ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੇ ਫ਼ੈਨਸ ਲਈ ਬੁਰੀ ਖ਼ਬਰ, ਫਿਲਮ ਦੇ ਸੈੱਟ 'ਤੇ ਲੱਗੀ ਅੱਗ

ਏਜੰਸੀ

ਮਨੋਰੰਜਨ, ਬਾਲੀਵੁੱਡ

ਸ਼ਰਧਾ ਕਪੂਰ ਅਤੇ ਰਣਬੀਰ ਕਪੂਰ ਦੀ ਫਿਲਮ ਦੇ ਗੀਤ ਦੀ ਸ਼ੂਟਿੰਗ ਅੰਧੇਰੀ ਵੈਸਟ ਦੇ ਚਿਤਰਕੂਟ ਸਟੂਡੀਓ 'ਚ ਹੋਣੀ ਸੀ

One dead in fire on set of Ranbir Kapoor and Shraddha Kapoor's film

 

ਮੁੰਬਈ - ਸ਼ੁੱਕਰਵਾਰ 29 ਜੁਲਾਈ ਨੂੰ ਲਵ ਰੰਜਨ ਦੀ ਅਨਟਾਈਟਲ ਫਿਲਮ ਦੇ ਸੈੱਟ 'ਤੇ ਅੱਗ ਲੱਗ ਗਈ। ਤਾਜ਼ਾ ਰਿਪੋਰਟਾਂ ਅਨੁਸਾਰ ਇਸ ਵਿਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਸ਼ਰਧਾ ਕਪੂਰ ਅਤੇ ਰਣਬੀਰ ਕਪੂਰ ਦੀ ਫਿਲਮ ਦੇ ਗੀਤ ਦੀ ਸ਼ੂਟਿੰਗ ਅੰਧੇਰੀ ਵੈਸਟ ਦੇ ਚਿਤਰਕੂਟ ਸਟੂਡੀਓ 'ਚ ਹੋਣੀ ਸੀ। ਲਵ ਰੰਜਨ ਦੇ ਸੈੱਟ ਦੇ ਨਾਲ ਹੀ ਰਾਜਸ਼੍ਰੀ ਪ੍ਰੋਡਕਸ਼ਨ ਦੇ ਸੈੱਟ ਨੂੰ ਵੀ ਅੱਗ ਲੱਗ ਗਈ।

ਸਿਵਲ ਅਧਿਕਾਰੀਆਂ ਨੇ ਦੱਸਿਆ ਕਿ ਮਨੀਸ਼ ਦੇਵਾਸੀ ਅੱਗ ਵਿਚ ਜ਼ਖ਼ਮੀ ਹੋ ਗਿਆ। ਮਨੀਸ਼ ਨੂੰ ਤੁਰੰਤ ਸਿਵਲ ਰਨ ਕੂਪਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਨੀਸ਼ ਦੀ ਉਮਰ 33 ਸਾਲ ਸੀ। ਫੈਡਰੇਸ਼ਨ ਆਫ ਇੰਡੀਅਨ ਸਿਨੇ ਇੰਪਲਾਈਜ਼ ਦੇ ਜਨਰਲ ਸਕੱਤਰ ਅਸ਼ੋਕ ਦੂਬੇ ਨੇ ਦੱਸਿਆ ਕਿ ਲਵ ਰੰਜਨ ਦੇ ਸੈੱਟ 'ਤੇ ਲਾਈਟਿੰਗ ਦਾ ਕੰਮ ਦੇਖ ਰਹੇ ਇਕ ਵਿਅਕਤੀ ਨੂੰ ਵੀ ਕਈ ਸੱਟਾਂ ਲੱਗੀਆਂ ਹਨ।

ਪੰਡਾਲ ਵਿਚ ਲੱਕੜ ਦੀਆਂ ਕੁਝ ਚੀਜ਼ਾਂ ਰੱਖੀਆਂ ਹੋਈਆਂ ਸਨ, ਜਿੱਥੋਂ ਅੱਗ ਲੱਗੀ। ਹਾਲਾਂਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਇਸ ਦੌਰਾਨ ਅਸ਼ੋਕ ਦੂਬੇ ਦਾ ਕਹਿਣਾ ਹੈ ਕਿ ਇਹ ਅੱਗ ਸੈੱਟ ਲਗਾਉਣ ਵਾਲੇ ਠੇਕੇਦਾਰ ਦੀ ਗਲਤੀ ਕਾਰਨ ਲੱਗੀ ਹੈ ਕਿਉਂਕਿ ਡੇਢ ਸਾਲ ਪਹਿਲਾਂ ਬੰਗੜ ਨਗਰ ਵਿਚ ਜਿਸ ਫਿਲਮ ਦੇ ਸੈੱਟ ਨੂੰ ਅੱਗ ਲੱਗੀ ਸੀ ਉਹ ਵੀ ਇਸੇ ਠੇਕੇਦਾਰ ਵੱਲੋਂ ਲਗਾਇਆ ਗਿਆ ਸੀ। ਅਸ਼ੋਕ ਦੂਬੇ ਨੇ ਕਿਹਾ, "ਫਿਲਮ ਦੇ ਸੈੱਟਾਂ 'ਤੇ ਅੱਗ ਲੱਗਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਸਾਨੂੰ ਸਮਝ ਨਹੀਂ ਆ ਰਿਹਾ ਕਿ ਨਗਰ ਨਿਗਮ ਕਿਸ ਆਧਾਰ 'ਤੇ ਸੈੱਟ ਬਣਾਉਣ ਦੀ ਇਜਾਜ਼ਤ ਦਿੰਦਾ ਹੈ। ਸੈੱਟ ਬਣਾਉਣ ਵੇਲੇ ਫਾਇਰ ਸੇਫਟੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।"

ਲਵ ਰੰਜਨ ਦੀ ਫਿਲਮ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਹੇ ਨਿਰਮਾਤਾ ਬੋਨੀ ਕਪੂਰ ਨੇ ਕਿਹਾ ਕਿ ਜਦੋਂ ਅੱਗ ਲੱਗੀ ਤਾਂ ਸੈੱਟ 'ਤੇ ਸਿਰਫ ਲਾਈਟਿੰਗ ਦਾ ਕੰਮ ਚੱਲ ਰਿਹਾ ਸੀ। ਉਹ ਸ਼ਨੀਵਾਰ ਤੋਂ ਸ਼ੂਟਿੰਗ ਸ਼ੁਰੂ ਕਰਨ ਵਾਲੇ ਸਨ। ਇੱਕ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਸੰਨੀ ਦਿਓਲ ਦਾ ਛੋਟਾ ਪੁੱਤਰ ਰਾਜਵੀਰ ਰਾਜਸ਼੍ਰੀ ਪ੍ਰੋਡਕਸ਼ਨ ਵਿਚ ਆਪਣੇ ਬਾਲੀਵੁੱਡ ਡੈਬਿਊ ਦੀ ਤਿਆਰੀ ਕਰ ਰਿਹਾ ਸੀ। ਅੱਗ ਉਸ ਦੇ ਸੈੱਟ ਤੱਕ ਵੀ ਪਹੁੰਚ ਗਈ ਸੀ।