ਹੇਮਾ ਮਾਲਿਨੀ ਨੇ ਵੀਡੀਓ ਕਲਿੱਪ ਜਾਰੀ ਕਰ ਖੇਤੀ ਕਾਨੂੰਨਾਂ ਨੂੰ ਦੱਸਿਆ- ਕਿਸਾਨਾਂ ਲਈ ਲਾਹੇਵੰਦ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਦੇਸ਼ ਦੇ ਕਿਸਾਨਾਂ ਨੂੰ ਅੱਜ ਖੇਤੀ ਸੁਧਾਰ ਜ਼ਰੀਏ ਜ਼ਿਆਦਾ ਅਧਿਕਾਰ ਮਿਲ ਰਹੇ ਹਨ।

Hema Malini

ਮਥੁਰਾ: ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਲੋਕਸਭਾ ਮੈਂਬਰ ਹੇਮਾ ਮਾਲਿਨੀ ਨੇ ਬੀਤੇ ਦਿਨੀ ਖੇਤੀ ਕਾਨੂੰਨਾਂ ਦੇ ਬਾਰੇ ਦੱਸਦੇ ਹੋਏ ਵੀਡੀਓ ਕਲਿੱਪ ਜਾਰੀ ਕੀਤਾ ਹੈ। ਇਸ ਵੀਡੀਓ ਕਲਿਪ ਦੇ ਜਰੀਏ ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਭਕਾਰੀ ਦੱਸਦਿਆਂ ਅੰਦੋਲਨਕਾਰੀ ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਸਮਾਪਤ ਕਰਨ ਤੇ ਸਰਕਾਰ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। 

ਹੇਮਾ ਨੇ 'ਜੈ ਜਵਾਨ-ਜੈ ਕਿਸਾਨ ਤੋਂ ਆਪਣਾ ਸੰਦੇਸ਼ ਸੁਰੂ ਕਰਦਿਆਂ ਕਿਹਾ, "ਜਿਵੇਂ ਜਵਾਨ ਇਸ ਦੇਸ਼ ਦੀ ਰੱਖਿਆ ਕਰਦਾ ਹੈ, ਉਵੇਂ ਹੀ ਕਿਸਾਨ ਸਾਨੂੰ ਅੰਨ ਦਿੰਦਾ ਹੈ। ਸਾਡੀ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਬੀਤੇ ਛੇ ਸਾਲਾਂ ਦੌਰਾਨ ਦੇਸ਼ ਦੇ ਕਿਸਾਨਾਂ ਨੂੰ ਖੁਸ਼ਹਾਲੀ ਵੱਲ ਲਿਜਾਣ ਲਈ ਅਨੇਕਾਂ ਕਦਮ ਚੁੱਕੇ ਹਨ।"ਇਸ ਦੇ ਨਾਲ ਹੀ ਹੇਮਾ ਮਾਲਿਨੀ ਨੇ ਮੋਦੀ ਦਾ ਵੀ ਧੰਨਵਾਦ ਕੀਤਾ ਹੈ। 

ਉਨ੍ਹਾਂ ਦਾਅਵਾ ਕੀਤਾ ਕਿ ਖੇਤੀ ਸੁਧਾਰ ਕਾਨੂੰਨਾਂ ਨੇ ਹੀ ਕਿਸਾਨਾਂ ਨੂੰ ਬਿਹਤਰ ਵਿਕਲਪ ਦਿੱਤੇ ਹਨ। ਜਿੱਥੇ ਸਹੀ ਭਾਅ ਮਿਲੇ ਕਿਸਾਨ ਉੱਥੇ ਆਪਣੀ ਫ਼ਸਲ ਵੇਚ ਸਕਦੇ ਹਨ। ਉਨ੍ਹਾਂ ਕਿਹਾ ਦੇਸ਼ ਦੇ ਕਿਸਾਨਾਂ ਨੂੰ ਅੱਜ ਖੇਤੀ ਸੁਧਾਰ ਜ਼ਰੀਏ ਜ਼ਿਆਦਾ ਅਧਿਕਾਰ ਮਿਲ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀ ਦੇ ਸ਼ੁਕਰਗੁਜ਼ਾਰ ਹਾਂ। ਨਵੇਂ ਕਾਨੂੰਨ ਕਿਸਾਨਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣਗੇ।