ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਵਾਲੇ ਕਾਮੇਡੀਅਨ ਸਤੀਸ਼ ਸ਼ਾਹ ਨੂੰ ਜਨਮ ਦਿਨ ਦੀ ਮੁਬਾਰਕਬਾਦ।