ਸਾਡਾ ਸਰੀਰ ਜ਼ਿੰਦਗੀ ਦੀ ਸਭ ਤੋਂ ਕੀਮਤੀ ਚੀਜ਼ ਹੈ ਇਸ ਦੀ ਸਭ ਨੂੰ ਸੰਭਾਲ ਕਰਨੀ ਚਾਹੀਦੀ ਹੈ : ਬਿੰਦੂ ਦਾਰਾ ਸਿੰਘ
ਤੰਦਰੁਸਤੀ ਲਈ ਰੱਜ ਕੇ ਕਸਰਤ ਕਰੋ ਅਤੇ ਸਰੀਰ ਨੂੰ ਦਵਾਈਆਂ ’ਤੇ ਨਿਰਭਰ ਨਾ ਬਣਾਓ
ਫ਼ਿਲਮ ‘ਸਨ ਆਫ਼ ਸਰਦਾਰ-2’ ਇਸ ਸਮੇਂ ਸਿਨੇਮਿਆਂ ਵਿਚ ਚੱਲ ਰਹੀ ਹੈ। ਇਸ ਫ਼ਿਲਮ ਵਿਚ ਅਜੇ ਦੇਵਗਨ ਵਰਗੇ ਕਲਾਕਾਰਾਂ ਵੱਲੋਂ ਕੰਮ ਕੀਤਾ ਗਿਆ। ਇਸ ਫ਼ਿਲਮ ਵਿਚ ਬਿੰਦੂ ਦਾਰਾ ਸਿੰਘ ਵੱਲੋਂ ਵੀ ਭੂਮਿਕਾ ਨਿਭਾਈ ਗਈ। ਰੋਜ਼ਾਨਾ ਸਪੋਕਸਮੈਨ ਦੇ ਫ਼ਿਲਮ ਪੱਤਰਕਾਰ ਪਰਮਵੀਰ ਸਿੰਘ ਛੁਰਲੀ ਵੱਲੋਂ ਬਿੰਦੂ ਦਾਰਾ ਸਿੰਘ ਨਾਲ ਗੱਲਬਾਤ ਕੀਤੀ ਗਈ। ਬਿੰਦੂ ਦਾਰਾ ਸਿੰਘ ਵੱਲੋਂ ਆਪਣੇ ਬਿੰਦਾਸ ਸੁਭਾਅ ਅਨੁਸਾਰ ਸਵਾਲਾਂ ਦੇ ਜਵਾਬ ਦਿੱਤੇ ਗਏ। ਬਿੰਦੂ ਦਾਰਾ ਸਿੰਘ ਨਾਲ ਫ਼ਿਲਮ ਸਬੰਧੀ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਸਬੰਧੀ ਜੋ ਗੱਲਾਂ ਹੋਈਆਂ ਉਨ੍ਹਾਂ ਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਪਾਠਕਾਂ ਨਾਲ ਸਾਂਝੀਆਂ ਕਰ ਕਰ ਰਹੇ ਹਾਂ।
ਸਵਾਲ : ਫ਼ਿਲਮ ਸਨ ਆਫ਼ ਸਰਦਾਰ-2 ਦੀ ਸ਼ੂਟਿੰਗ ਸਮੇਂ ਕਿੰਨਾ ਕੁ ਆਨੰਦ ਲਿਆ?
ਜਵਾਬ : ਫਿਲਮ ਦੀ ਸ਼ੂਟਿੰਗ ਦੌਰਾਨ ਅਸੀਂ ਬਹੁਤ ਆਨੰਦ ਮਾਣਿਆ ਕਿਉਂਕਿ ਸੰਜੇ ਦੱਤ ਸਾਡੀ ਫ਼ਿਲਮ ਵਿਚ ਸਨ। ਸੰਜੇ ਦੱਤ ਤੋਂ ਬਿਨਾ ਅਸੀਂ ਫ਼ਿਲਮ ਬਣਾਉਣ ਬਾਰੇ ਸੋਚ ਵੀ ਨਹੀਂ ਸਕਦੇ ਸੀ। ਅਸੀਂ ਫ਼ਿਲਮ ਦੀ ਸ਼ੂਟਿੰਗ ਲਈ ਨਿਸ਼ਚਿਤ ਸਥਾਨ ’ਤੇ ਪਹੁੰਚੇ ਹੋਏ ਸਾਂ ਪਰ ਸੰਜੇ ਦੱਤ ਵੀਜ਼ੇ ਆਦਿ ਕਿਸੇ ਮਸਲੇ ਕਰਕੇ ਨਹੀਂ ਪਹੁੰਚ ਸਕੇ। ਸੰਜੇ ਦੱਤ ਫ਼ਿਲਮ ਦੇ ਤੀਜੇ ਪਾਰਟ ਵਿਚ ਹੋਣਗੇ ਅਤੇ ਫ਼ਿਲਮ ਦੀ ਸ਼ੁਰੂਆਤ ਵੀ ਅਸੀਂ ਪੰਜਾਬ ਅਤੇ ਬਿੱਲੂ ਭਾਅ ਜੀ ਤੋਂ ਹੀ ਸ਼ੁਰੂ ਕਰਾਂਗੇ।
ਸਵਾਲ : ਫ਼ਿਲਮ ਨਾਲ ਦੁਬਾਰਾ ਜੁੜਨ ਤੋਂ ਬਾਅਦ ਤੁਹਾਨੂੰ ਕਿਸ ਤਰ੍ਹਾਂ ਲੱਗਿਆ?
ਜਵਾਬ : ਸਨ ਆਫ਼ ਸਰਦਾਰ-2 ਫ਼ਿਲਮ ਦੀ ਸਟੋਰੀ ਲਿਖਣ ਨੂੰ 4 ਸਾਲ ਲੱਗੇ। ਜਦੋਂ ਮੈਨੂੰ ਚਾਰ ਸਾਲ ਮਗਰੋਂ ਫ਼ਿਲਮ ਵਿਚ ਕੰਮ ਕਰਨ ਲਈ ਫ਼ੋਨ ਆਇਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ। ਲਗਭਗ 1 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਫ਼ਿਲਮ ਪੂਰੀ ਤਰ੍ਹਾਂ ਨਾਲ ਬਣ ਕੇ ਤਿਆਰ ਹੋ ਗਈ। ਮੁਕੁਲ ਦੇਵ ਹੁਣ ਇਸ ਦੁਨੀਆ ਵਿਚ ਨਹੀਂ ਹਨ ਅਤੇ ਇਹ ਫ਼ਿਲਮ ਉਨ੍ਹਾਂ ਨੂੰ ਹੀ ਸਮਰਪਿਤ ਹੈ।
ਸਵਾਲ : ਤੁਹਾਡੇ ਸੋਸ਼ਲ ਮੀਡੀਆ ’ਤੇ ਚਰਚੇ ਬਹੁਤ ਹਨ?
ਜਵਾਬ : ਮੈਂ ਸੋਚਦਾ ਬਹੁਤ ਘੱਟ ਹਾਂ ਅਤੇ ਮੈਂ ਪਰਵਾਹ ਵੀ ਬਹੁਤ ਘੱਟ ਕਰਦਾ ਹਾਂ ਅਤੇ ਮੈਂ ਜੋ ਕੁੱਝ ਵੀ ਕਰਨਾ ਹੁੰਦਾ ਹੈ ਉਹ ਕਰ ਦਿੰਦਾ ਹਾਂ। ਕਿਉਂਕਿ ਪੰਜਾਬੀਆਂ ਦੇ ਸੁਭਾਅ ਵਿਚ ਇਹ ਚੀਜ਼ ਰਚੀ ਹੋਈ ਹੈ ਕਿ ਜ਼ਿੰਦਗੀ ਦਾ ਪੂਰਾ ਆਨੰਦ ਲੈਣਾ ਹੈ। ਜੇਕਰ ਮੈਂ ਕਿਸੇ ਵਿਆਹ ਸਮਾਗਮ ਵਿਚ ਜਾਂਦਾ ਹਾਂ ਮੈਂ ਤਾਂ ਉਥੇ ਵੀ ਭੰਗੜਾ ਪਾਉਣਾ ਸ਼ੁਰੂ ਕਰ ਦਿੰਦਾ ਹਾਂ।
ਸਵਾਲ : ਜਦੋਂ ਤੁਹਾਨੂੰ ਫ਼ਿਲਮ ਸਨ ਆਫ਼ ਸਰਦਾਰ-2 ਦੀ ਆਫਰ ਆਈ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ?
ਜਵਾਬ : ਜਦੋਂ ਮੈਨੂੰ ਫ਼ਿਲਮ ਸਨ ਆਫ਼ ਸਰਦਾਰ-2 ਦੀ ਆਫ਼ਰ ਆਈ ਤਾਂ ਮੈਂ ਖੁਸ਼ੀ ਵਿਚ ਪਾਗਲ ਹੋ ਗਿਆ। ਅਜੇ ਦੇਵਗਨ ਮੇਰੇ ਬਚਪਨ ਦਾ ਦੋਸਤ ਹੈ, ਜਿਹੋ ਜਿਹਾ ਉਹ ਪਹਿਲਾਂ ਸੀ ਉਹ ਅੱਜ ਵੀ ਅਜਿਹਾ ਹੀ ਹੈ ਅਤੇ ਉਸ ਵਿਚ ਕੋਈ ਬਦਲਾਅ ਨਹੀਂ ਆਇਆ। ਅਜੇ ਦੇਵਗਨ ਮੈਨੂੰ ਕਹਿੰਦਾ ਕਿ ਅਸੀਂ ਸਾਰੇ ਬਦਲ ਗਏ ਪਰ ਬਿੰਦੂ ਤੂੰ ਨਹੀਂ ਬਦਲਿਆ ਤੇਰੇ ਵਿਚ ਅੱਜ ਵੀ ਤੇਰਾ ਬਚਪਨਾ ਕਾਇਮ ਹੈ। ਮੈਂ ਬਹੁਤ ਖੁੱਲ੍ਹੇ ਸੁਭਾਅ ਦਾ ਮਾਲਕਾ ਹਾਂ ਅਤੇ ਜਿਸ ਨੂੰ ਮੈਂ ਜੋ ਕਹਿਣਾ ਹੈ ਉਹ ਕਹਿ ਹੀ ਦੇਣਾ ਹੈ। ਜ਼ਿਕਰਯੋਗ ਹੈ ਰੋਜ਼ਾਨਾ ਸਪੋਕਸਮੈਨ ਦੇ ਫ਼ਿਲਮ ਪੱਤਰਕਾਰ ਪਰਮਵੀਰ ਛੁਰਲੀ ਦਾ ਨਾਂ ਛੁਰਲੀ ਵੀ ਬਿੰਦੂ ਦਾਰਾ ਸਿੰਘ ਨੇ ਹੀ ਰੱਖਿਆ ਸੀ।
ਸਵਾਲ : ਟਰੈਕਟਰ ਚਲਾ ਕੇ ਤੁਹਾਨੂੰ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ?
ਜਵਾਬ : ਪਿੰਡ ਜਾਣ ਦਾ ਬਹੁਤ ਘੱਟ ਮੌਕਾ ਮਿਲਦਾ ਹੈ, ਜਦੋਂ ਵੀ ਕਦੇ ਪਿੰਡ ਜਾਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਖੇਤਾਂ ਵਿਚ ਜਾਂਦਾ ਹਾਂ ਅਤੇ ਟਰੈਕਟਰ ਜ਼ਰੂਰ ਚਲਾਉਂਦਾ ਹੈ। ਇਸੇ ਤਰ੍ਹਾਂ ਮੇਰਾ ਇਕ ਫਾਰਮ ਹਾਊਸ ਵੀ ਹੈ ਮੈਂ ਜਦ ਵੀ ਉਥੇ ਜਾਂਦਾ ਹਾਂ ਤਾਂ ਮੈਂ ਉਥੇ ਵੀ ਟਰੈਕਟਰ ਜ਼ਰੂਰ ਚਲਾਉਂਦਾ ਹਾਂ ਕਿਉਂਕਿ ਟਰੈਕਟਰ ਚਲਾ ਕੇ ਮੈਨੂੰ ਬਹੁਤ ਆਨੰਦ ਆਉਂਦਾ ਹੈ। ਪਿੰਡ ਬਹੁਤ ਘੱਟ ਜਾਣ ਦਾ ਮੌਕਾ ਮਿਲਦਾ ਹੈ ਪਰ ਚੰਡੀਗੜ੍ਹ ਮੈਂ ਬਹੁਤ ਜਾਂਦਾ ਹਾਂ। ਪੰਜਾਬ ਆਉਣ ’ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਪੰਜਾਬ ਮੇਰੇ ਦਿਲ ਵਿਚ ਵਸਦਾ ਹੈ।
ਸਵਾਲ : ਤੁਸੀ ਆਪਣੀ ਕੋਈ ਪ੍ਰੇਸ਼ਾਨੀ ਪਤਨੀ ਨਾਲ ਸ਼ੇਅਰ ਕਰਦੇ ਹੋ?
ਜਵਾਬ : ਮੇਰੀ ਪਤਨੀ ਆਪਣੇ ਕੰਮਾਂ ਵਿਚ ਬਹੁਤ ਜ਼ਿਆਦਾ ਬਿਜ਼ੀ ਰਹਿੰਦੀ ਹੈ ਅਤੇ ਜਦੋਂ ਉਹ ਘਰ ਆਉਂਦੀ ਹੈ ਤਾਂ ਉਹ ਬਹੁਤ ਥੱਕੀ ਹੁੰਦੀ ਹੈ ਉਹਦੀਆਂ ਪ੍ਰਬੌਲਮਜ਼ ਵੀ ਮੈਨੂੰ ਹੀ ਸੌਲਵ ਕਰਨੀਆਂ ਪੈਂਦੀਆਂ ਹਨ। ਪਰ ਉਹ ਸਨ ਆਫ਼ ਸਰਦਾਰ-2 ਫ਼ਿਲਮ ਦੇਖ ਕੇ ਖੁਸ਼ ਹੋ ਗਈ। ਬਾਕੀ ਪਰਿਵਾਰ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਹੈ। ਬੇਟਾ ਅਤੇ ਬੇਟੀ ਵੀ ਦੋਵੇਂ ਮੈਨੂੰ ਲਗਦਾ ਹੈ ਕਿ ਐਕਟਰ ਹੀ ਬਣਨਗੇ ਪਰ ਬਣਨਗੇ ਉਦੋਂ ਜਦੋਂ ਉਨ੍ਹਾਂ ਦਾ ਸਮਾਂ ਆਵੇਗਾ।
ਸਵਾਲ : ਫਰੀ ਸਮੇਂ ਵਿਚ ਤੁਸੀਂ ਕਰਨਾ ਪਸੰਦ ਕਰਦੇ ਹੋ?
ਜਵਾਬ : ਮੇਰਾ ਸ਼ੌਕ ਹੈ ਜਿੰਮ ਅਤੇ ਮੈਂ ਆਪਣੇ ਫਰੀ ਸਮੇਂ ਵਿਚ ਜਿੰਮ ਕਰਦਾ ਹਾਂ, ਕਿਉਂਕਿ ਇਹ ਜੋ ਸਾਡਾ ਸਰੀਰ ਹੈ, ਸਾਡੀ ਜ਼ਿੰਦਗੀ ਦੀ ਸਭ ਤੋਂ ਮਹਿੰਗੀ ਚੀਜ਼ ਹੈ। ਕਿਉਂਕਿ ਪੈਸਾ ਜ਼ਿੰਦਗੀ ਵਿਚ ਆਉਂਦਾ-ਜਾਂਦਾ ਰਹਿੰਦਾ। ਜੇਕਰ ਤੁਹਾਡਾ ਸਰੀਰ ਹੀ ਕਿਸੇ ਕੰਮ ਦਾ ਨਾ ਰਿਹਾ ਤਾਂ ਤੁਹਾਡਾ ਪੈਸੇ ਕਿਸੇ ਕੰਮ ਨਹੀਂ ਆਵੇਗਾ। ਸਾਡਾ ਸਰੀਰ ਬਹੁਤ ਪ੍ਰਮਾਤਮਾ ਨੇ ਬਹੁਤ ਵਧੀਆ ਬਣਾਇਆ ਹੈ ਅਤੇ ਮੈਂ ਸਮਝਦਾ ਹਾਂ ਕਿ ਹਰ ਇਕ ਇਨਸਾਨ ਇਸ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਕਰਨੀ ਚਾਹੀਦੀ ਹੈ। ਸਮੇਂ-ਸਮੇਂ ਸਿਰ ’ਤੇ ਕਸਰਤ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਰੀਰ ਤੰਦਰੁਸਤ ਰਹੇ। ਕਿਸੇ ਵੀ ਇਨਸਾਨ ਨੂੰ ਆਪਣੇ ਸਰੀਰ ਨੂੰ ਜ਼ਿਆਦਾ ਦਵਾਈਆਂ ’ਤੇ ਨਿਰਭਰ ਨਹੀਂ ਕਰਨਾ ਚਾਹੀਦਾ।
ਸਵਾਲ : ਕੀ ਤੁਸੀਂ ਫ਼ਰੀ ਸਮੇਂ ਵਿਚ ਪੰਜਾਬੀ ਗਾਣੇ ਵੀ ਸੁਣਦੇ ਹੋ ਅਤੇ ਕਿਹੜਾ ਸਿੰਗਰ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੈ?
ਜਵਾਬ : ਪੰਜਾਬੀ ਦੇ ਸਾਰੇ ਕਲਾਕਾਰ ਹੀ ਬਹੁਤ ਜ਼ਿਆਦਾ ਵਧੀਆ ਹਨ ਅਤੇ ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ ਤਾਂ ਪੰਜਾਬੀ ਗੀਤ ਜ਼ਰੂਰ ਸੁਣਦਾ ਹਾਂ ਜਿਨ੍ਹਾਂ ਨੂੰ ਸੁਣਕੇ ਮੈਨੂੰ ਬਹੁਤ ਜ਼ਿਆਦਾ ਆਨੰਦ ਆਉਂਦਾ ਹਾਂ। ਪਰ ਮੈਂ ਹਰ ਰੋਜ਼ ਹਨੂੰਮਾਨ ਚਾਲੀਸਾ ਜ਼ਰੂਰ ਸੁਣਦਾ ਹਾਂ ਕਿਉਂਕਿ ਉਸ ਤੋਂ ਵਧੀਆ ਗਾਣਾ ਅੱਜ ਤੱਕ ਕੋਈ ਨਹੀਂ ਬਣਿਆ। ਸੰਸਾਰ ਵਿਚ ਸਾਰੀਆਂ ਚੀਜ਼ਾਂ ਚੰਗੀਆਂ ਹਨ ਅਤੇ ਪ੍ਰਮਾਤਮਾ ਨੇ ਸਭ ਕੁੱਝ ਵਧੀਆ ਬਣਾਇਆ ਹੈ ਅਤੇ ਮੈਂ ਸਭ ਦਾ ਸਤਿਕਾਰ ਕਰਦਾ ਹਾਂ।