ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਏ ਆਯੂਸ਼ਮਾਨ ਖੁਰਾਨਾ ਤੇ ਪਤਨੀ ਤਾਹਿਰਾ ਕਸ਼ਯਪ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸਹਾਇਤਾ ਦੇਣ ਲਈ ਪ੍ਰੇਰਿਤ ਕਰਨ ਵਾਲੇ ਲੋਕਾਂ ਦਾ ਕੀਤਾ ਧੰਨਵਾਦ

Ayushmann Khurrana and Tahira Kashyap

 ਚੰਡੀਗੜ੍ਹ: ਬਾਲੀਵੁੱਡ ਸਟਾਰ ਆਯੂਸ਼ਮਾਨ ਖੁਰਾਨਾ ਅਤੇ ਉਨ੍ਹਾਂ ਦੀ ਪਤਨੀ ਤਾਹਿਰਾ ਕਸ਼ਯਪ ਰਾਜ ਵਿਚ ਕੋਵਿਡ -19 ਮਹਾਂਮਾਰੀ ਨਾਲ ਪੀੜਤ ਲੋਕਾਂ ਦੀ ਸਹਾਇਤਾ ਲਈ ਮਹਾਰਾਸ਼ਟਰ ਮੁੱਖ ਮੰਤਰੀ ਰਾਹਤ ਫੰਡ ਵਿਚ ਯੋਗਦਾਨ ਪਾਉਣ ਲਈ ਅੱਗੇ ਆਏ ਹਨ।

ਆਯੂਸ਼ਮਾਨ ਅਤੇ ਪਤਨੀ ਤਾਹਿਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਨੋਟ ਅਪਲੋਡ ਕੀਤਾ ਹੈ ਜਿਸ ਵਿਚ ਉਹਨਾਂ ਨੇ ਹਰ ਉਸ ਭਾਰਤੀ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਨੂੰ ਸੰਕਟ ਵਿਚ ਫਸੇ ਲੋਕਾਂ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਹੈ।

 

 

ਉਨ੍ਹਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ, “ਅਸੀਂ ਪਿਛਲੇ ਇੱਕ ਸਾਲ ਤੋਂ ਇਸ ਬਿਪਤਾ ਦਾ ਸਾਹਮਣਾ ਕਰ ਰਹੇ ਹਾਂ। ਇਸ ਮਹਾਂਮਾਰੀ ਨੇ ਸਾਡੇ ਦਿਲਾਂ ਨੂੰ ਤੋੜਿਆ ਹੈ, ਸਾਨੂੰ ਦੁੱਖ ਅਤੇ ਕਸ਼ਟ ਸਹਿਣ ਲਈ ਮਜਬੂਰ ਕੀਤਾ ਹੈ। ਸਾਨੂੰ  ਮਹਾਮਾਰੀ ਨੇ ਵਿਖਾਇਆ ਹੈ ਕਿ ਕਿਸ ਪ੍ਰਕਾਰ ਇਕ ਦੂਜੇ ਨਾਲ ਏਕਤਾ ਵਿਚ ਇਸ ਮਾਨਵਤਾਵਾਦੀ ਸੰਕਟ ਨਾਲ ਨਜਿੱਠਣਾ ਹੈ। ਅੱਜ ਇਕ ਵਾਰ ਫਿਰ ਇਹ ਮਹਾਂਮਾਰੀ ਸਾਨੂੰ ਸਬਰ ਅਤੇ ਇਕ ਦੂਜੇ ਲਈ ਸਮਰਥਨ ਦਾ ਪ੍ਰਗਟਾਵਾ ਕਰਨ ਲਈ ਕਹਿ ਰਹੀ ਹੈ।

 ਉਹਨਾਂ ਅੱਗੇ ਕਿਹਾ  ਭਾਰਤ ਦੇ ਲੋਕ ਇਕ-ਦੂਜੇ ਦੀ ਵੱਧ ਤੋਂ ਵੱਧ ਮਦਦ ਕਰਨ ਲਈ ਅੱਗੇ ਆਏ ਹਨ ਅਤੇ ਮੈਂ ਤੇ ਮੇਰੀ ਪਤਨੀ ਇਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਮਦਦ ਕਰਨ ਲਈ ਪ੍ਰੇਰਿਆ। ਅਸੀਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਨਿਰੰਤਰ ਕੋਸ਼ਿਸ਼ ਕਰ ਰਹੇ ਹਾਂ ਅਤੇ ਜ਼ਰੂਰਤ ਦੀ ਇਸ ਘੜੀ  ਵਿੱਚ ਮਹਾਰਾਸ਼ਟਰ ਮੁੱਖ ਮੰਤਰੀ ਦੇ ਰਾਹਤ ਫੰਡ ਵਿੱਚ ਯੋਗਦਾਨ ਪਾਇਆ ਹੈ।

ਆਯੂਸ਼ਮਾਨ ਅਤੇ ਤਾਹਿਰਾ ਨੇ ਵੱਧ ਤੋਂ ਵੱਧ ਭਾਰਤੀਆਂ ਨੂੰ ਅੱਗੇ ਆਉਣ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਬੇਨਤੀ ਕੀਤੀ ਹੈ। ਉਹਨਾਂ ਨੇ ਕਿਹਾ, "ਇਹ ਉਹ ਸਮਾਂ ਹੈ ਜਦੋਂ ਸਾਨੂੰ ਇੱਕ ਭਾਈਚਾਰੇ ਵਜੋਂ ਅੱਗੇ ਆਉਣਾ ਚਾਹੀਦਾ ਹੈ ਅਤੇ ਇੱਕ ਦੂਜੇ ਦਾ ਖਿਆਲ ਰੱਖਣਾ ਚਾਹੀਦਾ ਹੈ।" ਲੋਕਾਂ ਨੂੰ ਵੱਧ ਤੋਂ ਵੱਧ ਮਦਦ ਦੀ ਜ਼ਰੂਰਤ ਹੈ ਅਤੇ ਅਸੀਂ ਸਾਰੇ ਮਦਦ ਕਰਕੇ ਯੋਗਦਾਨ ਪਾ ਸਕਦੇ ਹਾਂ।