ਆਈਫ਼ਾ ਐਵਾਰਡ : 'ਤੁਮਹਾਰੀ ਸੱਲੂ' ਸੱਭ ਤੋਂ ਵਧੀਆ ਫ਼ਿਲਮ
ਬੀਤੀ ਰਾਤ ਬੈਂਕਾਕ ਵਿਚ ਹੋਏ ਇੰਡੀਅਨ ਇੰਟਰਨੈਸ਼ਨਲ ਫ਼ਿਲਮ ਐਵਾਰਡ (ਆਈਫ਼ਾ) 2018 ਵਿਚ ਵਿਦਿਆ ਬਾਲਨ ਦੀ ਅਦਾਕਾਰੀ ਵਾਲੀ ਫ਼ਿਲਮ......
ਬੈਂਕਾਕ : ਬੀਤੀ ਰਾਤ ਬੈਂਕਾਕ ਵਿਚ ਹੋਏ ਇੰਡੀਅਨ ਇੰਟਰਨੈਸ਼ਨਲ ਫ਼ਿਲਮ ਐਵਾਰਡ (ਆਈਫ਼ਾ) 2018 ਵਿਚ ਵਿਦਿਆ ਬਾਲਨ ਦੀ ਅਦਾਕਾਰੀ ਵਾਲੀ ਫ਼ਿਲਮ 'ਤੁਮਹਾਰੀ ਸੱਲੂ' ਨੂੰ ਸਭ ਤੋਂ ਵਧੀਆ ਫ਼ਿਲਮ ਦਾ ਐਵਾਰਡ ਦਿਤਾ ਗਿਆ। ਇਸ ਤਰ੍ਹਾ ਫ਼ਿਲਮ 'ਹਿੰਦੀ ਮੀਡੀਅਮ' ਵਿਚ ਕੰਮ ਕਰਨ ਵਾਲੇ ਇਰਫ਼ਾਨ ਖ਼ਾਨ ਨੂੰ ਸੱਭ ਤੋਂ ਵਧੀਆ ਅਦਾਕਾਰ ਦਾ ਐਵਾਰਡ ਮਿਲਿਆ। ਇਰਫ਼ਾਨ ਖ਼ਾਨ ਵਲੋਂ ਇਹ ਐਵਾਰਡ ਫ਼ਿਲਮ ਵਿਚ ਉਨ੍ਹਾਂ ਨਾਲ ਕੰਮ ਕਰਨ ਵਾਲੀ ਸ਼ਰਧਾ ਕਪੂਰ ਨੇ ਹਾਸਲ ਕੀਤਾ।
ਬੈਂਕਾਕ ਦੇ ਸਿਆਮ ਨਿਰਮਿਤ ਥੀਏਟਰ ਵਿਚ ਹੋਏ ਇਸ ਐਵਾਰਡ ਵੰਡ ਸਮਾਗਮ ਦੀ ਅਗਵਾਈ ਫ਼ਿਲਮ ਡਾਇਰੈਕਟਰ ਕਰਨ ਜੌਹਰ ਅਤੇ ਅਦਾਕਾਰ ਰਿਤੇਸ਼
ਦੇਸ਼ਮੁਖ ਨੇ ਕੀਤੀ। ਵਧੀਆ ਅਦਾਕਾਰ ਦਾ ਐਵਾਰਡ ਹਾਸਲ ਕਰਨ ਵਾਲਿਆਂ ਦੀ ਦੌੜ ਵਿਚ ਫ਼ਿਲਮ 'ਜੱਗਾ ਜਾਸੂਸ' ਲਈ ਰਣਬੀਰ ਕਪੂਰ, ਫ਼ਿਲਮ 'ਮੁਕਤੀ ਭਵਨ' ਲਈ ਆਦਿਲ ਹੁਸੈਨ, ਫ਼ਿਲਮ 'ਨਿਊਟਨ' ਲਈ ਰਾਜ ਕੁਮਾਰ ਰਾਊ ਅਤੇ ਫ਼ਿਲਮ 'ਟਾਇਲਟ : ਏਕ ਪ੍ਰੇਮ ਕਥਾ' ਲਈ ਅਕਸ਼ੇ ਕੁਮਾਰ ਵੀ ਸ਼ਾਮਲ ਸਨ, ਪਰ ਫ਼ਿਲਮ 'ਹਿੰਦੀ ਮੀਡੀਅਮ' ਵਿਚ ਕੰਮ ਕਰਨ ਵਾਲੇ ਇਰਫ਼ਾਨ ਖ਼ਾਨ ਇਹ ਐਵਾਰਡ ਹਾਸਲ ਕਰਨ ਵਿਚ ਸਫ਼ਲ ਰਹੇ। ਮਰਹੂਮ ਅਦਾਕਾਰਾ ਸ੍ਰੀਦੇਵੀ ਨੂੰ ਫ਼ਿਲਮ 'ਮੌਮ' ਲਈ ਵਧੀਆ ਅਦਾਕਾਰਾ ਦਾ ਐਵਾਰਡ ਮਿਲਿਆ ਜਿਸ ਨੂੰ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਹਾਸਲ ਕੀਤਾ। ਇਸ ਐਵਾਰਡ ਦੀ ਦੌੜ ਵਿਚ ਫ਼ਿਲਮ 'ਬਦਰੀਨਾਥ ਕੀ
ਦੁਲਹਨੀਆ' ਲਈ ਆਲੀਆ ਭੱਟ, ਫ਼ਿਲਮ 'ਸੀਕ੍ਰੇਟ ਸੁਪਰਸਟਾਰ' ਲਈ ਜ਼ਾਇਰਾ ਵਾਸਿਮ ਅਤੇ ਫ਼ਿਲਮ 'ਸ਼ੁਭ ਮੰਗਲ ਸਾਵਧਾਨ' ਲਈ ਭੂਮੀ ਪੇਡਨੇਕਰ ਸ਼ਾਮਲ ਸਨ।
ਫ਼ਿਲਮ 'ਹਿੰਦੀ ਮੀਡੀਅਮ' ਦੇ ਡਾਇਰੈਕਟਰ ਸਾਕੇਤ ਚੌਧਰੀ ਨੂੰ ਵਧੀਆ ਡਾਇਰੈਕਟਰ ਦਾ ਐਵਾਰਡ ਦਿਤਾ ਗਿਆ। ਫ਼ਿਲਮ 'ਸੀਕ੍ਰੇਟ ਸੁਪਰਸਟਾਰ' ਵਿਚ ਕੰਮ ਕਰਨ ਵਾਲੀ ਮੇਹਰ ਵਿਜ ਨੂੰ ਵਧੀਆ ਸਹਾਇਕ ਅਦਾਕਾਰਾ ਐਵਾਰਡ ਅਤੇ ਫ਼ਿਲਮ 'ਮੌਮ' ਵਿਚ ਕੰਮ ਕਰਨ ਵਾਲੇ ਨਵਾਜ਼ੂਦੀਨ ਸਿੱਦਕੀ ਨੂੰ ਵਧੀਆ ਸਹਾਇਕ ਅਦਾਕਾਰ ਦਾ ਐਵਾਰਡ ਦਿਤਾ ਗਿਆ।
ਸਿੱਦਕੀ ਨੇ ਇਹ ਐਵਾਰਡ ਬਾਲੀਵੁਡ ਅਦਾਕਾਰਾ ਰੇਖਾ ਤੋਂ ਹਾਸਲ ਕੀਤਾ ਅਤੇ ਇਸ ਨੂੰ ਸ੍ਰੀਦੇਵੀ ਨੂੰ ਸਮਰਪਤ ਕੀਤਾ। ਫ਼ਿਲਮ 'ਨਿਊਟਨ' ਦੀ ਸ਼ਾਨਦਾਰ ਕਹਾਣੀ ਲਈ ਡਾਇਰੈਕਟਰ ਮਸੁਰਕਰ ਨੂੰ ਵਧੀਆ ਕਹਾਣੀ ਦਾ ਐਵਾਰਡ ਦਿਤਾ ਗਿਆ। ਉਨ੍ਹਾਂ ਨੂੰ ਇਹ ਐਵਾਰਡ ਅਦਾਕਾਰਾ ਦੀਯਾ ਮਿਰਜ਼ਾ ਅਤੇ ਅਦਾਕਾਰ ਰਾਜ ਨਾਇਕ ਨੇ ਦਿਤਾ।