ਤੇਲੰਗਾਨਾ : ਨਾਲਗੌਂਡਾ ਜ਼ਿਲ੍ਹੇ ਦੇ ਇਕ ਪਰਿਵਾਰ ਨੂੰ ਤੋਹਫੇ 'ਚ ਮੱਝਾਂ ਦੇਣਗੇ ਸੋਨੂੰ ਸੂਦ
ਪਰਿਵਾਰ ਨੇ ਅਦਾਕਾਰ ਤੋਂ ਮੰਗੀ ਸੀ ਮਦਦ
ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਆਪਣੇ ਅਨੋਖੇ ਅੰਦਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਜਗ੍ਹਾ ਬਣਾ ਲਈ ਹੈ। ਲਾਕਡਾਊਨ ਦੌਰਾਨ ਅਦਾਕਾਰ ਨੇ ਆਮ ਲੋਕਾਂ ਦੀ ਮਦਦ ਕਰਕੇ ਆਪਣੀ ਦਰਿਆਦਿਲੀ ਦਿਖਾਈ ਹੈ। ਦੱਸਣਯੋਗ ਹੈ ਕਿ ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ।
ਅਜਿਹੇ 'ਚ ਅਦਾਕਾਰ ਤੋਂ ਤੇਲੰਗਾਨਾ ਦੇ ਜ਼ਿਲ੍ਹੇ ਨਾਲਗੌਂਡਾ ਦੇ ਰਹਿਣ ਵਾਲੇ ਪਰਿਵਾਰ ਨੇ ਮਦਦ ਮੰਗੀ ਹੈ। ਦਰਅਸਲ ਤੇਲੰਗਾਨਾ ਦੇ ਜ਼ਿਲ੍ਹੇ ਨਾਲਗੌਂਡਾ ਦਾ ਇੱਕ ਪਰਿਵਾਰ ਜਿਸ ਦੇ ਘਰ ਦੇ ਮੁਖੀਆ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਮਾਂ ਕੈਂਸਰ ਦੀ ਭਿਆਨਕ ਬੀਮਾਰੀ ਤੋਂ ਪੀੜਤ ਹੈ। ਉਸ ਦੇ ਤਿੰਨ ਬੱਚੇ ਹਨ। ਨਾਲਗੌਂਡਾ ਦੇ ਹੀ ਰਹਿਣ ਵਾਲੇ ਭਾਣੂਪ੍ਰਸਾਦ ਨੇ ਇਸ ਪਰਿਵਾਰ ਲਈ ਸੋਨੂੰ ਸੂਦ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਭਾਣੂ ਪ੍ਰਸਾਦ ਨੇ ਅਭਿਨੇਤਾ ਸੋਨੂ ਸੂਦ ਨੂੰ ਅਪੀਲ ਕਰਦਿਆਂ ਕਿਹਾ ਕਿ ਮੱਝਾਂ ਖਰੀਦ ਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਪਰਿਵਾਰ ਆਪਣਾ ਪੇਟ ਪਾਲ ਸਕੇ।ਇਸ ਟਵੀਟ ਨੂੰ ਦੇਖਣ ਤੋਂ ਬਾਅਦ ਸੋਨੂੰ ਸੂਦ ਨੇ ਰੀਟਵੀਟ ਕੀਤਾ ਅਤੇ ਲਿਖਿਆ- 'ਆਓ ਬੇਟਾ, ਇਸ ਪਰਿਵਾਰ ਨੂੰ ਮੱਝ ਦਵਾਈਏ । ਦੁੱਧ 'ਚ ਪਾਣੀ ਨਾ ਮਿਲਾਉਣਾ। ਹੁਣ ਉਨ੍ਹਾਂ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਇਸ ਟਵੀਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ।