'ਮੁਗਲਾਂ ਨੇ ਦੇਸ਼ 'ਚ ਯੋਗਦਾਨ ਪਾਇਆ, ਉਨ੍ਹਾਂ ਨੂੰ ਸ਼ਰਨਾਰਥੀ ਕਿਹਾ ਜਾ ਸਕਦਾ ਹੈ' - ਨਸੀਰੂਦੀਨ
ਮੁਗਲ ਇਸ ਨੂੰ ਆਪਣਾ ਵਤਨ ਬਣਾਉਣ ਲਈ ਇੱਥੇ ਆਏ ਸਨ। ਜੇਕਰ ਤੁਸੀਂ ਚਾਹੋ ਤਾਂ ਉਨ੍ਹਾਂ ਨੂੰ ਸ਼ਰਨਾਰਥੀ(ਰਫਿਊਜੀ) ਕਹਿ ਸਕਦੇ ਹੋ।
ਮੁੰਬਈ - ਅਦਾਕਾਰ ਨਸੀਰੂਦੀਨ ਸ਼ਾਹ ਨੇ ਵਿਵਾਦਿਤ ਬਿਆਨ ਦੱਤਾ ਹੈ। ਉਹ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਅਦਾਕਾਰ ਨੇ ਇੱਕ ਵਾਰ ਫਿਰ ਅਜਿਹਾ ਬਿਆਨ ਦਿੱਤਾ ਹੈ, ਜਿਸ ਨੇ ਹੰਗਾਮਾ ਮਚਾ ਦਿੱਤਾ ਹੈ। ਨਸੀਰੂਦੀਨ ਨੇ ਇਕ ਸ਼ੋਅ ਦੌਰਾਨ ਕਿਹਾ 'ਮੁਗਲ ਰਫਿਊਜੀ ਹਨ'। ਇਹ ਵੀਡੀਓ ਸਾਹਮਣੇ ਆਉਂਦੇ ਹੀ ਯੂਜ਼ਰਸ ਨੇ ਨਸੀਰੂਦੀਨ ਸ਼ਾਹ ਦੀ ਕਾਫ਼ੀ ਅਲੋਚਨਾ ਕੀਤੀ।
ਨਸੀਰੂਦੀਨ ਸ਼ਾਹ ਨੇ ਇੰਟਰਵਿਊ 'ਚ ਇਹ ਵਿਵਾਦਿਤ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ - 'ਮੁਗਲਾਂ ਦੇ ਕਥਿਤ ਜ਼ੁਲਮਾਂ ਨੂੰ ਸਮੇਂ-ਸਮੇਂ 'ਤੇ ਉਜਾਗਰ ਕੀਤਾ ਜਾਂਦਾ ਹੈ। ਅਸੀਂ ਕਿਉਂ ਭੁੱਲ ਜਾਂਦੇ ਹਾਂ ਕਿ ਮੁਗਲ ਉਹੀ ਲੋਕ ਹਨ ਜਿਨ੍ਹਾਂ ਨੇ ਇਸ ਦੇਸ਼ ਲਈ ਯੋਗਦਾਨ ਪਾਇਆ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੇ ਦੇਸ਼ ਵਿਚ ਸਥਾਈ ਸਮਾਰਕਾਂ ਦੀ ਉਸਾਰੀ ਕੀਤੀ ਹੈ। ਜਿਨ੍ਹਾਂ ਦੇ ਸੱਭਿਆਚਾਰ ਵਿਚ ਨੱਚਣਾ, ਗਾਉਣਾ, ਚਿੱਤਰਕਾਰੀ, ਸਾਹਿਤ ਸ਼ਾਮਲ ਹੈ। ਮੁਗਲ ਇਸ ਨੂੰ ਆਪਣਾ ਵਤਨ ਬਣਾਉਣ ਲਈ ਇੱਥੇ ਆਏ ਸਨ। ਜੇਕਰ ਤੁਸੀਂ ਚਾਹੋ ਤਾਂ ਉਨ੍ਹਾਂ ਨੂੰ ਸ਼ਰਨਾਰਥੀ(ਰਫਿਊਜੀ) ਕਹਿ ਸਕਦੇ ਹੋ।
ਉਹਨਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਨਤਾ ਨੇ ਅਭਿਨੇਤਾ ਦੇ ਖਿਲਾਫ਼ ਬਹੁਤ ਕੁਝ ਕਿਹਾ। ਇਕ ਯੂਜ਼ਰ ਨੇ ਲਿਖਿਆ, 'ਤਾਂ ਕੀ ਮੁਗਲਾਂ ਤੋਂ ਪਹਿਲਾਂ ਸਾਡੇ ਕੋਲ ਕੋਈ ਆਰਕੀਟੈਕਚਰ ਨਹੀਂ ਸੀ? ਮੁਗਲ ਸ਼ਰਨਾਰਥੀ ਦੇ ਰੂਪ ਵਿੱਚ ਆਏ ਅਤੇ ਸਾਡੇ ਆਰਕੀਟੈਕਚਰ ਨੂੰ ਸੰਪੂਰਨ ਕਰਨ ਵਿੱਚ ਮਦਦ ਕੀਤੀ। ਪਤਾ ਨਹੀਂ ਭਾਰਤ ਵਿੱਚ ਮੁਗਲਾਂ ਨੇ ਇੰਨੇ ਸੁੰਦਰ ਮੰਦਰ ਬਣਾਏ ਹਨ।
ਦੱਸ ਦਈਏ ਕਿ ਨਸੀਰੂਦੀਨ ਸ਼ਾਹ ਪਹਿਲਾਂ ਹੀ ਆਪਣੇ ਵਿਵਾਦਿਤ ਬਿਆਨਾਂ ਕਾਰਨ ਵਿਵਾਦਾਂ ਵਿਚ ਘਿਰ ਚੁੱਕੇ ਹਨ। ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ 'ਤੇ ਲੋਕਾਂ ਦੀ ਪ੍ਰਤੀਕਿਰਿਆ 'ਤੇ ਆਪਣੀ ਰਾਏ ਦਿੱਤੀ ਸੀ। ਇੱਕ ਵੀਡੀਓ ਸ਼ੇਅਰ ਕਰਕੇ ਉਨ੍ਹਾਂ ਨੇ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਵਾਪਸੀ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਸਖ਼ਤ ਤਾੜਨਾ ਕੀਤੀ ਸੀ।