‘ਆਦਿਪੁਰਸ਼’ ਫ਼ਿਲਮ ਵਿਵਾਦ ਦੇ ਵਿਚਕਾਰ ਟੀ.ਵੀ. ਦੀ ਦੁਨੀਆਂ ਵਿਚ ਵਾਪਸੀ ਕਰਨ ਜਾ ਰਹੀ ਹੈ ਰਾਮਾਨੰਦ ਸਾਗਰ ਦੀ "ਰਾਮਾਇਣ"

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

3 ਜੁਲਾਈ ਤੋਂ ਇਸ ਧਾਰਾਵਾਹਿਕ ਦਾ ਮੁੜ ਟੈਲੀਕਾਸਟ ਸ਼ੁਰੂ ਹੋਣ ਵਾਲਾ ਹੈ

photo

 

ਚੰਡੀਗੜ੍ਹ (ਮੁਸਕਾਨ ਢਿੱਲੋਂ) : ਓਮ ਰਾਉਤ ਦੁਆਰਾ ਨਿਰਦੇਸ਼ਿਤ ਵਿਵਾਦਾਂ ਨਾਲ ਘਿਰੀ ਫ਼ਿਲਮ ‘ਆਦਿਪੁਰਸ਼’ ਜੋ 16 ਜੂਨ ਨੂੰ ਰਿਲੀਜ਼ ਹੋਈ ਸੀ, ਆਪਣੇ ਮੁਸ਼ਕਿਲ ਦੌਰ ਤੋਂ ਗੁਜ਼ਰ ਰਹੀ ਹੈ। ਦਰਸ਼ਕ ਇਸ ਫ਼ਿਲਮ ਦੀ ਤੁਲਨਾ ਰਾਮਾਨੰਦ ਸਾਗਰ ਦੀ ‘ਰਾਮਾਇਣ’ ਨਾਲ ਕਰ ਰਹੇ ਹਨ। 

ਵਿਸ਼ਨੂੰ ਗੁਪਤਾ ਨੇ ਪਟੀਸ਼ਨ 'ਚ ਕਿਹਾ, 'ਫਿਲਮ 'ਚ ਦੇਵਤਿਆਂ ਨੂੰ ਗਲਤ ਤਰੀਕੇ ਨਾਲ ਦਰਸਾਇਆ ਗਿਆ ਹੈ, ਜੋ ਕਿ ਇਤਰਾਜ਼ਯੋਗ ਹੈ। ਇਸ ਲਈ ਅਜਿਹੀ ਫ਼ਿਲਮ ਦੀ ਸਕ੍ਰੀਨਿੰਗ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

ਹੁਣ ਰਾਮਾਨੰਦ ਸਾਗਰ ਦਾ ਪ੍ਰਸਿੱਧ ਹਿੰਦੀ ਟੀ.ਵੀ. ਸ਼ੋਅ 'ਰਾਮਾਇਣ' ਪ੍ਰਸ਼ੰਸਕਾਂ ਲਈ ਪਰਦੇ 'ਤੇ ਵਾਪਸੀ ਕਰ ਰਿਹਾ ਹੈ। ਦਸ ਦੇਈਏ ਕਿ 3 ਜੁਲਾਈ ਤੋਂ ਇਸ ਧਾਰਾਵਾਹਿਕ ਦਾ ਮੁੜ ਟੈਲੀਕਾਸਟ ਸ਼ੁਰੂ ਹੋਣ ਵਾਲਾ ਹੈ।

ਸਮੇਂ ਵਿਚ ਥੋੜਾ ਪਿੱਛੇ ਜਾ ਕੇ ਯਾਦ ਕਰਦੇ ਹਾਂ ਉਨ੍ਹਾਂ ਦਿਨਾਂ ਨੂੰ ਜਦੋ ਘਰ-ਘਰ ਵਿਚ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ-ਨਿਰਦੇਸ਼ਕ ਰਾਮਾਨੰਦ ਸਾਗਰ ਦੀ "ਰਾਮਾਇਣ" ਮਸ਼ਹੂਰ ਸੀ। 90 ਦੇ ਦਹਾਕੇ ਦਾ ਚਰਚਿਤ ਧਾਰਾਵਾਹਿਕ  ‘ਰਾਮਾਇਣ ਉਸ ਦੌਰ ਵਿਚ ਟੀ.ਵੀ. ਦਾ ਸਭ ਤੋਂ ਵੱਡਾ ਸ਼ੋਅ ਰਿਹਾ ਹੈ। ਲੋਕ ਟੀ.ਵੀ. ਦੇ ਰਾਮ-ਸੀਤਾ ਨੂੰ ਭਗਵਾਨ ਦਾ ਦਰਜਾ ਦੇ ਕੇ ਅਸਲ ਜ਼ਿੰਦਗੀ ਵਿੱਚ ਪੂਜਣ ਲੱਗੇ ਸਨ। 

ਸ਼ੇਮਾਰੂ ਟੀ.ਵੀ. ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ 'ਤੇ ਇੱਕ ਛੋਟੀ ਕਲਿੱਪ ਸਾਂਝੀ ਕਰਦੇ ਹੋਏ ਸ਼ੋਅ ਨੂੰ ਦੁਬਾਰਾ ਚਲਾਉਣ ਦਾ ਐਲਾਨ ਕੀਤਾ ਹੈ। ਰਾਮਾਨੰਦ ਸਾਗਰ ਨੇ ਇਸ ਟੀ.ਵੀ. ਸੀਰੀਅਲ ਦੇ ਸਾਰੇ ਕਿਰਦਾਰਾਂ ਨੂੰ ਅਮਰ ਕਰ ਦਿਤਾ ਹੈ।

ਹਿੰਦੀ ਮਨੋਰੰਜਨ ਚੈਨਲ ਸ਼ੇਮਾਰੂ ਟੀ.ਵੀ. ਦੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਨੇ ਟੀ.ਵੀ. ਸ਼ੋਅ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਅਤੇ ਲਿਖਿਆ  "ਵਿਸ਼ਵ ਪ੍ਰਸਿੱਧ ਮਿਥਿਹਾਸਕ ਸੀਰੀਅਲ ਰਾਮਾਇਣ ਸਾਰੇ ਪ੍ਰਸ਼ੰਸਕਾਂ ਅਤੇ ਸਾਡੇ ਦਰਸ਼ਕਾਂ ਲਈ ਵਾਪਸ ਆ ਗਿਆ ਹੈ। ਇਸ ਨੂੰ 3 ਜੁਲਾਈ, ਸ਼ਾਮ 7.30 ਵਜੇ, ਆਪਣੇ ਪਸੰਦੀਦਾ ਚੈਨਲ ਸ਼ੈਮਾਰੂ ਟੀ.ਵੀ. 'ਤੇ ਦੇਖੋ। 

ਰਾਮਾਨੰਦ ਸਾਗਰ ਦੀ 'ਰਾਮਾਇਣ' ਦਾ ਪਹਿਲਾ ਭਾਗ ਡੀ.ਡੀ. ਨੈਸ਼ਨਲ 'ਤੇ 25 ਜਨਵਰੀ 1987 ਨੂੰ ਪ੍ਰਸਾਰਿਤ ਹੋਇਆ ਸੀ। ਹਰ ਐਪੀਸੋਡ 35 ਮਿੰਟ ਦਾ ਸੀ। ਆਖ਼ਰੀ ਐਪੀਸੋਡ 31 ਜੁਲਾਈ 1988 ਨੂੰ ਦੇਖਿਆ ਗਿਆ। ਭਾਰਤ ਤੋਂ ਇਲਾਵਾ ਇਹ ਸੀਰੀਅਲ 55 ਦੇਸ਼ਾਂ ਵਿਚ ਟੈਲੀਕਾਸਟ ਹੋਇਆ ਸੀ। ਉਸ ਸਮੇਂ ਇਹ ਸੀਰੀਅਲ ਏਨਾ ਮਸ਼ਹੂਰ ਸੀ ਕਿ ਸੜਕਾਂ 'ਤੇ ਸੰਨਾਟਾ ਛਾ ਜਾਂਦਾ ਸੀ ਤੇ ਲੋਕ ਟੀ.ਵੀ. ਅੱਗੇ ਸੀਰੀਅਲ ਨਾਲ ਜੁੜ ਕੇ ਬਹਿ ਜਾਂਦੇ ਸਨ।