‘ਸਮਝ ਨਹੀਂ ਆਉਂਦੀ ਕਿ ਲੋਕ ਕਿਉਂ ਬਦਲ ਜਾਂਦੇ ਨੇ?’, ਫ਼ਿਲਮ ਡਾਇਰੈਕਟਰ ਗੁੱਡੂ ਧਨੋਆ ਨੇ ਦਿਲਜੀਤ ਦੋਸਾਂਝ ਤੋਂ ਦੂਰੀਆਂ ਦਾ ਸੰਕੇਤ ਦਿਤਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਗੁੱਡੂ ਧਨੋਆ ਨੇ ਦਿਲਜੀਤ ਦੇ ਅਦਾਕਾਰੀ ਕਰੀਅਰ ਨੂੰ ਮੁੱਖ ਧਾਰਾ ਦੇ ਸਿਨੇਮਾ ’ਚ ਲਾਂਚ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ

Daljit Dosanjh and Guddu Dhanoa

ਚੰਡੀਗੜ੍ਹ : ‘ਦੀਵਾਨਾ’ ਅਤੇ ‘ਸਲਾਖੇਂ’ ਵਰਗੀਆਂ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰਨ ਲਈ ਜਾਣੇ ਜਾਂਦੇ ਫਿਲਮ ਨਿਰਮਾਤਾ ਗੁੱਡੂ ਧਨੋਆ ਨੇ ਹਾਲ ਹੀ ’ਚ ਦਿਲਜੀਤ ਦੋਸਾਂਝ ਬਾਰੇ ਅਪਣੀਆਂ ਟਿਪਣੀਆਂ ਨਾਲ ਸੁਰਖ਼ੀਆਂ ’ਚ ਹਨ। ਫਿਲਮ ‘ਦਿ ਲਾਇਨ ਆਫ ਪੰਜਾਬ’ ’ਚ ਦਿਲਜੀਤ ਨੂੰ ਪਹਿਲਾ ਵੱਡਾ ਬ੍ਰੇਕ ਦੇਣ ਵਾਲੇ ਧਨੋਆ ਨੇ ‘ਫ੍ਰਾਈਡੇ ਟਾਕੀਜ਼’ ਨੂੰ ਦਿਤੇ ਇੰਟਰਵਿਊ ਦੌਰਾਨ ਦਿਲਜੀਤ ਤੋਂ ਅਪਣੀਆਂ ਦੂਰੀਆਂ ਦਾ ਸੰਕੇਤ ਦਿਤਾ।

ਜਦੋਂ ਦਿਲਜੀਤ ਦਾ ਵਿਸ਼ਾ ਆਇਆ ਤਾਂ ਧਨੋਆ ਨੇ ਤਿੱਖਾ ਜਵਾਬ ਦਿਤਾ, ‘‘ਛੱਡੋ, ਕੁੱਝ ਸਕਾਰਾਤਮਕ ਲੋਕਾਂ, ਅਸਲ ਲੋਕਾਂ, ਚੰਗੇ ਲੋਕਾਂ ਬਾਰੇ ਗੱਲ ਕਰੀਏ।’’ ਇਸ ਪ੍ਰਤੀਕਿਰਿਆ ਨੇ ਕਈਆਂ ਦਾ ਧਿਆਨ ਖਿੱਚਿਆ ਹੈ। ਖ਼ਾਸਕਰ ਇਹ ਵੇਖਦੇ  ਹੋਏ ਕਿ ਧਨੋਆ ਨੇ ਦਿਲਜੀਤ ਦੇ ਅਦਾਕਾਰੀ ਕਰੀਅਰ ਨੂੰ ਮੁੱਖ ਧਾਰਾ ਦੇ ਸਿਨੇਮਾ ’ਚ ਲਾਂਚ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਈ। ਉਨ੍ਹਾਂ ਦੀਆਂ ਟਿਪਣੀਆਂ ਅਸੰਤੁਸ਼ਟੀ ਦੀ ਭਾਵਨਾ ਵਲ  ਇਸ਼ਾਰਾ ਕਰਦੀਆਂ ਜਾਪਦੀਆਂ ਸਨ, ਹਾਲਾਂਕਿ ਉਨ੍ਹਾਂ ਨੇ ‘ਦਿ ਲਾਇਨ ਆਫ ਪੰਜਾਬ’ ਸਟਾਰ ਪ੍ਰਤੀ ਅਪਣੀਆਂ ਭਾਵਨਾਵਾਂ ਬਾਰੇ ਬਹੁਤਾ ਵਿਸਥਾਰ ਨਾਲ ਨਹੀਂ ਦਸਿਆ।

ਫਿਲਮ ਨਿਰਮਾਤਾ ਨੇ ਉਦਯੋਗ ’ਚ ਪ੍ਰਸਿੱਧੀ ਦੀ ਕਿਸਮ ’ਤੇ ਵੀ ਗੱਲਾਂ ਕੀਤੀਆਂ। ਉਨ੍ਹਾਂ ਨੇ ਗਾਇਕਾ ਸੁਨਿਧੀ ਚੌਹਾਨ ਨਾਲ ਅਪਣੇ  ਤਜ਼ਰਬੇ ਨੂੰ ਸਾਂਝਾ ਕਰਦਿਆਂ ਦਸਿਆ  ਕਿ ਕਿਵੇਂ ‘ਬਿਛੂ’ ਦੀ ਸ਼ੂਟਿੰਗ ਦੌਰਾਨ 14-15 ਸਾਲ ਦੀ ਸੁਨਿਧੀ ਨੇ ਫਿਲਮ ਲਈ ‘ਏਕ ਵਾਰੀ ਤਕ ਲੇ’ ਗਾਇਆ ਸੀ। ਧਨੋਆ ਨੇ ਸਾਂਝਾ ਕੀਤਾ ਕਿ ਉਸ ਨੇ  ਇਕ  ਵਾਰ ਉਸ ਦੇ ਪੈਰ ਛੂਹ ਕੇ ਬਹੁਤ ਸਤਿਕਾਰ ਵਿਖਾਇਆ ਸੀ, ਪਰ ਸਾਲਾਂ ਬਾਅਦ, ਉਹ ਦੂਰ ਹੋ ਗਈ। 

ਧਨੋਆ ਨੇ ਕਿਹਾ, ‘‘ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਕਿਉਂ ਬਦਲਦੇ ਹਨ। ਮੈਂ ਅਪਣੀ ਪੂਰੀ ਜ਼ਿੰਦਗੀ ’ਚ ਕਈ ਤਰ੍ਹਾਂ ਦੇ ਲੋਕਾਂ ਨੂੰ ਮਿਲਿਆ ਹਾਂ।’’ ਉਸ ਨੇ  ਅੱਗੇ ਪ੍ਰਗਟਾਵਾ  ਕੀਤਾ ਕਿ ਜਦੋਂ ਉਨ੍ਹਾਂ ਹਾਲ ਹੀ ’ਚ ਸੁਨਿਧੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਦੀ ਕਾਲ ਦਾ ਜਵਾਬ ਤਕ ਨਹੀਂ ਦਿਤਾ, ਜੋ ਉਨ੍ਹਾਂ ਵਿਚਕਾਰ ਪਹਿਲਾਂ ਦੀ ਨਿੱਘ ਦੇ ਬਿਲਕੁਲ ਉਲਟ ਸੀ।

ਹਾਲਾਂਕਿ, ਧਨੋਆ ਨੇ ਇਸ ਗੱਲ ’ਤੇ  ਜ਼ੋਰ ਦੇਣਾ ਯਕੀਨੀ ਬਣਾਇਆ ਕਿ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਉਦਯੋਗ ’ਚ ਹਰ ਕੋਈ ਨਹੀਂ ਬਦਲਦਾ। ਉਨ੍ਹਾਂ ਨੇ ਸ਼ਾਹਰੁਖ ਖਾਨ, ਪ੍ਰਿਯੰਕਾ ਚੋਪੜਾ, ਵਿਦਿਆ ਬਾਲਨ, ਅਕਸ਼ੈ ਕੁਮਾਰ ਅਤੇ ਸੰਨੀ ਦਿਓਲ ਵਰਗੇ ਸਿਤਾਰਿਆਂ ਦੀ ਸ਼ਲਾਘਾ ਕੀਤੀ। 

ਜ਼ਿਕਰਯੋਗ ਹੈ ਕਿ ‘ਦਿ ਲਾਇਨ ਆਫ ਪੰਜਾਬ’ ਨਾਲ ਦਿਲਜੀਤ ਦੋਸਾਂਝ ਨੇ ਮੁੱਖ ਧਾਰਾ ਦੇ ਪੰਜਾਬੀ ਸਿਨੇਮਾ ’ਚ ਬਤੌਰ ਮੁੱਖ ਅਦਾਕਾਰ ਕਦਮ ਰਖਿਆ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ ’ਤੇ  ਫਲਾਪ ਰਹੀ ਸੀ, ਪਰ ਇਸ ਨੇ ਅਪਣੇ ਗੀਤ ‘ਲੱਕ 28 ਕੁੜੀ ਦਾ’ ਨਾਲ ਸਫਲਤਾ ਪ੍ਰਾਪਤ ਕੀਤੀ, ਜੋ ਵੱਡੀ ਹਿੱਟ ਰਿਹਾ। ਫਿਲਮ ਦੀ ਵਪਾਰਕ ਨਿਰਾਸ਼ਾ ਦੇ ਬਾਵਜੂਦ, ਇਹ ਦਿਲਜੀਤ ਦੇ ਕਰੀਅਰ ’ਚ ਇਕ  ਮਹੱਤਵਪੂਰਣ ਕਦਮ ਸੀ, ਅਤੇ ਇਹ ਫਿਲਮ ਹਮੇਸ਼ਾ ਫਿਲਮ ਇੰਡਸਟਰੀ ’ਚ ਉਸ ਦੀ  ਐਂਟਰੀ ਵਜੋਂ ਯਾਦ ਕੀਤੀ ਜਾਵੇਗੀ।