ਬਾਕਸ ਆਫ਼ਿਸ ’ਤੇ ਛਾਈ ਮੰਦੀ, ‘ਇਹ ਸਾਲ ਪੂਰੀ ਤਰ੍ਹਾਂ ਬਰਬਾਦ ਹੋ ਗਿਆ’

ਏਜੰਸੀ

ਮਨੋਰੰਜਨ, ਬਾਲੀਵੁੱਡ

ਈਦ ਮੌਕੇ ਵੀ ‘ਬੜੇ ਮੀਆਂ ਛੋਟੇ ਮੀਆਂ’ ਅਤੇ ‘ਮੈਦਾਨ’ ਦੀ ਮਾੜੀ ਕਾਰਗੁਜ਼ਾਰੀ ਸਿਨੇਮਾ ਕਾਰੋਬਾਰ ਨੂੰ ਪ੍ਰਭਾਵਤ ਕਰ ਰਹੀ ਹੈ

Representative Image.

ਮੁੰਬਈ: ਤਿਉਹਾਰ ਮੌਕੇ ਰਿਲੀਜ਼ ਹੋਈਆਂ ਬਾਲੀਵੁੱਡ ਦੀਆਂ ਦੋ ਵੱਡੀਆਂ ਫਿਲਮਾਂ ‘ਬੜੇ ਮੀਆਂ ਛੋਟੇ ਮੀਆਂ’ ਅਤੇ ‘ਮੈਦਾਨ’ ਬਾਕਸ ਆਫਿਸ ’ਤੇ ਫਲਾਪ ਹੋ ਗਈਆਂ ਹਨ, ਜਿਸ ਕਾਰਨ ਸਿਨੇਮਾ ਕਾਰੋਬਾਰ ਨੂੰ ਇਸ ਦਾ ਨੁਕਸਾਨ ਝਲਣਾ ਪੈ ਰਿਹਾ ਹੈ। 

ਹਿੰਦੀ ਫ਼ਿਲਮਾਂ ਦੇ ਅਦਾਕਾਰ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਦੀ ‘ਬੜੇ ਮੀਆਂ ਛੋਟੇ ਮੀਆਂ’ ਅਤੇ ਅਜੈ ਦੇਵਗਨ ਦੀ ‘ਮੈਦਾਨ’ ਈਦ ਦੇ ਮੌਕੇ ’ਤੇ ਰਿਲੀਜ਼ ਹੋਈਆਂ ਸਨ ਪਰ ਇਹ ਫਿਲਮਾਂ ਜ਼ਿਆਦਾ ਕਮਾਈ ਨਹੀਂ ਕਰ ਸਕੀਆਂ। 

ਬਿਹਾਰ ਦੇ ਸਿਨੇਮਾ ਹਾਲ ਦੇ ਮਾਲਕ ਵਿਸ਼ੇਕ ਚੌਹਾਨ ਨੇ ਕਿਹਾ ਕਿ ਵਿੱਤੀ ਸਾਲ ਦੀ ਪਹਿਲੀ ਅਤੇ ਦੂਜੀ ਤਿਮਾਹੀ ’ਚ ਸਥਿਤੀ ਚਿੰਤਾਜਨਕ ਹੈ। ਚੌਹਾਨ ਨੇ ਕਿਹਾ, ‘‘ਜਦੋਂ ਕੋਈ ਫਿਲਮ ‘ਹਾਊਸਫੁੱਲ’ ਚੱਲਦੀ ਹੈ ਤਾਂ ਉਹ ਕਮਾਈ ਕਰਦੀ ਹੈ। ਲਗਭਗ 90 ਫ਼ੀ ਸਦੀ ਕਾਰੋਬਾਰ ਮੰਦਾ ਹੈ। ਇਹ ਸਾਲ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਸੀ। ਇਸ ਦੇ ਵਿਰੁਧ ਸਿਨੇਮਾ ਹਾਲ ਸੰਚਾਲਕਾਂ ’ਚ ਨਿਰਾਸ਼ਾ ਹੈ। ਸਿਨੇਮਾ ਹਾਲ ਚਲਾਉਣ ਦੀ ਲਾਗਤ ਲਗਭਗ 30 ਹਜ਼ਾਰ ਰੁਪਏ ਪ੍ਰਤੀ ਦਿਨ ਆਉਂਦੀ ਹੈ। ਸਾਨੂੰ ਪ੍ਰਤੀ ਦਿਨ ਘੱਟੋ-ਘੱਟ 1 ਲੱਖ ਰੁਪਏ ਦੇ ਕਾਰੋਬਾਰ ਦੀ ਜ਼ਰੂਰਤ ਹੈ ਪਰ ਇਸ ਸਮੇਂ ਵਿਕਰੀ ਸਿਰਫ 5,000 ਤੋਂ 15,000 ਰੁਪਏ ਹੈ। ਇਸ ਲਈ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਥਿਤੀ ਕੀ ਹੋਵੇਗੀ।’’

ਸਿਰਫ ਇਹ ਦੋਵੇਂ ਬਾਲੀਵੁੱਡ ਫਿਲਮਾਂ ਹੀ ਨਹੀਂ, ਬਲਕਿ ਸਾਲ ਦੀ ਪਹਿਲੀ ਤਿਮਾਹੀ ’ਚ ਆਈਆਂ ‘ਫਾਈਟਰ’ ਅਤੇ ‘ਯੋਧਾ’ ਵਰਗੀਆਂ ਵੱਡੇ ਬਜਟ ਦੀਆਂ ਫਿਲਮਾਂ ਨੇ ਵੀ ਖਰਾਬ ਪ੍ਰਦਰਸ਼ਨ ਕੀਤਾ। ਚੌਹਾਨ ਮੁਤਾਬਕ ਫਿਲਮ ‘ਫਾਈਟਰ’ ਨੇ ਘੱਟੋ-ਘੱਟ 25-27 ਕਰੋੜ ਰੁਪਏ ਦੀ ਕਮਾਈ ਕੀਤੀ ਸੀ। 

ਉਨ੍ਹਾਂ ਕਿਹਾ ਕਿ ਭਾਵੇਂ ਈਦ ਦੇ ਤਿਉਹਾਰ ’ਤੇ ਫਿਲਮ ਦੀ ਰਿਲੀਜ਼ ਫਿਲਮ ਇੰਡਸਟਰੀ ਲਈ ਫਾਇਦੇਮੰਦ ਸਾਬਤ ਹੁੰਦੀ ਹੈ ਪਰ ‘ਬੜੇ ਮੀਆਂ ਛੋਟੇ ਮੀਆਂ’ ਅਤੇ ‘ਮੈਦਾਨ’ ਦੀ ਅਸਫਲਤਾ ਕਾਰਨ ਇਹ ਫਿਲਮ ਇੰਡਸਟਰੀ ਲਈ ਨੁਕਸਾਨਦੇਹ ਸਾਬਤ ਹੋਈ ਹੈ। ਹਰ ਸਾਲ ਈਦ ਦੇ ਮੌਕੇ ’ਤੇ ਸਲਮਾਨ ਖਾਨ ਦੀ ਫਿਲਮ ਆਮ ਤੌਰ ’ਤੇ ਰਿਲੀਜ਼ ਹੁੰਦੀ ਹੈ ਪਰ ਇਸ ਵਾਰ ਉਨ੍ਹਾਂ ਦੀ ਕੋਈ ਵੀ ਫਿਲਮ ਰਿਲੀਜ਼ ਨਹੀਂ ਹੋਈ। 

ਉਨ੍ਹਾਂ ਕਿਹਾ, ‘‘ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਈਦ ਚੰਗੀ ਸਾਬਤ ਨਹੀਂ ਹੋਈ ਹੈ। ਅਸੀਂ ਈਦ ’ਤੇ ਟਾਈਗਰ ਸ਼ਰਾਫ ਦੀ ‘ਹੀਰੋਪੰਤੀ 2’ ਅਤੇ 2022 ’ਚ ਅਜੈ ਦੇਵਗਨ ਦੀ ‘ਰਨਵੇ 34’ ਨੂੰ ਛੱਡ ਕੇ ਇੰਨਾ ਨੁਕਸਾਨ ਕਦੇ ਨਹੀਂ ਝੱਲਿਆ।’’

ਬਾਕਸ ਆਫਿਸ ਟਰੈਕਿੰਗ ਵੈੱਬਸਾਈਟ ਸਕਨਿਕ ਮੁਤਾਬਕ 300 ਕਰੋੜ ਰੁਪਏ ਤੋਂ ਵੱਧ ਦੇ ਬਜਟ ਨਾਲ ਬਣੀ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਨੇ ਭਾਰਤ ’ਚ 72 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸੇ ਤਰ੍ਹਾਂ 200 ਕਰੋੜ ਰੁਪਏ ਤੋਂ ਵੱਧ ਦੇ ਬਜਟ ’ਚ ਬਣੀ ‘ਮੈਦਾਨ’ ਨੇ ਭਾਰਤ ’ਚ 51 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਮੱਧ ਭਾਰਤ ਦੇ ਕੁੱਝ ਸਿਨੇਮਾਘਰਾਂ ਦੇ ਮਾਲਕ ਅਕਸ਼ੈ ਰਾਠੀ ਦਾ ਕਹਿਣਾ ਹੈ ਕਿ ਇਸ ਸਾਲ ਵੱਡੇ ਬਜਟ ਦੀਆਂ ਫਿਲਮਾਂ ਨੇ ਪਿਛਲੇ ਸਾਲ ਦੀਆਂ ਹਿੱਟ ਫਿਲਮਾਂ ‘ਪਠਾਨ’, ‘ਜਵਾਨ’, ‘ਗਦਰ 2’ ਅਤੇ ‘ਐਨੀਮਲ’ ਵਾਂਗ ਬਾਕਸ ਆਫਿਸ ’ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। 

ਰਾਠੀ ਨੇ ਪੀ.ਟੀ.ਆਈ. ਨੂੰ ਦਸਿਆ, ‘‘ਵਪਾਰ ’ਚ ਭਾਰੀ ਕਮੀ ਆਈ ਹੈ। ਸਥਿਤੀ ਪਿਛਲੇ ਸਾਲ ਨਾਲੋਂ ਬਹੁਤ ਬਦਤਰ ਰਹੀ ਹੈ। ਇਸ ਸਾਲ ਰਿਲੀਜ਼ ਹੋ ਰਹੀਆਂ ਫਿਲਮਾਂ ਦਰਸ਼ਕਾਂ ਨੂੰ ਪਸੰਦ ਨਹੀਂ ਆ ਰਹੀਆਂ। ਦਰਸ਼ਕ ਅਜਿਹੀਆਂ ਫਿਲਮਾਂ ਵੇਖਣ ਆਏ ਹਨ ਜਿਨ੍ਹਾਂ ਦੀ ਕਹਾਣੀ ਚੰਗੀ ਹੈ, ਚਾਹੇ ਉਹ ਸ਼ੈਤਾਨ ਹੋਵੇ ਜਾਂ ਮਿਸਿੰਗ ਲੇਡੀਜ਼। ਜਿਸ ਤਰੀਕੇ ਨਾਲ ਅਸੀਂ ਕਹਾਣੀ ਪੇਸ਼ ਕਰਦੇ ਹਾਂ ਉਸ ’ਚ ਸਾਨੂੰ ਸਿਰਜਣਾਤਮਕ ਹੋਣ ਦੀ ਲੋੜ ਹੈ।’’ ਚੌਹਾਨ ਨੇ ਖਦਸ਼ਾ ਜ਼ਾਹਰ ਕੀਤਾ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਬਾਵਜੂਦ ਦੂਜੀ ਤਿਮਾਹੀ ’ਚ ਸਥਿਤੀ ਗੰਭੀਰ ਬਣੀ ਰਹਿ ਸਕਦੀ ਹੈ।