ਸੋਨਾਲੀ ਫੋਗਾਟ ਦਾ ਹੋਇਆ ਅੰਤਿਮ ਸਸਕਾਰ, ਪਰਿਵਾਰ ਨੇ ਸੀਬੀਆਈ ਜਾਂਚ ਦੀ ਕੀਤੀ ਮੰਗ 

ਏਜੰਸੀ

ਮਨੋਰੰਜਨ, ਬਾਲੀਵੁੱਡ

22 ਅਗਸਤ ਦੀ ਰਾਤ ਨੂੰ ਗੋਆ ਵਿਚ ਸੋਨਾਲੀ ਫੋਗਾਟ ਦੀ ਹੱਤਿਆ ਕਰ ਦਿੱਤੀ ਗਈ ਸੀ।

Sonali Phogat funeral

ਮੁੰਬਈ - ਸੋਨਾਲੀ ਫੋਗਾਟ ਅੱਜ ਪੰਜ ਤੱਤਾਂ ਵਿਚ ਸਮਾ ਗਈ ਹੈ। ਸੋਨਾਲੀ ਦੀ ਧੀ ਯਸ਼ੋਧਰਾ ਦੁਆਰਾ ਉਸ ਨੂੰ ਅਗਨੀ ਦਿੱਤੀ ਗਈ ਤੇ ਅਰਥੀ ਨੂੰ ਮੋਢਾ ਵੀ ਉਸ ਦੀ ਧੀ ਨੇ ਹੀ ਦਿੱਤਾ। ਸੋਨਾਲੀ ਦਾ ਅੰਤਿਮ ਸੰਸਕਾਰ ਰਿਸ਼ੀ ਨਗਰ ਸ਼ਮਸ਼ਾਨਘਾਟ 'ਚ ਕੀਤਾ ਗਿਆ। ਯਸ਼ੋਧਰਾ ਦੇ ਨਾਲ ਉਸ ਦੇ ਚਚੇਰੇ ਭਰਾ ਨੇ ਅੰਤਿਮ ਸੰਸਕਾਰ ਕੀਤਾ। ਇਸ ਤੋਂ ਪਹਿਲਾਂ ਸੋਨਾਲੀ ਦੀ ਦੇਹ ਨੂੰ ਹਿਸਾਰ ਦੇ ਮੁਰਦਾਘਰ ਤੋਂ ਉਸ ਦੇ ਧੂੰਦਰ ਫਾਰਮ ਲਿਆਂਦਾ ਗਿਆ, ਜਿੱਥੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਰਸਮਾਂ ਕੀਤੀਆਂ ਗਈਆਂ।  ਲਾਸ਼ ਸ਼ੁੱਕਰਵਾਰ ਤੜਕੇ 2.30 ਵਜੇ ਗੋਆ ਤੋਂ ਹਿਸਾਰ ਪਹੁੰਚੀ।  

22 ਅਗਸਤ ਦੀ ਰਾਤ ਨੂੰ ਗੋਆ ਵਿਚ ਸੋਨਾਲੀ ਫੋਗਾਟ ਦੀ ਹੱਤਿਆ ਕਰ ਦਿੱਤੀ ਗਈ ਸੀ। 23 ਅਗਸਤ ਦੀ ਸਵੇਰ 8 ਵਜੇ ਸੋਨਾਲੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਦੀ ਖਬਰ ਪੂਰੇ ਦੇਸ਼ 'ਚ ਫੈਲ ਗਈ ਪਰ 25 ਅਗਸਤ ਦੀ ਸਵੇਰ ਨੂੰ ਕੀਤੇ ਗਏ ਪੋਸਟਮਾਰਟਮ 'ਚ ਸੋਨਾਲੀ ਦੇ ਸਰੀਰ 'ਤੇ ਧੂੰਏਂ ਦੇ ਨਿਸ਼ਾਨ ਜਾਂ ਸੱਟਾਂ ਦੇ ਨਿਸ਼ਾਨ ਪਾਏ ਗਏ। ਜਿਸ ਤੋਂ ਕਤਲ ਦੀ ਪੁਸ਼ਟੀ ਹੁੰਦੀ ਹੈ। ਰਿਪੋਰਟ ਦੇ ਆਧਾਰ 'ਤੇ ਗੋਆ ਪੁਲਿਸ ਨੇ ਸੋਨਾਲੀ ਦੇ ਪੀਏ ਸੁਧੀਰ ਸਾਂਗਵਾਨ ਅਤੇ ਉਸ ਦੇ ਇੱਕ ਸਾਥੀ ਸੁਖਵਿੰਦਰ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪਰਿਵਾਰ ਨੇ ਸੋਨਾਲੀ ਦੀ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।  

ਮਾਮਲੇ ਦੀ ਜਾਂਚ ਕਰ ਰਹੀ ਗੋਆ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੋਨਾਲੀ ਨੂੰ ਜ਼ਬਰਦਸਤੀ ਨਸ਼ੀਲੇ ਪਦਾਰਥ ਦਿੱਤੇ ਗਏ ਸਨ। ਇਹ ਨਸ਼ਾ ਉਸ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਨੇ ਦਿੱਤਾ ਸੀ। ਦੋਵਾਂ ਨੇ ਗੋਆ ਪੁਲਿਸ ਕੋਲ ਖ਼ੁਦ ਇਸ ਗੱਲ ਨੂੰ ਕਬੂਲ ਕੀਤਾ ਹੈ। ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੋਆ ਦੇ ਡੀਜੀਪੀ ਜਸਪਾਲ ਸਿੰਘ ਅਨੁਸਾਰ ਸੁਧੀਰ ਅਤੇ ਸੁਖਵਿੰਦਰ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ 22 ਅਗਸਤ ਦੀ ਰਾਤ ਨੂੰ ਸੋਨਾਲੀ ਨੂੰ ਜ਼ਬਰਦਸਤੀ ਨਸ਼ੀਲਾ ਪਦਾਰਥ ਪਿਲਾਇਆ ਸੀ। ਉਹਨਾਂ ਦੱਸਿਆ ਕਿ ਸੋਨਾਲੀ ਨੂੰ ਤਰਲ ਪਦਾਰਥ ਵਿਚ ਮਿਲਾ ਕੇ ਰਸਾਇਣ ਦਿੱਤਾ ਜਾਂਦਾ ਸੀ।

ਨਸ਼ੇ ਦੀ ਓਵਰਡੋਜ਼ ਕਾਰਨ ਜਦੋਂ ਸੋਨਾਲੀ ਦੀ ਸਿਹਤ ਵਿਗੜ ਗਈ ਤਾਂ ਦੋਵੇਂ ਉਸ ਨੂੰ ਵਾਸ਼ਰੂਮ ਲੈ ਗਏ। ਦੋਵੇਂ ਦੋ ਘੰਟੇ ਸੋਨਾਲੀ ਨਾਲ ਵਾਸ਼ਰੂਮ 'ਚ ਬੈਠੇ ਰਹੇ। 
ਗੋਆ ਦੇ ਡੀਜੀਪੀ ਨੇ ਕਿਹਾ ਕਿ ਪੁਲਿਸ ਨੂੰ ਇੱਕ ਕਲੱਬ ਦੀ ਸੀਸੀਟੀਵੀ ਫੁਟੇਜ ਵੀ ਮਿਲੀ ਹੈ। ਇਸ ਫੁਟੇਜ 'ਚ ਸੁਧੀਰ ਸਾਂਗਵਾਨ ਸੋਨਾਲੀ ਨੂੰ ਬੋਤਲ 'ਚ ਕੁਝ ਮਿਲਾ ਕੇ ਡ੍ਰਿੰਕ ਦਿੰਦੇ ਨਜ਼ਰ ਆ ਰਹੇ ਹਨ। ਉਸ ਬੋਤਲ ਵਿਚ ਤਰਲ ਵਿਚ ਕੋਈ ਰਸਾਇਣ ਹੋ ਸਕਦਾ ਹੈ। 

ਗੋਆ ਦੇ ਆਈਜੀ ਓਮਵੀਰ ਸਿੰਘ ਨੇ ਵੀ ਇਸ ਮਾਮਲੇ ਵਿਚ ਪ੍ਰੈੱਸ ਕਾਨਫਰੰਸ ਕੀਤੀ। ਆਈਜੀ ਅਨੁਸਾਰ ਉਪਲਬਧ ਸਬੂਤ ਅਤੇ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਕਲੱਬ ਵਿਚ ਪਾਰਟੀ ਕਰ ਰਹੇ ਸਨ। ਇਸ ਦੌਰਾਨ ਦੋਵਾਂ ਨੇ ਸੋਨਾਲੀ ਨੂੰ ਕੁਝ ਤਰਲ ਪਦਾਰਥ ਪਿਲਾਇਆ। ਇਸ ਤਰਲ ਵਿਚ ਇੱਕ ਸਿੰਥੈਟਿਕ ਡਰੱਗ ਹੋ ਸਕਦੀ ਹੈ ਜਿਸਦਾ ਨਾਮ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। 

ਆਈਜੀ ਓਮਵੀਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿਚ ਦੇਖਿਆ ਜਾ ਰਿਹਾ ਹੈ ਕਿ ਤਰਲ ਪਦਾਰਥ ਪੀਣ ਤੋਂ ਬਾਅਦ ਸੋਨਾਲੀ 'ਤੇ ਕਾਬੂ ਨਹੀਂ ਪਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਸੁਧੀਰ ਅਤੇ ਸੁਖਵਿੰਦਰ ਸੋਨਾਲੀ ਨੂੰ ਸੰਭਾਲਦੇ ਨਜ਼ਰ ਆ ਰਹੇ ਹਨ। ਕੁਝ ਸਮੇਂ ਬਾਅਦ ਇਕ ਹੋਰ ਕੈਮਰੇ ਦੀ ਫੁਟੇਜ 'ਚ ਦੋਵੇਂ ਸੋਨਾਲੀ ਨੂੰ ਵਾਸ਼ਰੂਮ 'ਚ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਉਥੇ ਦੋ ਘੰਟੇ ਰੁਕੇ ਹਨ।