Saif Ali Khan: ਸੈਫ਼ ਅਲੀ ਖ਼ਾਨ ’ਤੇ ਹਮਲੇ ਦਾ ਮਾਮਲਾ, ਮੁੰਬਈ ਪੁਲਿਸ ਨੇ ਪਛਮੀ ਬੰਗਾਲ ਤੋਂ ਔਰਤ ਨੂੰ ਕੀਤਾ ਗ੍ਰਿਫ਼ਤਾਰ
ਮੁੰਬਈ ਪੁਲਿਸ ਦੀ ਦੋ ਮੈਂਬਰੀ ਟੀਮ ਐਤਵਾਰ ਨੂੰ ਪਛਮੀ ਬੰਗਾਲ ਪਹੁੰਚੀ।
Saif Ali Khan: ਮੁੰਬਈ ਪੁਲਿਸ ਨੇ ਸੋਮਵਾਰ ਨੂੰ ਪਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ’ਚ ਤਲਾਸ਼ੀ ਮੁਹਿੰਮ ਚਲਾਈ ਅਤੇ ਅਦਾਕਾਰ ਸੈਫ ਅਲੀ ਖਾਨ ’ਤੇ ਹੋਏ ਹਮਲੇ ਦੇ ਸਬੰਧ ’ਚ ਇਕ ਔਰਤ ਨੂੰ ਗ੍ਰਿਫਤਾਰ ਕੀਤਾ।
ਇਕ ਸੂਤਰ ਨੇ ਇਹ ਜਾਣਕਾਰੀ ਦਿਤੀ। ਸੂਤਰ ਨੇ ਦਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲੇ ਲਈ ਮੁੰਬਈ ’ਚ ਪਹਿਲਾਂ ਗ੍ਰਿਫਤਾਰ ਕੀਤੇ ਗਏ ਬੰਗਲਾਦੇਸ਼ੀ ਨਾਗਰਿਕ ਵਲੋਂ ਵਰਤਿਆ ਗਿਆ ਸਿਮ ਕਾਰਡ ਔਰਤ ਦੇ ਨਾਂ ’ਤੇ ਰਜਿਸਟਰਡ ਸੀ। ਮੁੰਬਈ ਪੁਲਿਸ ਦੀ ਦੋ ਮੈਂਬਰੀ ਟੀਮ ਐਤਵਾਰ ਨੂੰ ਪਛਮੀ ਬੰਗਾਲ ਪਹੁੰਚੀ। ਪਛਮੀ ਬੰਗਾਲ ਪੁਲਿਸ ਦੇ ਇਕ ਸੂਤਰ ਨੇ ਦਸਿਆ ਕਿ ਮੁੰਬਈ ਪੁਲਿਸ ਨੇ ਸੈਫ ਅਲੀ ’ਤੇ ਹੋਏ ਹਮਲੇ ਦੇ ਸਬੰਧ ’ਚ ਨਾਦੀਆ ਜ਼ਿਲ੍ਹੇ ਦੇ ਛਪਰਾ ਤੋਂ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਉਸ ਨੂੰ ਮੁੰਬਈ ਲਿਜਾਣ ਲਈ ਟਰਾਂਜ਼ਿਟ ਰਿਮਾਂਡ ਲਈ ਅਰਜ਼ੀ ਦੇ ਸਕਦੀ ਹੈ।
ਔਰਤ ਦਾ ਨਾਮ ਖੁਖੁਮੋਨੀ ਜਹਾਂਗੀਰ ਸ਼ੇਖ ਹੈ ਅਤੇ ਉਹ ਗ੍ਰਿਫਤਾਰ ਕੀਤੇ ਗਏ ਬੰਗਲਾਦੇਸ਼ੀ ਸ਼ਰੀਫੁਲ ਫਕੀਰ ਦੀ ਜਾਣਕਾਰ ਹੈ। ਅਧਿਕਾਰੀ ਨੇ ਦਸਿਆ ਕਿ ਫਕੀਰ ਸਿਲੀਗੁੜੀ ਨੇੜੇ ਭਾਰਤ-ਬੰਗਲਾਦੇਸ਼ ਸਰਹੱਦ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ’ਚ ਦਾਖਲ ਹੋਇਆ ਸੀ ਅਤੇ ਔਰਤ ਦੇ ਸੰਪਰਕ ’ਚ ਆਇਆ ਸੀ। ਔਰਤ ਪਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਅੰਦੁਲੀਆ ਦੀ ਰਹਿਣ ਵਾਲੀ ਹੈ।
ਸੈਫ ਅਲੀ ਖਾਨ ’ਤੇ 16 ਜਨਵਰੀ ਨੂੰ ਮੁੰਬਈ ਦੇ ਬਾਂਦਰਾ ਸਥਿਤ ਉਨ੍ਹਾਂ ਦੇ ਘਰ ’ਚ ਹਮਲਾਵਰ ਨੇ 6 ਵਾਰ ਚਾਕੂ ਨਾਲ ਹਮਲਾ ਕੀਤਾ ਸੀ। ਸੈਫ ਨੂੰ ਤੁਰਤ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਉਸ ਨੂੰ 21 ਜਨਵਰੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਸੀ।