ਮੂਸੇਵਾਲਾ ਕਤਲ ਮਾਮਲਾ: ਬਾਲੀਵੁੱਡ ਜਗਤ ਵਿਚ ਵੀ ਸੋਗ, ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਪ੍ਰਗਟਾਈ  ਚਿੰਤਾ 

ਏਜੰਸੀ

ਮਨੋਰੰਜਨ, ਬਾਲੀਵੁੱਡ

ਸਾਰੇ ਕਲਾਕਾਰਾਂ ਨੇ ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। 

Sidhu Moose Wala

 

ਮੁੰਬਈ - ਐਤਵਾਰ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਨਾਲ ਬਾਲੀਵੁੱਡ ਅਤੇ ਸੰਗੀਤ ਜਗਤ ਸੋਗ 'ਚ ਹੈ। ਮਾਨਸਾ ਦੇ ਪਿੰਡ ਜਵਾਹਰਕੇ 'ਚ ਮੂਸੇਵਾਲਾ ਦੇ ਕਤਲ 'ਤੇ ਬਾਲੀਵੁੱਡ ਸਿਤਾਰੇ ਅਜੇ ਦੇਵਗਨ, ਕੰਗਨਾ ਰਣੌਤ, ਜ਼ਰੀਨ ਖਾਨ, ਸ਼ਰਦ ਕੇਲਕਰ, ਕਾਮੇਡੀਅਨ ਕਪਿਲ ਸ਼ਰਮਾ, ਗਾਇਕਾ ਹਰਸ਼ਦੀਪ ਕੌਰ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਦਿਲਜੀਤ ਦੋਸਾਂਝ, ਬੱਬੂ ਮਾਨ, ਐਮੀ ਵਿਰਕ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। AK-47 ਨਾਲ ਗੋਲੀਬਾਰੀ ਕਰਕੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਗੈਵੀ ਸੰਧੂ ਸਮੇਤ ਕਈ ਕਲਾਕਾਰਾਂ ਨੇ ਵੀ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਹਨ।

ਸਿੱਧੂ ਮੂਸੇਵਾਲਾ ਸਿਰਫ਼ 28 ਸਾਲ ਦੀ ਉਮਰ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਿਖਰ 'ਤੇ ਪਹੁੰਚ ਗਏ ਸਨ। ਪੰਜਾਬ ਅਤੇ ਦੇਸ਼ ਭਰ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਉਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ ਸੀ। ਅਜਿਹੇ 'ਚ ਉਨ੍ਹਾਂ ਦੇ ਕਤਲ ਨੇ ਪੂਰੀ ਫਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਾਰੇ ਕਲਾਕਾਰਾਂ ਨੇ ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। 

ਸੰਗੀਤਕਾਰ ਸਲੀਮ ਮਰਚੈਂਟ, ਵਿਸ਼ਾਲ ਡਡਲਾਨੀ, ਫ਼ਿਲਮ ਆਲੋਚਕ ਕੇਆਰਕੇ ਤੋਂ ਇਲਾਵਾ ਕ੍ਰਿਕਟਰ ਸ਼ਿਖਰ ਧਵਨ ਅਤੇ ਕ੍ਰਿਕਟਰ ਸਿਆਸਤਦਾਨ ਹਰਭਜਨ ਸਿੰਘ ਨੇ ਵੀ ਮੂਸੇਵਾਲਾ ਦੇ ਕਤਲ 'ਤੇ ਅਫਸੋਸ ਪ੍ਰਗਟ ਕੀਤਾ ਹੈ। ਪੰਜਾਬ ਨਾਲ ਜੁੜੇ ਕਈ ਕਲਾਕਾਰਾਂ ਨੇ ਮੂਸੇਵਾਲਾ ਦੀ ਘਟੀ ਸੁਰੱਖਿਆ 'ਤੇ ਸਵਾਲ ਉਠਾਉਂਦੇ ਹੋਏ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਚਿੰਤਾ ਪ੍ਰਗਟਾਈ ਹੈ।